ਅੰਮ੍ਰਿਤਸਰ ਦੇ ਅਦਲੀਵਾਲ ਦੇ ਨਿਰੰਕਾਰੀ ਭਵਨ ਵਿਖੇ ਹੋਏ ਗ੍ਰੇਨੇਡ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਕਥਿਤ ਹਮਲਾਵਰ ਬਿਕਰਮਜੀਤ ਸਿੰਘ ਨੂੰ ਪੁਲਿਸ ਵੱਲੋਂ ਕੀਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੌਰਾਨ ਅੱਜ ਅਦਾਲਤ 'ਚ ਪੇਸ਼ ਕਰਨ ਲਈ ਲਿਆਇਆ ਗਿਆ ਹੈ। ਕੁਝ ਹੀ ਦੇਰ ਚ ਬਿਕਰਮਜੀਤ ਸਿੰਘ ਨੂੰ ਅਦਾਲਤ ਚ ਪੇਸ਼ ਕੀਤਾ ਜਾਵੇਗਾ। ਬਿਕਰਮਜੀਤ ਸਿੰਘ ਨੂੰ ਅੱਜ ਅਦਾਲਤ 'ਚ ਪੇਸ਼ ਕਰਨ ਤੋਂ ਪਹਿਲਾਂ ਪੁਲਿਸ ਵੱਲੋਂ ਅਦਾਲਤ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਕੱਲ੍ਹ ਸ਼ਾਮੀਂ ਪ੍ਰੈੱਸ ਕਾਨਫ਼ਰੰਸ ਕਰਕੇ ਇਹ ਖ਼ੁਲਾਸਾ ਕੀਤਾ ਸੀ ਕਿ ਰਾਜਾਸਾਂਸੀ ਲਾਗਲੇ ਪਿੰਡ ਅਦਲੀਵਾਲ ਸਥਿਤ ਨਿਰੰਕਾਰੀ ਭਵਨ `ਚ ਸ਼ਰਧਾਲੂਆਂ `ਤੇ ਹਿੰਸਕ ਹਮਲਾ ਕਰਕੇ ਉਨ੍ਹਾਂ `ਚੋਂ ਤਿੰਨ ਦੀ ਜਾਨ ਲੈਣ ਵਾਲੇ ਇੱਕ ਮੁਲਜ਼ਮ ਬਿਕਰਮਜੀਤ ਸਿੰਘ (26) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਸ ਵੀ ਦੱਸਿਆ ਸੀ ਕਿ ਉਹ ਰਾਜਾਸਾਂਸੀ ਲਾਗਲੇ ਪਿੰਡ ਧਾਰੀਵਾਲ ਦਾ ਵਸਨੀਕ ਹੈ। ਉਸ ਨੂੰ ਕੱਲ੍ਹ ਸਵੇਰੇ ਪਿੰਡ ਲੋਹਾਰਕਾ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਸ਼ਾਮ ਨੂੰ ਕੁਝ ਪੁਲਿਸ ਸੂਤਰਾਂ ਨੇ ਦਾਅਵਾ ਕੀਤਾ ਕਿ ਦੂਜੇ ਮੁਲਜ਼ਮ ਅਵਤਾਰ ਸਿੰਘ ਖ਼ਾਲਸਾ (32) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹ ਅੰਮ੍ਰਿਤਸਰ ਲਾਗਲੇ ਪਿੰਡ ਲੋਪੋਕੇ ਦੇ ਪਿੰਡ ਚੱਕ ਮਿਸ਼ਰੀ ਖ਼ਾਨ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਦੂਜੀ ਗ੍ਰਿਫ਼ਤਾਰੀ ਦੀ ਹਾਲੇ ਭਾਵੇਂ ਅਧਿਕਾਰਤ ਪੁਸ਼ਟੀ ਤਾਂ ਨਹੀਂ ਹੋ ਸਕੀ ਪਰ ਫਿਰ ਵੀ ਸੂਤਰਾਂ ਨੇ ਇਸ ਬਾਰੇ ਦੱਸਿਆ ਹੈ ਕਿ ਦੂਜੀ ਗ੍ਰਿਫ਼ਤਾਰੀ ਵੀ ਹੋ ਗਈ ਹੈ।