ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਿੰਨੀ ਕਹਾਣੀ ਦਾ ਵੱਡਾ ਲੇਖਕ-ਸ਼ਿਆਮ ਸੁੰਦਰ ਅਗਰਵਾਲ

ਮਿੰਨੀ ਕਹਾਣੀ ਦਾ ਵੱਡਾ ਲੇਖਕ-ਸ਼ਿਆਮ ਸੁੰਦਰ ਅਗਰਵਾਲ

ਮਿੰਨੀ ਕਹਾਣੀ ਦੇ ਵੱਡੇ ਸਿਰਜਕ - 3
ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

 

ਸ਼ਿਆਮ ਸੁੰਦਰ ਅਗਰਵਾਲ ਪੰਜਾਬੀ ਮਿੰਨੀ ਕਹਾਣੀ ਦੇ ਵੱਡੇ ਲੇਖਕ ਹਨ, ਜਿਨ੍ਹਾਂ ਨੇ ਇਸ ਗੱਲ ਨੂੰ ਝੁਠਲਾਇਆ ਹੈ ਕਿ ‘ਸਿਰਫ਼ ਮਿੰਨੀ ਕਹਾਣੀ ਲਿਖ ਕੇ ਪਛਾਣ ਨਹੀਂ ਬਣ ਸਕਦੀ’। ਪੰਜਾਬੀ ਦੇ ਨਾਲ ਨਾਲ ਹਿੰਦੀ ਭਾਸ਼ਾ ਦੇ ਲਘੂਕਥਾ ਲੇਖਕਾਂ ਵਿਚ ਵੀ ਅਗਰਵਾਲ ਦਾ ਨਾਂ ਮੋਢੀਆਂ ਵਿਚ ਸ਼ੁਮਾਰ ਹੁੰਦਾ ਹੈ। ਕਹਿੰਦੇ ਹਨ ‘ਦੋ ਪੈਰ ਘੱਟ ਤੁਰਨਾ, ਤੁਰਨਾ ਮੜਕ ਦੇ ਨਾਲ’ ਵਾਂਗ ਭਾਵੇਂ ਇਨਾਂ ਨੇ ਥੋਕ ਦੇ ਭਾਅ ਨਹੀਂ ਲਿਖਿਆ, ਪਰ ਜੋ ਵੀ ਸਿਰਜਿਆ ਉਸ ਦੀ ਚਰਚਾ ਹੋਈ।

 

 

ਸ਼ਿਆਮ ਸੁੰਦਰ ਅਗਰਵਾਲ ਹੁਰਾਂ ਆਪਣੇ ਜੀਵਨ ਵਿਚ ਜੋ ਅਸੂਲ ਬਣਾਏ, ਉਨਾਂ ਤੇ ਡਟ ਕੇ ਪਹਿਰਾ ਦਿੱਤਾ। ਉਨ੍ਹਾਂ ਦਾ ਜਨਮ 8 ਫਰਵਰੀ 1950 ਨੂੰ ਕੋਟਕਪੂਰਾ ਵਿਖੇ ਹੋਇਆ। ਉਹ ਇੱਕ ਸਮਰੱਥ ਮਿੰਨੀ ਕਹਾਣੀ ਲੇਖਕ ਤੇ ਬਾਲ ਸਾਹਿਤਕ ਲੇਖਕ ਹਨ। ਮਿੰਨੀ ਕਹਾਣੀ ਨੂੰ ਜ਼ਿਕਰਯੋਗ ਸਥਾਨ ਦਿਵਾਉਣ ਵਿੱਚ ਇਨਾਂ ਦਾ ਕੰਮ, ਲੇਖਣੀ ਸ਼ਲਾਘਾਯੋਗ ਹੈ। ਇਨਾਂ ਦੀਆਂ ਰਚਨਾਵਾਂ ਬੰਗਲਾ, ਉਰਦੂ, ਗੁਜਰਾਤੀ, ਮਰਾਠੀ, ਸ਼ਾਹਮੁਖੀ ਆਦਿ ਭਾਸ਼ਾਵਾਂ ਵਿੱਚ ਵੀ ਅਨੁਵਾਦ ਹੋ ਚੁੱਕੀਆਂ ਹਨ। 

 


ਇਹਨਾਂ ਦੇ ਤਿੰਨ ਮੌਲਿਕ ਮਿੰਨੀ ਕਹਾਣੀ ਸੰਗ੍ਰਹਿ ‘ਨੰਗੇ ਲੋਕਾਂ ਦਾ ਫ਼ਿਕਰ’, ‘ਮਾਰੂਥਲ ਦੇ ਵਾਸੀ’ ਤੇ ‘ਆਥਣ ਵੇਲਾ’ ਪ੍ਰਕਾਸ਼ਿਤ ਹੋ ਚੁੱਕੇ ਹਨ। ਹਿੰਦੀ ਵਿਚ ਇੱਕ ਲਘੂਕਥਾ ਸੰਗ੍ਰਹਿ ‘ਬੇਟੀ ਦਾ ਹਿੱਸਾ’ ਵੀ ਛਪ ਚੁੱਕਿਆ ਹੈ। ਇਸ ਦੇ ਨਾਲ ਹੀ ਪੰਜਾਬੀ, ਹਿੰਦੀ ਦੀਆਂ ਤਿੰਨ ਦਰਜਨ ਦੇ ਲਗਭਗ ਪੁਸਤਕਾਂ ਦਾ ਸੰਪਾਦਨ/ਸਹਿ-ਸੰਪਾਦਨ ਕਰ ਚੁੱਕੇ ਹਨ। ਪਿਛਲੇ ਲੱਗਭੱਗ 31 ਸਾਲ ਤੋਂ ਇਹ ਡਾ. ਸ਼ਿਆਮ ਸੁੰਦਰ ਦੀਪਤੀ, ਬਿਕਰਮਜੀਤ ਨੂਰ ਅਤੇ ਹਰਭਜਨ ਸਿੰਘ ਖੇਮਕਰਨੀ ਨਾਲ ਮਿਲ ਕੇ ਤ੍ਰੈਮਾਸਿਕ ‘ਮਿੰਨੀ’ ਦਾ ਸੰਪਾਦਨ ਕਰ ਰਹੇ ਹਨ। 

 


    ਅਗਰਵਾਲ ਦੀ ਮਿੰਨੀ ਕਹਾਣੀ ਬਾਰੇ ਡਾ. ਦੀਪਤੀ ਦਾ ਕਥਨ ਗੌਲਣਯੋਗ ਕਿ ‘ਜੇ ਕਿਸੇ ਨੇ ਮਿੰਨੀ ਕਹਾਣੀ ਲਿਖਣੀ ਸਿੱਖਣੀ ਹੈ ਤਾਂ ਉਹ ਅਗਰਵਾਲ ਕੋਲੋਂ ਸਿੱਖੇ।’ 

 


    ਸ਼ਿਆਮ ਸੁੰਦਰ ਅਗਰਵਾਲ ਨੂੰ ਮਿੰਨੀ ਕਹਿਣ ਲਿਖਣ ਤੇ ਸੁਣਾਉਣ ਦੀ ਡੂੰਘੀ ਸਮਝ ਹੈ। ਇਨਾਂ ਦੀਆਂ ਮਿੰਨੀ ਕਹਾਣੀਆਂ ਮਨੁੱਖੀ ਰਿਸ਼ਤਿਆਂ ਦੀਆਂ ਬਾਰੀਕ ਤੰਦਾਂ ਨੂੰ ਮਾਰਮਿਕ ਢੰਗ ਨਾਲ ਫੜਦੀਆਂ ਹਨ। ਪਤੀ-ਪਤਨੀ ਦੇ ਰਿਸ਼ਤੇ ਦੇ ਨਿੱਘ ਅਤੇ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣ ਦਾ ਵਲ ਇਨਾਂ ਦੀਆਂ ਮਿੰਨੀ ਕਹਾਣੀਆਂ ਤੋਂ ਮਿਲਦਾ ਹੈ। ਕਾਰੋਪਰੇਟ ਸੈਕਟਰ, ਵਿਸ਼ਵੀਕਰਨ ਕਿਵੇਂ ਸਾਡੀ ਜ਼ਿੰਦਗੀ ਵਿਚ ਦਖਲ ਦੇ ਰਿਹਾ ਹੈ, ‘ਵਿਹੜੇ ਦੀ ਧੁੱਪ’ ਤੋਂ ਜਾਣਿਆ ਜਾ ਸਕਦਾ ਹੈ। ਰੋਜ਼ੀ ਰੋਟੀ ਦੇ ਲਈ ਬੁੱਢਾ ਸਰੀਰ ਸਖਤ ਮਿਹਨਤ ਕਰਦਾ ਹੈ ਅਤੇ ਉਹ ਔਖੇ ਪੈਂਡੇ ਵੀ ਤਹਿ ਕਰ ਲੈਂਦਾ ਹੈ, ਪ੍ਰੰਤੂ ਜਦੋਂ ਉਸ ਨੂੰ ਪਤਾ ਲਗ ਜਾਵੇ ਕਿ ਉਸ ਦੇ ਰੁਜ਼ਗਾਰ ਤੇ ਲੱਤ ਵੱਜਣ ਵਾਲੀ ਹੈ ਤਾਂ ਉਹ ਸੌਖੇ ਪੈਂਡਿਆਂ ਤੇ ਵੀ ਹੋਂਸਲਾ ਹਾਰ ਜਾਂਦਾ ਹੈ। ਅਗਰਵਾਲ ਦੀਆਂ ਮਿੰਨੀ ਕਹਾਣੀਆਂ ਇਹਨਾਂ ਵਿਸ਼ਿਆਂ ਦੇ ਨਾਲ ਮਨੁੱਖ ਦੀ ਬੇਬਸੀ, ਰਿਸ਼ਤਿਆਂ ਦੇ ਨਿਘਾਰ, ਬਾਲ ਮਾਨਸਿਕਤਾ, ਬਜ਼ੁਰਗਾਂ ਦੀ ਦੁਰਦਸ਼ਾਂ ਆਦਿ ਦੇ ਨਾਲ ਨਾਲ ਸਮਾਜ ਦੇ ਵਿਭਿੰਨ ਪਹਿਲੂਆਂ ਦੇ ਯਥਾਰਥ ਨੂੰ ਬਿਆਨਦੀਆਂ ਹਨ।

 


ਮਨੁੱਖ ਦੇ ਅੰਦਰ ਜਿਹੜੀ ਚੀਸ ਹੈ, ਖਾਲੀਪਣ ਜਾਂ ਇੱਕ ਦੂਜੇ ਲਈ ਮਰ ਮਿਟਣ ਦੀ ਤਾਂਘ, ਆਪਣਿਆਂ ਲਈ ਸੋਚ ਹੈ, ਫ਼ਿਕਰਮੰਦੀ ਹੈ, ਉਹ ਤੁਹਾਨੂੰ ਇਨਾਂ ਮਿੰਂਨੀ ਕਹਾਣੀਆਂ ਚੋਂ ਜਰੂਰ ਦਿਖਾਈ ਦੇਵੇਗੀ।

=================

 

ਟੁੱਟੀ ਹੋਈ ਟ੍ਰੇ


ਕਮਰੇ ਦਾ ਦਰਵਾਜ਼ਾ ਥੋੜਾ ਜਿਹਾ ਖੁੱਲਿਆ ਤਾਂ ਕਿਸ਼ੋਰ ਚੰਦ ਜੀ ਅੰਦਰ ਤਕ ਕੰਬ ਗਏ। ਉਹਨਾਂ ਨੇ ਆਪਣੇ ਵੱਲੋਂ ਬਹੁਤ ਸਾਵਧਾਨੀ ਵਰਤੀ ਸੀ। ਸਵੇਰੇ ਆਮ ਨਾਲੋਂ ਇੱਕ ਘੰਟਾ ਪਹਿਲਾਂ ਹੀ ਉੱਠ ਗਏ ਸਨ। ਟੂਥਬੁਰਸ਼ ਬਹੁਤ ਹੌਲੇ-ਹੌਲੇ ਕੀਤਾ ਤਾਂ ਕਿ ਥੋੜੀ ਜਿਹੀ ਆਵਾਜ਼ ਵੀ ਨਾ ਹੋਵੇ। ਰਸੋਈਘਰ ਵਿੱਚ ਚਾਹ ਬਣਾਉਂਦੇ ਸਮੇਂ ਵੀ ਕੋਈ ਖੜਕਾ ਨਾ ਹੋਵੇ, ਇਸ ਗੱਲ ਦਾ ਖਾਸ ਧਿਆਨ ਰੱਖਿਆ। ਫਿਰ ਵੀ।
ਸੱਤਰ ਵਰਿਆਂ ਦੀ ਉਮਰ ਵਿੱਚ ਹੁਣ ਇੰਨੀ ਫੁਰਤੀ ਤਾਂ ਸੀ ਨਹੀਂ ਕਿ ਨੂੰਹ ਦੇ ਦੇਖਣ ਤੋਂ ਪਹਿਲਾਂ ਹੀ ਕਿਸੇ ਤਰਾਂ ਟ੍ਰੇ ਤੇ ਚਾਹ ਦੇ ਕੱਪਾਂ ਨੂੰ ਲੁਕੋ ਦਿੰਦੇ।


ਨੂੰਹ ਉਹਨਾਂ ਦੇ ਸਾਹਮਣੇ ਆਣ ਖੜੀ ਹੋਈ ਸੀ, “ਬਾਊ ਜੀ, ਕੀ ਗੱਲ ਅੱਜ ਚਾਹ ਦੇ ਦੋ ਕੱਪ?”


“ਨਹੀਂ ਪੁੱਤ! ਚਾਹ ਤਾਂ ਇਕ ਕੱਪ ਹੀ ਬਣਾਈ ਸੀ, ਉਸ ਨੂੰ ਹੀ ਦੋ ਕੱਪਾਂ ’ਚ ਪਾ ਲਿਆ।” ਗਲੇ ਵਿੱਚੋਂ ਡਰੀ ਜਿਹੀ ਆਵਾਜ਼ ਨਿਕਲੀ।


“ਤੇ ਬਾਊ ਜੀ, ਆਹ ਟੁੱਟੀ ਹੋਈ ਟ੍ਰੇ! ਤੁਸੀਂ ਇਸ ਨੂੰ ਵਾਰ-ਵਾਰ ਨਾ ਵਰਤੋਂ, ਇਸ ਲਈ ਮੈਂ ਇਹਨੂੰ ਡਸਟਬਿਨ ’ਚ ਸੁੱਟਤਾ ਸੀ। ਉੱਥੋਂ ਵੀ ਕੱਢਲੀ ਤੁਸੀਂ?”


“ਉਹ ਕੀ ਐ ਪੁੱਤ” ਉਹਨਾਂ ਤੋਂ ਕੁਝ ਕਹਿੰਦੇ ਨਹੀਂ ਬਣਿਆ। ਫਿਰ ਥੋੜਾ ਰੁਕ ਕੇ ਬੋਲੇ, “ਮੈਂ ਇਸ ਨੂੰ ਸਾਬਣ ਨਾਲ ਚੰਗੀ ਤਰਾਂ ਧੋ ਲਿਆ ਸੀ।”
ਅਚਾਨਕ ਪਤਾ ਨਹੀਂ ਕੀ ਹੋਇਆ ਕਿ ਨੂੰਹ ਦੀ ਆਵਾਜ਼ ਕੁਝ ਨਰਮ ਪੈ ਗਈ, “ਬਾਊ ਜੀ, ਇਸ ਟੁੱਟੀ ਹੋਈ ਟ੍ਰੇ ’ਚ ਕੀ ਖਾਸ ਐ, ਮੈਨੂੰ ਵੀ ਪਤਾ ਲੱਗੇ।”


ਸਿਰ ਝੁਕਾਈ ਬੈਠੇ ਕਿਸ਼ੋਰ ਚੰਦ ਜੀ ਬੋਲੇ, “ਪੁੱਤਰ! ਇਹ ਟ੍ਰੇ ਤੇਰੀ ਸੱਸ ਨੂੰ ਬਹੁਤ ਪਸੰਦ ਸੀ। ਇਸ ਲਈ ਅਸੀਂ ਸਦਾ ਇਹੀ ਟ੍ਰੇ ਵਰਤਦੇ ਸੀ। ਦੋਨੋਂ ਸ਼ੂਗਰ ਦੇ ਮਰੀਜ ਰਹੇ। ਪਰ ਲਾਜਵੰਤੀ ਨੂੰ ਫਿੱਕੀ ਚਾਹ ਚੰਗੀ ਨਹੀਂ ਲਗਦੀ ਸੀ। ਉਹਦੀ ਚਾਹ ਥੋੜੀ ਮਿੱਠੀ ਹੁੰਦੀ ਸੀ। ਇਸ ਟ੍ਰੇ ਦੇ ਦੋਨੋਂ ਪਾਸੇ ਫੁੱਲ ਬਣੇ ਹੋਏ ਹਨ, ਇੱਕ ਪਾਸੇ ਵੱਡਾ, ਦੂਜੇ ਪਾਸੇ ਛੋਟਾ। ਚਾਹ ਸਾਡੇ ’ਚੋਂ ਕੋਈ ਵੀ ਬਣਾਉਂਦਾ, ਉਹਦਾ ਚਾਹ ਵਾਲਾ ਕੱਪ ਵੱਡੇ ਫੁੱਲ ਵਾਲੇ ਪਾਸੇ ਰੱਖਿਆ ਜਾਂਦਾ, ਤਾਂ ਕਿ ਪਛਾਣ ਰਵੇ।”


“ਪਰ ਅੱਜ ਇਹ ਦੋ ਕੱਪ?”


“ਅੱਜ ਸਾਡੇ ਵਿਆਹ ਦੀ ਵਰੇਗੰਢ ਹੈ। ਇਸ ਵੱਡੇ ਫੁੱਲ ਵੱਲ ਰੱਖੀ ਅੱਧਾ ਕੱਪ ਚਾਹ ਵਿਚ ਮਿੱਠਾ ਪਾ ਕੇ ਲਿਆਇਆ ਹਾਂ ਲੱਗ ਰਿਹੈ ਜਿਵੇਂ ਉਹ ਸਾਹਮਣੇ ਬੈਠੀ ਪੁੱਛ ਰਹੀ ਐ ਮੇਰੀ ਚਾਹ ’ਚ ਖੰਡ ਪਾ ਕੇ ਲਿਆਏ ਹੋ ਨਾ?” ਕਹਿੰਦੇ ਹੋਏ ਕਿਸ਼ੋਰ ਚੰਦ ਜੀ ਦਾ ਗਲ ਭਰ ਆਇਆ।


ਥੋੜੀ ਦੇਰ ਕਮਰੇ ਵਿੱਚ ਚੁੱਪ ਪਸਰੀ ਰਹੀ। ਕਿਸ਼ੋਰ ਚੰਦ ਨੇ ਚਾਹ ਦੇ ਕੱਪ ਟ੍ਰੇ ਵਿੱਚੋਂ ਚੁੱਕ ਕੇ ਮੇਜ ਉੱਤੇ ਰੱਖ ਦਿੱਤੇ। ਫੇਰ ਟ੍ਰੇ ਉਠਾ ਕੇ ਨੂੰਹ ਵੱਲ ਵਧਾਉਂਦੇ ਹੋਏ ਕਿਹਾ, “ਲੈ ਪੁੱਤ! ਇਹਨੂੰ ਡਸਟਬਿਨ ’ਚ ਸੁੱਟ ਦੇ। ਟੁੱਟੀ ਹੋਈ ਟ੍ਰੇ ਘਰ ’ਚ ਚੰਗੀ ਨਹੀਂ ਲਗਦੀ।”


ਨੂੰਹ ਤੋਂ ਟ੍ਰੇ ਫੜੀ ਨਹੀਂ ਗਈ। ਉਹਨੇ ਸਹੁਰੇ ਵੱਲ ਦੇਖਿਆ। ਬੁੱਢੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ।


_੦_


ਵਿਹੜੇ ਦੀ ਧੁੱਪ


ਬਾਰਾਂ ਵਜੇ ਦੇ ਲਗਭਗ ਘਰ ਦੇ ਛੋਟੇ ਜਿਹੇ ਵਿਹੜੇ ਵਿਚ ਸੂਰਜ ਦੀਆਂ ਕਿਰਨਾਂ ਨੇ ਪ੍ਰਵੇਸ਼ ਕੀਤਾ। ਧੁੱਪ ਦਾ ਦੋ ਫੁੱਟ ਚੌੜਾ ਟੁਕੜਾ ਜਦੋਂ ਚਾਰ ਫੁੱਟ ਲੰਬਾ ਹੋ ਗਿਆ ਤਾਂ ਸੱਠ ਵਰਿਆਂ ਦੀ ਮੁੰਨੀ ਦੇਵੀ ਨੇ ਉਸਨੂੰ ਆਪਣੀ ਮੰਜੀ ਉੱਤੇ ਵਿਛਾ ਲਿਆ।


“ਆਪਣੀ ਮੰਜੀ ਥੋੜੀ ਪਰੇ ਸਰਕਾ ਨਾ, ਇਨਾਂ ਪੌਦਿਆਂ ਨੂੰ ਵੀ ਥੋੜੀ ਧੁੱਪ ਲਵਾ ਦਿਆਂ।” ਹੱਥ ਵਿਚ ਗਮਲਾ ਚੁੱਕੀ ਸੰਪਤ ਲਾਲ ਜੀ ਨੇ ਪਤਨੀ ਨੂੰ ਕਿਹਾ।


ਧੁੱਪ ਦਾ ਟੁਕੜਾ ਮੰਜੀ ਤੇ ਗਮਲਿਆਂ ਵਿਚ ਵੰਡਿਆ ਗਿਆ।


ਦੋ-ਢਾਈ ਘੰਟਿਆਂ ਤੱਕ ਮੰਜੀ ਤੇ ਗਮਲੇ ਧੁੱਪ ਦੇ ਟੁਕੜੇ ਦੇ ਨਾਲ ਨਾਲ ਸਰਕਦੇ ਰਹੇ।


ਛੁੱਟੀਆਂ ਵਿਚ ਨਾਨਕੇ ਆਏ ਦਸ ਵਰਿਆਂ ਦੇ ਰਾਹੁਲ ਦੀ ਸਮਝ ਵਿਚ ਨਹੀਂ ਆ ਰਿਹਾ ਸੀ ਕਿ ਉਸਦੇ ਨਾਨਾ ਜੀ ਗਮਲਿਆਂ ਨੂੰ ਵਾਰ-ਵਾਰ ਚੁੱਕ ਕੇ ਇੱਧਰ-ਉੱਧਰ ਕਿਉਂ ਕਰ ਰਹੇ ਹਨ। ਆਖਿਰ ਉਸਨੇ ਇਸ ਬਾਰੇ ਨਾਨਾ ਜੀ ਤੋਂ ਪੁੱਛ ਹੀ ਲਿਆ।


ਸੰਪਤ ਲਾਲ ਜੀ ਬੋਲੇ, “ਬੇਟੇ, ਪੌਦਿਆਂ ਦੇ ਵਧਣ-ਫੁੱਲਣ ਲਈ ਧੁੱਪ ਬਹੁਤ ਜ਼ਰੂਰੀ ਹੈ। ਧੁੱਪ ਦੇ ਬਿਨਾਂ ਤਾਂ ਇਹ ਹੌਲੇ-ਹੌਲੇ ਮਰ ਜਾਣਗੇ।”
ਕੁਝ ਦੇਰ ਸੋਚਣ ਮਗਰੋਂ ਰਾਹੁਲ ਬੋਲਿਆ, “ਨਾਨੂੰ, ਜਦੋਂ ਸਾਡੇ ਵਿਹੜੇ ਵਿਚ ਚੰਗੀ ਤਰਾਂ ਨਾਲ ਧੁੱਪ ਆਉਂਦੀ ਹੀ ਨਹੀਂ ਤਾਂ ਤੁਸੀਂ ਇਹ ਪੌਦੇ ਲਾਏ ਹੀ ਕਿਉਂ?”


“ਜਦੋਂ ਪੌਦੇ ਲਾਏ ਸਨ, ਉਦੋਂ ਤਾਂ ਬਹੁਤ ਧੁੱਪ ਆਉਂਦੀ ਸੀ। ਉਂਜ ਵੀ ਹਰ ਘਰ ’ਚ ਪੌਦੇ ਤਾਂ ਹੋਣੇ ਹੀ ਚਾਹੀਦੇ ਨੇ।”


“ਪਹਿਲਾਂ ਬਹੁਤ ਧੁੱਪ ਕਿਵੇਂ ਆਉਂਦੀ ਸੀ?” ਰਾਹੁਲ ਹੈਰਾਨ ਸੀ।


“ਬੇਟੇ, ਪਹਿਲਾਂ ਸਾਡੇ ਘਰ ਦੇ ਚਾਰੇ ਪਾਸੇ, ਸਾਡੇ ਘਰ ਵਰਗੇ ਇਕ ਮੰਜ਼ਲਾ ਮਕਾਨ ਹੀ ਸਨ। ਫਿਰ ਬਾਹਰੋਂ ਲੋਕ ਆਉਣ ਲੱਗੇ। ਉਨਾਂ ਨੇ ਇਕ-ਇਕ ਕਰਕੇ ਗਰੀਬ ਲੋਕਾਂ ਦੇ ਕਈ ਮਕਾਨ ਖਰੀਦ ਲਏ ਤੇ ਸਾਡੇ ਇਕ ਪਾਸੇ ਬਹੁ-ਮੰਜ਼ਲਾ ਇਮਾਰਤ ਬਣਾ ਲਈ। ਫਿਰ ਇੰਜ ਹੀ ਸਾਡੇ ਦੂਜੇ ਪਾਸੇ ਵੀ ਉੱਚੀ ਇਮਾਰਤ ਬਣ ਗਈ।”


“ਤੇ ਫਿਰ ਪਿੱਛਲੇ ਪਾਸੇ ਵੀ ਉੱਚੀ ਬਿਲਡਿੰਗ ਬਣ ਗਈ, ਹੈ ਨਾ?” ਰਾਹੁਲ ਨੇ ਆਪਣੀ ਬੁੱਧੀ ਦਾ ਪ੍ਰਯੋਗ ਕਰਦੇ ਹੋਏ ਕਿਹਾ।
“ਹਾਂ, ਅਸੀਂ ਆਪਣਾ ਜੱਦੀ ਮਕਾਨ ਨਹੀਂ ਵੇਚਿਆ ਤਾਂ ਉਨਾਂ ਨੇ ਸਾਡੇ ਵਿਹੜੇ ਦੀ ਧੁੱਪ ਤੇ ਕਬਜਾ ਕਰ ਲਿਆ।” ਸੰਪਤ ਲਾਲ ਜੀ ਨੇ ਡੂੰਘਾ ਸਾਹ ਲੈਂਦੇ ਹੋਏ ਕਿਹਾ।


_੦_


ਔਰਤ ਦਾ ਦਰਦ


ਦੋ ਕੁ ਦਿਨਾਂ ਤੋਂ ਲਛਮੀ ਆਪਣੀ ਸੋਲਾਂ ਵਰਿਆਂ ਦੀ ਧੀ ਨੂੰ ਵੀ ਮਜਦੂਰੀ ਵਾਸਤੇ ਆਪਣੇ ਨਾਲ ਹੀ ਲਿਆਉਣ ਲੱਗ ਪਈ ਸੀ।
ਦੁਪਹਿਰ ਦੀ ਛੁੱਟੀ ਵੇਲੇ ਰੋਟੀ ਖਾਂਦਿਆਂ ਉਸਦੀ ਬਸਤੀ ਦੀ ਕਮਲਾ ਬੋਲੀ, “ਤੂੰ ਰਾਧਾ ਨੂੰ ਕਿਉਂ ਨਾਲ ਲਿਆਉਣ ਲੱਗਗੀ, ਲੱਛਮੀ?”
“ਨਾਲ ਨਾ ਲਿਆਵਾਂ ਤਾਂ ਕੀ ਕਰਾਂ ਭੈਣ। ਇੱਕ ਤਾਂ ਅੱਖਾਂ ਸਾਹਮਣੇ ਰਹਿੰਦੀ ਐ, ਨਾਲੇ ਚਾਰ ਪੈਸੇ ਬਣਦੇ ਐ।” ਲੱਛਮੀ ਦੀ ਆਵਾਜ ਵਿੱਚੋਂ ਚਿੰਤਾ ਝਲਕ ਰਹੀ ਸੀ।


“ਠੇਕੇਦਾਰ ਕਰਕੇ ਕਹਿਨੀ ਆਂ ਮੈਂ ਤਾਂ। ਮੋਏ ਦੀ ਨਿਗਾ ਠੀਕ ਨੀਂ। ਜਵਾਨ ਧੀ-ਭੈਣ ਘਰੇ ਈ ਰਵੇ ਤਾਂ ਠੀਕ ਐ।”


ਰੋਟੀ ਦੀ ਬੁਰਕੀ ਲੱਛਮੀ ਦੇ ਸੰਘ ਵਿਚ ਜਿੱਥੇ ਸੀ, ਉੱਥੇ ਈ ਅਟਕ ਗਈ। ਉਸਨੇ ਡੱਬੇ ਵਿੱਚੋਂ ਪਾਣੀ ਪੀ ਕੇ ਗਲਾ ਸਾਫ ਕੀਤਾ। ਫਿਰ ਆਸੇ-ਪਾਸੇ ਦੇਖਿਆ ਤੇ ਡੂਂਘਾ ਸਾਹ ਲੈਂਦੇ ਹੋਏ ਹੌਲੇ ਜਿਹੇ ਬੋਲੀ, “ਘਰ ਕੀਹਦੇ ਕੋਲ ਛੱਡਾਂ ਭੈਣ? ਪਿਓ ਇਹਦਾ ਸ਼ਰਾਬ ਪੀ ਕੇ ਪਿਆ ਰਹਿੰਦੈ ਸਾਰਾ ਦਿਨ। ਉਹਦੀ ਨਿਗਾ ਤਾਂ ਠੇਕੇਦਾਰ ਨਾਲੋਂ ਵੀ ਮਾੜੀ ਲੱਗਦੀ ਐ। ਠੇਕੇਦਾਰ ਤੋਂ ਤਾਂ ਬਚਾ ਲੂੰ, ਉਹਤੋਂ ਕੌਣ ਬਚਾਊ ਕੁੜੀ ਨੂੰ।”    
 

_੦_

 

ਸਦਾ ਸੁਹਾਗਣ


ਡਾਕਟਰ ਦੇ ਮਨਾ ਕਰਨ ਦੇ ਬਾਵਜੂਦ ਚੰਦਾ ਕਰਵਾਚੌਥ ਦਾ ਵਰਤ ਕਰਨ ਤੇ ਅੜੀ ਰਹੀ। ਉਮੇਸ਼ ਵੀ ਜ਼ਿਆਦਾ ਵਿਰੋਧ ਨਹੀਂ ਕਰ ਸਕਿਆ। ਉਸਨੇ ਸੁਬਾ ਹਨੇਰੇ ਹੀ ਚੰਦਾ ਨੂੰ ਚਾਹ ਪਿਲਾ ਦਿੱਤੀ ਸੀ। ਉੱਠਣ-ਬੈਠਣ ਤੋਂ ਲਚਾਰ ਤੇ ਗੰਭੀਰ ਬੀਮਾਰੀ ਨਾਲ ਜੂਝ ਰਹੀ ਚੰਦਾ ਨੂੰ ਉਸਨੇ ਵੀਲ-ਚੇਅਰ ਉੱਤੇ ਬਿਠਾ ਕੇ ਹੀ ਨੁਹਾ ਦਿੱਤਾ ਸੀ।


ਸ਼ਾਮ ਨੂੰ ਉਹ ਬੋਲੀ, “ਆਂਢ-ਗੁਆਂਢ ’ਚੋਂ ਕੋਈ ਆ ਨਾ ਜਾਵੇ, ਮੈਨੂੰ ਸਾੜੀ ਪੁਆ ਦਿਓ,” ਫੇਰ ਸ਼ਰਾਰਤੀ ਨਜ਼ਰਾਂ ਨਾਲ ਦੇਖਦੀ ਹੋਈ ਬੋਲੀ, “ਨੂੰਹ-ਪੁੱਤ ਗਏ ਹੋਏ ਨੇ, ਅੱਜ ਤਾਂ ਲਾਲ ਬਾਰਡਰ ਵਾਲੀ ਸਾੜੀ ਪਾਵਾਂਗੀ।”


“ਚੰਦਾ, ਤੂੰ ਅੱਜ ਹਰ ਗੱਲ ਲਈ ਜਿੱਦ ਕਰ ਰਹ ਐਂ, ਮਨਾਹੀ ਦੇ ਬਾਵਜੂਦ ਤੂੰ ਕੇਲਾ ਖਾਧਾ, ਚਾਹ ਨਾਲ ਬਰਫ਼ੀ ਲਈ। ਪਰ ਹੁਣ ਤੇਰੀ ਮਰਜੀ ਨਹੀਂ ਚੱਲਣੀ।” ਉਮੇਸ਼ ਨੇ ਝੂਠੇ ਗੁੱਸੇ ਦਾ ਇਜ਼ਹਾਰ ਕਰਦਿਆਂ ਕਿਹਾ, “ਸਾੜੀ ਤਾਂ ਅੱਜ ਤੈਨੂੰ ਮੇਰੀ ਪਸੰਦ ਦੀ ਹੀ ਪਾਉਣੀ ਪਊਗੀ।” ਕਹਿਕੇ ਉਮੇਸ਼ ਨੇ ਅਲਮਾਰੀ ਦਾ ਰੁੱਖ ਕੀਤਾ।


“ਤੁਸੀਂ ਤਾਂ ਕਦੇ ਮੇਰੀ ਪਾਈ ਸਾੜੀ ਨੂੰ ਦੇਖਿਆ ਤਕ ਨੀ, ਅੱਜ ਆਪਣੀ ਪਸੰਦ ਦੀ” ਚੰਦਾ ਦੇ ਚਿਹਰੇ ਉੱਤੇ ਵਿਅੰਗਾਤਮਕ ਮੁਸਕਾਨ ਸੀ।
ਤੇ ਦੇ ਡੱਬੇ ਵਿੱਚੋਂ ਉਮੇਸ਼ ਨੇ ਨਵੀਂ ਸਾੜੀ ਕੱਢੀ ਤਾਂ ਚੰਦਾ ਹੈਰਾਨ ਰਹਿ ਗਈ।


“ਇਹ ਸਾੜੀ ਕਿੱਥੋਂ ਆਈ? ਇਹ ਤਾਂ ਮੈਂ ਪਿਛਲੇ ਸਾਲ ਦੁਕਾਨ ’ਤੇ ਛੱਡ ਆਈ ਸੀ, ਮਹਿੰਗੀ ਬਹੁਤ ਸੀ।”


“ਤੂੰ ਘਰ ਆ ਕੇ ਇਸਦਾ ਜ਼ਿਕਰ ਕੀਤਾ ਸੀ ਤਾਂ ਮੈਂ ਇਸ ਨੂੰ ਖਰੀਦ ਲਿਆਇਆ ਸੀ, ਤੈਨੂੰ ਗਿਫ਼ਟ ਕਰਨ ਲਈ।”


ਚੰਦਾ ਦੇ ਚਿਹਰੇ ਤੇ ਹੈਰਾਨੀਜਨਕ ਖੁਸ਼ੀ ਸੀ। ਉਮੇਸ਼ ਨੇ ਜਿਵੇਂ-ਕਿਵੇਂ ਚੰਦਾ ਦੇ ਸਰੀਰ ਤੇ ਸਾੜੀ ਲਪੇਟ ਦਿੱਤੀ। ਉਹ ਥੋੜੀ ਦੇਰ ਉਸਨੂੰ ਟਿਕਟਿਕੀ ਲਾ ਕੇ ਦੇਖਦੀ ਰਹੀ। ਫਿਰ ਮੁਸਕਰਾਉਣ ਦੀ ਕੋਸ਼ਿਸ਼ ਕਰਦੀ ਹੋਈ ਬੋਲੀ, “ਅੱਜ ਤਾਂ ਮੇਰੇ ਮੱਥੇ ਉੱਤੇ ਬਿੰਦੀ ਲਾ ਕੇ ਆਪਣੇ ਹੱਥਾਂ ਨਾਲ ਮੇਰੀ ਮਾਂਗ ਭਰ ਦਿਓ।”


ਉਸਨੇ ਫਿਰ ਫਰਮਾਇਸ਼ ਰੱਖੀ, “ਅੱਜ ਥੋੜਾ ਹਲਵਾ ਵੀ ਬਣਾ ਦੇਣਾ।”


“ਚੰਦਾ! ਡਾਕਟਰ ਨੇ ਤੈਨੂੰ ਰੁੱਖਾ ਫੁਲਕਾ ਖਾਣ ਨੂੰ ਕਿਹਾ ਹੈ ਤੇ ਤੂੰ ਹਲਵੇ ਦੀ ਗੱਲ ਕਰ ਰਹੀ ਐਂ!”


“ਕਰਵਾ ਚੌਥ ਨੂੰ ਸੁਹਾਗਣਾਂ ਹਲਵਾ ਖਾਂਦੀਆਂ ਨੇ।”


ਪਤਾ ਨਹੀਂ ਕੀ ਸੋਚ, ਉਮੇਸ਼ ਚੁੱਪ ਕਰ ਗਿਆ। ਉਹ ਰਸੋਈ ਵਿਚ ਗਿਆ ਤੇ ਭੋਜਨ ਬਣਾਉਣ ਵਿਚ ਜੁਟ ਗਿਆ।


ਚੰਦ ਦੇ ਨਿਕਲਣ ਵਿਚ ਅਜੇ ਸਮਾਂ ਸੀ। ਚੰਦਾ ਨੇ ਉਸਨੂੰ ਬਿਸਤਰ ਉੱਪਰ ਬੈਠਣ ਨੂੰ ਕਿਹਾ ਅਤੇ ਆਪਣਾ ਸਿਰ ਉਹਦੀ ਗੋਦ ਵਿਚ ਟਿਕਾ ਦਿੱਤਾ। ਫਿਰ ਬੋਲੀ, “ਅੱਜ ਮੈਂ ਬਹੁਤ ਖੁਸ਼ ਹਾਂ।”


“ਹਾਂ, ਅੱਜ ਤਾਂ ਤੂੰ ਅਸਲ ਵਿਚ ਹੀ ‘ਚੰਦਾ’ ਲੱਗ ਰਹੀ ਐਂ।”


ਥੋੜੀ ਦੇਰ ਬਾਅਦ ਉਸ ਕਿਹਾ, “ਤੁਹਾਨੂੰ ਪਤੈ, ਔਰਤਾਂ ਕਰਵਾ ਚੌਥ ਦਾ ਵਰਤ ਕਿਉਂ ਰੱਖਦੀਔਂ?”


“ਪਤੀ ਦੀ ਲੰਬੀ ਉਮਰ ਲਈ, ਤਦ ਹੀ ਤਾਂ ਉਹ ਪਤੀ ’ਤੇ ਅਹਿਸਾਨ ਜਤਾਉਂਦੀਆਂ ਨੇ।”


“ਪਤੀ ਤੇ ਤਾਂ ਵਾਧੂ ’ਚ ਈ ਅਹਿਸਾਨ ਜਤਾਉਂਦੀਆਂ ਨੇ, ਅਸਲ ਵਿਚ”


“ਅਸਲ ਵਿਚ ਕੀ?” ਉਮੇਸ਼ ਨੇ ਵਿਚਕਾਰ ਹੀ ਟੋਕਦੇ ਹੋਏ ਪੁੱਛਿਆ।


“ਆਪਣੇ ਲਈ ਹੀ ਰਖਦੀਆਂ ਨੇ ਵਰਤ ਕੋਈ ਵੀ ਔਰਤ ਵਿਧਵਾ ਨਹੀਂ ਹੋਣਾ ਚਾਹੁੰਦੀ ਉਹ ਸੁਹਾਗਣ ਮਰਨਾ ਚਾਹੁੰਦੀ ਹੈ।”


“ਅੱਛਾ!” ਉਮੇਸ਼ ਨੇ ਹੈਰਾਨੀ ਪ੍ਰਗਟਾਈ, ਫਿਰ ਕਿਹਾ, “ਚੰਗਾ ਹੁਣ ਸਿਰ ਤਕੀਏ ’ਤੇ ਰੱਖ ਸੋਹਣੀਏ, ਮੈਂ ਚੰਦਰਮਾ ਦੇਖ ਕੇ ਆਉਣੈ।”


“ਨਹੀਂ, ਅਜੇ ਨਹੀਂ। ਤੁਹਾਡੀ ਗੋਦ ’ਚ ਲੇਟਣਾ ਚੰਗਾ ਲੱਗ ਰਿਹੈ। ਚੰਦਰਮਾ ਨਿਕਲੇਗਾ ਤਾਂ ਸਾਰੀ ਗਲੀ ਵਿਚ ਰੌਲਾ ਪੈ ਜੂਗਾ।” ਆਨੰਦ ਵਿਚ ਡੁੱਬੀ ਚੰਦਾ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਉਸਦੇ ਚਿਹਰੇ ਤੋਂ ਮਨ ਦੀ ਖੁਸ਼ੀ ਝਲਕ ਰਹੀ ਸੀ। ਉਮੇਸ਼ ਉਸਨੂੰ ਦੇਖਦਾ ਰਿਹਾ।


“ਚੰਦ ਨਿਕਲ ਆਇਆ, ਚੰਦ ਨਿਕਲ ਆਇਆ!” ਦਾ ਸ਼ੋਰ ਸੁਣਾਈ ਦਿੱਤਾ ਤਾਂ ਉਮੇਸ਼ ਨੇ ਚੰਦਾ ਨੂੰ ਸਿਰ ਤਕੀਏ ਉੱਥੇ ਰੱਖਣ ਲਈ ਕਿਹਾ, ਪਰ ਚੰਦਾ ਨੇ ਅੱਖਾਂ ਨਹੀਂ ਖੋਲੀਆਂ। ਉਮੇਸ਼ ਨੇ ਉਸਨੂੰ ਥੋੜਾ ਜਿਹਾ ਹਿਲਾਇਆ ਤਾਂ ਵੀ ਅੱਖਾਂ ਨਹੀਂ ਖੁੱਲੀਆਂ। ਤਦ ਉਸਨੇ ਧਿਆਨ ਨਾਲ ਦੇਖਿਆ ਉਸਦੀ ਗੋਦ ਵਿਚਲਾ ਚੰਦਰਮਾ ਤਾਂ ਕਦੋਂ ਦਾ ਉੱਥੋਂ ਉੱਡ ਕੇ ਅਸਮਾਨ ਵਿਚ ਚਮਕਣ ਜਾ ਚੁੱਕਾ ਸੀ।
 

_੦_


ਸੰਤੂ


ਅਧਖੜ ਉਮਰ ਦਾ ਸਿਧਰਾ ਜਿਹਾ ਸੰਤੂ ਬੇਮੇਚ ਬੂਟ ਪਾਈ ਪਾਣੀ ਦੀ ਬਾਲਟੀ ਚੁੱਕ ਜਦੋਂ ਪੌੜੀਆਂ ਚੜਨ ਲੱਗਾ ਤਾਂ ਮੈਂ ਉਹਨੂੰ ਸੁਚੇਤ ਕੀਤਾ, “ ਧਿਆਨ ਨਾਲ ਚੜੀਂ । ਪੌੜੀਆਂ ‘ਚ ਕਈ ਥਾਵਾਂ ਤੋਂ ਇੱਟਾਂ ਨਿਕਲੀਆਂ ਹੋਈਐਂ । ਡਿੱਗ ਨਾ ਪਈਂ ।’’


“ ਚਿੰਤਾ ਨਾ ਕਰੋ ਜੀ, ਮੈਂ ਤਾਂ ਪੰਜਾਹ ਕਿਲੋ ਆਟਾ ਚੁੱਕ ਕੇ ਪੌੜੀਆਂ ਚੜਦਾ ਨਹੀਂ ਡਿੱਗਦਾ ।’’


ਤੇ ਸਚਮੁਚ ਵੱਡੀਆਂ-ਵੱਡੀਆਂ ਦਸ ਬਾਲਟੀਆਂ ਪਾਣੀ ਦੀਆਂ ਢੌਂਦੇ ਸੰਤੂ ਦਾ ਪੈਰ ਇਕ ਵਾਰ ਵੀ ਨਹੀਂ ਸੀ ਫਿਸਲਿਆ ।


     ਦੋ ਰੁਪਏ ਦਾ ਇੱਕ ਨੋਟ ਅਤੇ ਚਾਹ ਦਾ ਕੱਪ ਦਿੰਦਿਆਂ ਪਤਨੀ ਨੇ ਕਿਹਾ, “ ਸੰਤੂ, ਤੂੰ ਰੋਜ ਆ ਕੇ ਪਾਣੀ ਭਰ ਜਿਆ ਕਰ ।’’


ਚਾਹ ਦੀਆਂ ਚੁਸਕੀਆਂ ਲੈਂਦੇ ਸੰਤੂ ਨੇ ਖੁਸ਼ ਹੁੰਦਿਆਂ ਕਿਹਾ, “ ਰੋਜ ਵੀਹ ਰੁਪਏ ਬਣ ਜਾਂਦੇ ਐ ਪਾਣੀ ਦੇ । ਕਹਿੰਦੇ ਐ ਅਜੇ ਮਹੀਨਾ ਪਾਣੀ ਨਹੀਂ ਔਂਦਾ । ਮੌਜਾਂ ਲੱਗ ਗਈਆਂ ।’’


ਉਸੇ ਦਿਨ ਨਹਿਰ ਵਿਚ ਪਾਣੀ ਆ ਗਿਆ ਤੇ ਟੂਟੀ ਵਿਚ ਵੀ ।


ਅਗਲੀ ਸਵੇਰ ਪੌੜੀਆਂ ਚੜ ਜਦੋਂ ਸੰਤੂ ਨੇ ਪਾਣੀ ਲਈ ਬਾਲਟੀ ਮੰਗੀ ਤਾਂ ਪਤਨੀ ਨੇ ਕਿਹਾ, “ ਹੁਣ ਤਾਂ ਲੋੜ ਨਹੀਂ, ਰਾਤ ਉੱਪਰ ਈ ਟੂਟੀ ਵਿਚ ਪਾਣੀ ਆ ਗਿਆ ਸੀ ।’’


“ ਨਹਿਰ ’ਚ ਪਾਣੀ ਆ ਗਿਆ !’’ ਸੰਤੂ ਨੇ ਹਉਕਾ ਲਿਆ ਤੇ ਵਾਪਸੀ ਲਈ ਪੌੜੀਆਂ ਵੱਲ ਕਦਮ ਘੜੀਸਣ ਲੱਗਾ । ਕੁਝ ਛਿਣ ਬਾਦ ਹੀ ਕਿਸੇ ਦੇ ਪੌੜੀਆਂ ਵਿੱਚੋਂ ਡਿੱਗਣ ਦੀ ਆਵਾਜ ਆਈ । ਮੈਂ ਭੱਜ ਕੇ ਵੇਖਿਆ, ਸੰਤੂ ਵਿਹੜੇ ਵਿਚ ਮੂਧੇ ਮੂੰਹ ਪਿਆ ਸੀ ।
   

 

=============

 

ਪੇਸ਼ਕਸ਼: ਜਗਦੀਸ਼ ਰਾਏ ਕੁਲਰੀਆਂ

ਜਗਦੀਸ਼ ਰਾਏ ਕੁਲਰੀਆਂ
   

 #46, ਇੰਪਲਾਈਜ਼ ਕਾਲੋਨੀ, ਬਰੇਟਾ, ਜਿਲਾ ਮਾਨਸਾ (ਪੰਜਾਬ) – 151501

ਮੋਬਾਈਲ: 95018 77033

ਈਮੇਲ: jagdishkulrian@gmail.com

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Big Writer of Mini Kahani Shyam Sunder Agarwal