ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਹਿਲੇ ਵਿਸ਼ਵ ਯੁੱਧ `ਚ ਭਾਰਤੀ ਫ਼ੌਜੀਆਂ ਦਾ ਵੱਡਾ ਯੋਗਦਾਨ ਭੁਲਾ ਦਿੱਤਾ ਗਿਆ: ਕੈਪਟਨ

ਪਹਿਲੇ ਵਿਸ਼ਵ ਯੁੱਧ `ਚ ਭਾਰਤੀ ਫ਼ੌਜੀਆਂ ਦਾ ਵੱਡਾ ਯੋਗਦਾਨ ਭੁਲਾ ਦਿੱਤਾ ਗਿਆ: ਕੈਪਟਨ

‘ਹਿੰਦੁਸਤਾਨ ਟਾਈਮਜ਼ ਪੰਜਾਬੀ` ਦੇ ਪਾਠਕਾਂ ਲਈ ਅੱਜ ਪਹਿਲੇ ਵਿਸ਼ਵ ਯੁੱਧ ਦੀ ਸਮਾਪਤੀ ਦੇ ਸ਼ਤਾਬਦੀ ਜਸ਼ਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਿਖੀ ਪੁਸਤਕ ‘ਆਨਰ ਐਂਡ ਫਿ਼ਡੈਲਿਟੀ - ਇੰਡੀਆ`ਜ਼ ਮਿਲਟਰੀ ਕੰਟਰੀਬਿਊਸ਼ਨ ਟੂ ਦਿ ਗ੍ਰੇਟ ਵਾਰ 1914-18` (ਮਾਣ ਤੇ ਵਫ਼ਾਦਾਰੀ - ਵਿਸ਼ਵ ਯੁੱਧ 1914-18 ਵਿੱਚ ਭਾਰਤ ਦਾ ਫ਼ੌਜੀ ਯੋਗਦਾਨ) ਵਿੱਚੋਂ ਕੁਝ ਖ਼ਾਸ ਅੰਸ਼।

 


ਮੇਰਾ ਜਨਮ ਮੇਰੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਦੇ ਦੇਹਾਂਤ ਦੇ ਕੁਝ ਸਾਲਾਂ ਪਿੱਛੋਂ ਹੋਇਆ। ਮੈਂ ਭਾਵੇਂ ਉਨ੍ਹਾਂ ਦੇ ਨਿਜੀ ਤਜਰਬੇ ਉਨ੍ਹਾਂ ਦੀ ਜ਼ੁਬਾਨੀ ਨਹੀਂ ਸੁਣ ਸਕਿਆ ਪਰ ਮੇਰੇ ਪਿਤਾ ਜੀ ਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਮੈਨੂੰ ਉਨ੍ਹਾਂ ਬਾਰੇ ਬਹੁਤ ਕੁਝ ਦੱਸਿਆ। ਫਿਰ ਬਾਅਦ `ਚ ਮੈਂ ਵੀ ਭਾਰਤੀ ਫ਼ੌਜ `ਚ ਭਰਤੀ ਹੋਇਆ; ਉਦੋਂ ਮੈਨੂੰ ਆਪਣੇ ਦਾਦਾ ਜੀ ਦੇ ਯੋਗਦਾਨ ਬਾਰੇ ਪੂਰੀ ਜਾਣਕਾਰੀ ਸੀ।


1914 ਤੋਂ ਲੈ ਕੇ 1918 ਤੱਕ ਚੱਲੇ ਪਹਿਲੇ ਵਿਸ਼ਵ ਯੁੱਧ ਵਿੱਚ ਭਾਰਤ ਦੇ 10 ਲੱਖ ਤੋਂ ਵੀ ਵੱਧ ਫ਼ੌਜੀ ਜਵਾਨ ਸ਼ਹੀਦ ਹੋਏ ਸਨ। ਪਰ ਉਦੋਂ ਉਨ੍ਹਾਂ ਦੀਆਂ ਅਜਿਹੀਆਂ ਪ੍ਰਾਪਤੀਆਂ ਦਾ ਸਿਹਰਾ ਵੀ ਬ੍ਰਿਟਿਸ਼ ਹਕੂਮਤ ਸਿਰ ਜਾ ਬੱਝਦਾ ਸੀ ਕਿਉਂਕਿ ਭਾਰਤ ਉਦੋਂ ਇੰਗਲੈਂਡ ਦੇ ਅਧੀਨ ਸੀ।


ਉਸ ਪਹਿਲੀ ਜੰਗ-ਏ-ਅਜ਼ੀਮ `ਚ ਇੰਗਲੈਂਡ ਤੇ ਭਾਰਾਤ ਦੇ ਕੁੱਲ 13 ਲੱਖ 80 ਹਜ਼ਾਰ ਫ਼ੌਜੀ ਜਵਾਨ ਤੇ ਹੋਰ ਸਬੰਧਤ ਵਿਅਕਤੀ ਮਾਰੇ ਗਏ ਸਨ; ਉਨ੍ਹਾਂ `ਚੋਂ 2 ਲੱਖ 85 ਹਜ਼ਾਰ 37 ਬ੍ਰਿਟਿਸ਼ ਸਨ ਅਤੇ 1,096,013 ਭਾਰਤੀ ਸਨ।


ਅਸੀਂ ਆਜ਼ਾਦੀ ਅੰਦੋਲਨਾਂ `ਚ ਭਾਗ ਲੈਣ ਵਾਲੇ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਨੂੰ਼ ਅਕਸਰ ਚੇਤੇ ਕਰ ਲੈਂਦੇ ਹਾਂ ਪਰ ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੇ ਜਿ਼ਆਦਾਤਰ ਸ਼ਹੀਦ ਫ਼ੌਜੀ ਜਵਾਨ ਅਕਸਰ ਵਿਸਾਰ ਦਿੱਤੇ ਜਾਂਦੇ ਹਨ। ਸ਼ਾਇਦ ਇਸ ਲਈ ਕਿਉਂਕਿ ਉਨ੍ਹਾਂ ਸਾਰਿਆਂ ਨੇ ਜੰਗ ਦੇਸ਼ `ਚ ਨਹੀਂ ਸਗੋਂ ਦੂਰ-ਦੁਰਾਡੇ ਦੇ ਦੇਸ਼ਾਂ `ਚ ਲੜੀਆਂ ਸਨ।


ਭਾਰਤ ਦੇ ਫ਼ੌਜੀ ਜਵਾਨ ਜਿ਼ਆਦਾਤਰ ਪੱਛਮੀ ਮੋਰਚੇ `ਚ ਜਰਮਨ ਪੂਰਬੀ ਅਫ਼ਰੀਕਾ `ਚ ਜਰਮਨ ਸਾਮਰਾਜ ਦੇ ਖਿ਼ਲਾਫ਼ ਲੜੇ ਸਨ। ਭਾਰਤ ਨੇ 1914 ਤੋਂ 1918 ਤੱਕ ਦੇ ਚਾਰ ਵਰ੍ਹਿਆਂ ਦੌਰਾਨ ਕੁੱਲ ਸੱਤ ਵਾਰ ਵੱਡੀ ਗਿਣਤੀ `ਚ ਫ਼ੌਜੀ ਜਵਾਨ ਭੇਜੇ ਸਨ; ਜਿਨ੍ਹਾਂ `ਚੋਂ 74,000 ਸ਼ਹੀਦ ਹੋ ਗਏ ਸਨ ਤੇ 67,000 ਜ਼ਖ਼ਮੀ ਹੋਏ ਸਨ ਤੇ ਉਨ੍ਹਾਂ `ਚੋਂ ਵੀ ਬਹੁਤੇ ਜ਼ਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਦਮ ਤੋੜ ਗਏ ਸਨ।


ਪਹਿਲੇ ਵਿਸ਼ਵ ਯੁੱਧ ਵਿੱਚ ਦੁਸ਼ਮਣ ਦੀਆਂ ਫ਼ੌਜਾਂ ਨਾਲ ਲੜਨ ਵਾਲੇ ਭਾਰਤੀ ਫ਼ੌਜੀਆਂ ਦੀ ਗਿਣਤੀ ਇੰਨੀ ਜਿ਼ਆਦਾ ਸੀ ਕਿ ਇੰਨੀ ਆਸਟਰੇਲੀਆ, ਕੈਨੇਡਾ, ਨਿਊ ਜ਼ੀਲੈਂਡ ਤੇ ਦੱਖਣੀ ਅਫ਼ਰੀਕਾ ਜਿਹੇ ਚਾਰ ਦੇਸ਼ਾਂ ਵੱਲੋਂ ਭੇਜੇ ਕੁੱਲ ਫ਼ੌਜੀਆਂ ਦੀ ਵੀ ਨਹੀਂ ਸੀ। ਫਿਰ ਵੀ ਉਨ੍ਹਾਂ ਸਭਨਾਂ ਨੂੰ ਭੁਲਾ ਦਿੱਤਾ ਗਿਆ ਹੈ।


ਮੇਰੀ ਆਪਣੀ ਪਟਿਆਲਾ ਰਿਆਸਤ `ਚੋਂ 26,099 ਫ਼ੌਜੀ ਜਵਾਨ ਪਹਿਲੇ ਵਿਸ਼ਵ ਯੁੱਧ ਲਈ ਭੇਜੇ ਗਏ ਸਨ ਤੇ ਨਿਯਮਤ ਫ਼ੌਜ ਲਈ 1,15,891 ਨਵੇਂ ਜਵਾਨਾਂ ਦੀ ਭਰਤੀ ਕੀਤੀ ਗਈ ਸੀ।


ਸਾਰੇ ਭਾਰਤੀ ਜਵਾਨਾਂ ਨੇ ਬਹੁਤ ਜਿ਼ਆਦਾ ਹੌਸਲਾ, ਉਤਸ਼ਾਹ, ਡਿਊਟੀ ਪ੍ਰਤੀ ਸਮਰਪਣ ਤੇ ਉਸ ਵੇਲੇ ਦੀ ਸਰਕਾਰ ਤੇ ਕਮਾਂਡਰ ਪ੍ਰਤੀ ਪੂਰੀ ਵਫ਼ਾਦਾਰੀ ਦਾ ਇਜ਼ਹਾਰ ਕੀਤਾ ਸੀ।


ਮੈਸੋਪੋਟਾਮੀਆ ਦੇ ਤਪਦੇ ਰੇਗਿਸਤਾਨਾਂ ਤੋਂ ਲੈ ਕੇ ਪੂਰਬੀ ਅਫ਼ਰੀਕਾ ਦੇ ਜੰਗਲਾਂ ਅਤੇ ਗਲੀਪੋਲੀ ਦੇ ਠੰਢੇ ਬਰਫ਼ਾਨੀ ਪਰਬਤਾਂ ਤੱਕ `ਤੇ ਸਿੱਖ, ਗੋਰਖੇ, ਬਲੋਚੀ, ਪੰਜਾਬੀ, ਪਠਾਣ, ਰਾਜਪੂਤ, ਜੱਟ, ਡੋਗਰੇ, ਮਰਾਠਾ, ਕੁਮਾਊਂ, ਗੜ੍ਹਵਾਲੀ ਤੇ ਮਦਰਾਸੀ ਭਾਰਤੀ ਫ਼ੌਜੀ ਜਵਾਨਾਂ ਨੇ ਆਪਣੀ ਬਹਾਦਰੀ ਦੀਆਂ ਗਾਥਾਵਾਂ ਲਿਖ ਵਿਖਾਈਆਂ ਸਨ।


ਮੰਦੇਭਾਗੀਂ ਵੱਡੀ ਗਿਣਤੀ `ਚ ਸ਼ਹੀਦ ਹੋਏ ਉਨ੍ਹਾਂ ਭਾਰਤੀ ਫ਼ੌਜੀ ਜਵਾਨਾਂ ਦੀਆਂ ਕਬਰਾਂ ਦੀ ਅੱਜ ਕੋਈ ਠੀਕ ਢੰਗ ਨਾਲ ਦੇਖਭਾਲ ਨਹੀਂ ਕਰਦਾ। ਤਦ ਉਨ੍ਹਾਂ ਭਾਵੇਂ ਕਿਸੇ ਬੇਗਾਨੇ ਮੁਲਕ ਇੰਗਲੈਂਡ ਪ੍ਰਤੀ ਵਫ਼ਾਦਾਰੀ ਦਾ ਇਜ਼ਹਾਰ ਕਰਦਿਆਂ ਉਹ ਜੰਗ ਲੜੀ ਸੀ; ਫਿਰ ਵੀ ਮੈਂ ਉਨ੍ਹਾਂ ਸਾਰੇ ਸ਼ਹੀਦਾਂ ਨੂੰ ਆਪਣੀ ਨਿਮਾਣੀ ਸ਼ਰਧਾਂਜਲੀ ਭੇਟ ਕਰਦਾ ਹਾਂ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big contribution of Indian soldiers in WW1