ਹੁਸਿ਼ਆਰਪੁਰ ਜਿ਼ਲ੍ਹੇ ਦੇ ਪਿੰਡ ਭਾਮ ਦੇ ਜਗਜੀਤ ਸਿੰਘ (30) ਦੀ ਮ੍ਰਿਤਕ ਦੇਹ ਆਖ਼ਰ ਬੁੱਧਵਾਰ ਨੂੰ ਪੂਰੇ ਇੱਕ ਮਹੀਨੇ ਪਿੱਛੋਂ ਸਊਦੀ ਅਰਬ ਤੋਂ ਘਰ ਅੱਪੜ ਗਈ। ਇਸ ਲਈ ‘ਹੈਲਪਿੰਗ ਹੈਪਲੈੱਸ` ਨਾਂਅ ਦੀ ਜੱਥੇਬੰਦੀ ਦੇ ਚੇਅਰਪਰਸਨ ਅਮਨਜੋਤ ਕੌਰ ਰਾਮੂਵਾਲੀਆ ਨੂੰ ਨਿਜੀ ਜਤਨ ਕਰਨੇ ਪਏ। ਬੀਬਾ ਅਮਨਜੋਤ ਕੌਰ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂੰਵਾਲੀਆ ਦੀ ਧੀ ਹਨ।
ਜਗਜੀਤ ਸਿੰਘ ਅੱਠ ਵਰ੍ਹੇ ਪਹਿਲਾਂ ਸਊ ਅਰਬ ਗਿਆ ਸੀ। ਚਾਰ ਸਾਲ ਪਹਿਲਾਂ ਉਸ ਨਾਲ ਇੱਕ ਹਾਦਸਾ ਵਾਪਰ ਗਿਆ ਸੀ ਤੇ ਬਹੁਤ ਜਿ਼ਆਦਾ ਕਮਜ਼ੋਰੀ ਤੇ ਹੋਰ ਮੈਡੀਕਲ ਕਾਰਨਾਂ ਕਰਕੇ ਠੀਕ ਤਰ੍ਹਾਂ ਕੰਮ ਕਰਨ ਤੋਂ ਅਸਮਰੱਥ ਹੋ ਗਿਆ ਸੀ।
ਉਸ ਦੇ ਪਰਿਵਾਰ ਨੇ ਦੱਸਿਆ ਕਿ ਜਗਜੀਤ ਸਿੰਘ ਹੁਣ ਘਰ ਪਰਤਣਾ ਚਾਹੁੰਦਾ ਸੀ ਪਰ ਸਊਦੀ ਸਰਕਾਰ ਉਸ ਨੂੰ ਦੇਸ਼ ਤੋਂ ਬਾਹਰ ਜਾਣ ਦਾ ਵੀਜ਼ਾ ਜਾਰੀ ਨਹੀਂ ਕਰ ਰਹੀ ਸੀ। ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਤਦ ਬੀਬਾ ਰਾਮੂੰਵਾਲੀਆ ਤੱਕ ਪਹੁੰਚ ਕੀਤੀ, ਜਿਨ੍ਹਾਂ ਜਤਨਾਂ ਸਦਕਾ ਜਗਜੀਤ ਸਿੰਘ ਨੂੰ ਬੀਤੀ 10 ਜੂਨ ਨੂੰ ਭਾਰਤ ਦਾ ਵੀਜ਼ਾ ਮਨਜ਼ੂਰ ਹੋ ਗਿਆ ਸੀ। ਉਸ ਨੇ ਬੀਤੀ 13 ਜੂਨ ਨੂੰ ਭਾਰਤ ਪਰਤ ਆਉਣਾ ਸੀ ਪਰ ਉਸ ਤੋਂ ਸਿਰਫ਼ ਇੱਕ ਦਿਨ ਪਹਿਲਾਂ ਉਸ ਦਾ ਉੱਥੇ ਹੀ ਦੇਹਾਂਤ ਹੋ ਗਿਆ।
ਜਗਜੀਤ ਸਿੰਘ ਦੀ ਮਾਂ ਰਕਸ਼ਾ ਦੇਵੀ ਨੇ ਰੋਂਦਿਆਂ ਕਿਹਾ,‘‘ਜੇ ਸਰਕਾਰ ਨੇ ਸਮੇਂ ਸਿਰ ਕੋਈ ਕਾਰਵਾਈ ਕੀਤੀ ਹੁੰਦੀ, ਤਾਂ ਅੱਜ ਮੇਰਾ ਪੁੱਤਰ ਜਿਊਂਦਾ ਹੁੰਦਾ।``
ਪਿਤਾ ਬੂਟਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜਗਜੀਤ ਸਿੰਘ ਜਿਸ ਕੰਪਨੀ `ਚ ਕੰਮ ਕਰਦਾ ਸੀ, ਉਸ ਨੇ ਨਾ ਤਾਂ ਉਨ੍ਹਾਂ ਦੇ ਪੁੱਤਰ ਦਾ ਇਲਾਜ ਕਰਨ ਦਾ ਕੋਈ ਜਤਨ ਕੀਤਾ ਅਤੇ ਨਾ ਹੀ ਘਰ ਪਰਤਣ ਵਿੱਚ ਉਸ ਦੀ ਕੋਈ ਮਦਦ ਕੀਤੀ।
ਦੁੱਖ ਦੀ ਗੱਲ ਇਹ ਵੀ ਹੈ ਕਿ ਜਗਜੀਤ ਸਿੰਘ ਆਪਣੇ ਮਾਪਿਆਂ ਦੀ ਇਕਲੋਤੀ ਸੰਤਾਨ ਸੀ।