ਅਗਲੀ ਕਹਾਣੀ

ਬ੍ਰਿਟਿਸ਼ ਪੱਤਰਕਾਰ ਹੌਰਨੀਮੈਨ ਨੇ ਬ੍ਰੇਕ ਕੀਤੀ ਸੀ ਜੱਲ੍ਹਿਆਂਵਾਲਾ ਬਾਗ਼ ਸਾਕੇ ਦੀ ਖ਼ਬਰ

ਬ੍ਰਿਟਿਸ਼ ਪੱਤਰਕਾਰ ਹੌਰਨੀਮੈਨ ਨੇ ਬ੍ਰੇਕ ਕੀਤੀ ਸੀ ਜੱਲ੍ਹਿਆਂਵਾਲਾ ਬਾਗ਼ ਸਾਕੇ ਦੀ ਖ਼ਬਰ

ਬੈਂਜਾਮਿਨ ਗਾਇ ਹੌਰਨੀਮੈਨ ਇੱਕ ਅਜਿਹਾ ਬ੍ਰਿਟਿਸ਼ ਪੱਤਰਕਾਰ ਸੀ, ਜਿਸ ਨੇ 1919 ਦੇ ਜੱਲਿਆਂਵਾਲਾ ਬਾਗ਼ ਸਾਕੇ ਦੀ ਖ਼ਬਰ ਨੂੰ ਪਹਿਲੀ ਵਾਰ ਦੁਨੀਆ ਵਿੱਚ ਫੈਲਾਇਆ ਸੀ ਭਾਵ ਉਸ ਵੇਲੇ ਤਸਵੀਰਾਂ ਸਮੇਤ ਬ੍ਰੇਕ ਕੀਤਾ ਸੀ। ਉਸ ਵੇਲੇ ਸ੍ਰੀ ਹੌਰਨੀਮੈਨ ‘ਦਿ ਬੌਂਬੇ ਕ੍ਰੌਨੀਕਲ’ ਸੰਪਾਦਕ ਹੁੰਦੇ ਸਨ।

 

 

ਪੰਜਾਬ ਦੇ ਉਦੋਂ ਦੇ ਲੈਫ਼ਟੀਨੈਂਟ ਗਵਰਨਰ ਜਨਰਲ ਮਾਈਕਲ ਓ’ਡਵਾਇਰ ਨੇ ਪੰਜਾਬ ਦੀ ਪ੍ਰੈੱਸ ਉੱਤੇ ਪਾਬੰਦੀ ਲਾ ਦਿੱਤੀ ਸੀ, ਤਾਂ ਜੋ ਉਸ ਵੱਲੋਂ ਢਾਹੇ ਤਸ਼ੱਦਦ ਬਾਰੇ ਬਾਹਰ ਕਿਸੇ ਨੂੰ ਕੋਈ ਜਾਣਕਾਰੀ ਨਾ ਮਿਲ ਸਕੇ। ਪਰ ਸ੍ਰੀ ਹੌਰਨੀਮੈਨ ਦੀ ਅਗਵਾਈ ਹੇਠ ‘ਦਿ ਬੌਂਬੇ ਕ੍ਰੌਨੀਕਲ’ ਨੇ ਇਸ ਦੁਖਦਾਈ ਸਾਕੇ ਦੀ ਵਿਸਤ੍ਰਿਤ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ। ਹੋਰ ਤਾਂ ਹੋਰ, ਉਨ੍ਹਾਂ ਕਿਸੇ ਤਰ੍ਹਾਂ ਸਾਰੀਆਂ ਤਸਵੀਰਾਂ ਚੋਰੀ–ਛਿਪੇ ਇੰਗਲੈਂਡ ਵੀ ਭੇਜੀਆਂ ਸਨ ਤੇ ਉਹ ਸ੍ਰੀ ਹੌਰਨੀਮੈਨ ਦੀ ਰਿਪੋਰਟ ਸਮੇਤ ਇੰਗਲੈਂਡ ਤੋਂ ਛਪਣ ਵਾਲੇ ‘ਦਿ ਡੇਲੀ ਹੈਰਾਲਡ’ ਵਿੱਚ ਵੀ ਛਪੀਆਂ ਸਨ।

 

 

ਤਦ ਇਹ ਪ੍ਰੈੱਸ ਸੈਂਸਰਸ਼ਿਪ ਦੀ ਸਰਾਸਰ ਉਲੰਘਣਾ ਸੀ। ਇਸੇ ਲਈ ਜਿਸ ਰਿਪੋਰਟਰ ਨੇ ਉਹ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ, ਉਸ ਨੂੰ ਦੋ ਸਾਲ ਸਖ਼ਤ ਕੈਦ ਬਾਮੁਸ਼ੱਕਤ ਦੀ ਸਜ਼ਾ ਸੁਣਾਈ ਗਈ ਸੀ। ਅਖ਼ਬਾਰ ਨੂੰ ਆਪਣਾ ਪ੍ਰਕਾਸ਼ਨ ਮੁਲਤਵੀ ਕਰਨਾ ਪਿਆ ਸੀ ਹੌਰਨੀਮੈਨ ਨੂੰ ਭਾਰਤ ਤੋਂ ਇੰਗਲੈਂਡ ਡੀਪੋਰਟ ਕਰ ਦਿੱਤਾ ਗਿਆ ਸੀ।

 

 

ਸ੍ਰੀ ਹੌਰਨੀਮੈਨ ਨੇ 1920 ਵਿੱਚ ਛਪੀ ਆਪਣੀ ਪੁਸਤਕ ‘ਅੰਮ੍ਰਿਤਸਰ ਐਂਡ ਅਵਰ ਡਿਊਟੀ ਟੂ ਇੰਡੀਆ’ (ਅੰਮ੍ਰਿਤਸਰ ਤੇ ਭਾਰਤ ਪ੍ਰਤੀ ਸਾਡਾ ਫ਼ਰਜ਼) ਵਿੱਚ ਮਾਈਕਲ ਡਾਇਰ ਦੇ ਸਾਰੇ ਤਸ਼ੱਦਦਾਂ ਦੀ ਦਾਸਤਾਨ ਪੂਰੇ ਵਿਸਥਾਰ ਨਾਲ ਛਾਪੀ ਸੀ। ਉਨ੍ਹਾਂ ਇਸ ਸਾਕੇ ਦੀ ਤੁਲਨਾ ਪਹਿਲਾਂ ਵਾਪਰੇ ਕਾਂਗੋ ਕਤਲੇਆਮ ਅਤੇ ਜਰਮਨੀ ਵੱਲੋਂ ਫ਼ਰਾਂਸ ਤੇ ਬੈਲਜੀਅਮ ਵਿੱਚ ਕੀਤੀਆਂ ਹਿੰਸਕ ਵਧੀਕੀਆਂ ਨਾਲ ਕੀਤੀ ਸੀ। ਉਨ੍ਹਾਂ ਉਸ ਪੁਸਤਕ ਵਿੱਚ ਲਿਖਿਆ ਸੀ ਕਿ – ‘ਇਹ ਮੰਨ ਲੈਣਾ ਨਾਮੁਮਕਿਨ ਹੈ ਕਿ ਇੰਗਲੈਂਡ ਦੇ ਲੋਕਾਂ ਨੇ ਕਦੇ ਬ੍ਰਿਟਿਸ਼ ਜਨਰਲ ਮਾਈਕਲ ਓ’ਡਵਾਇਰ ਦੇ ਕੁਕਰਮਾਂ ਨੂੰ ਸਹੀ ਮੰਨਿਆ ਹੋਵੇਗਾ ਜਾਂ ਕਦੇ ਉਸ ਨੂੰ ਖਿਮਾ ਵੀ ਕੀਤਾ ਹੋਵੇਗਾ। ਓ’ਡਵਾਇਰ ਨੇ ਅੰਮ੍ਰਿਤਸਰ ਦੇ ਜੱਲ੍ਹਿਆਂਵਾਲਾ ਬਾਗ਼ ਵਿਖੇ ਇਕੱਠੀ ਹੋਈ ਭਾਰੀ ਨਿਹੱਥੀ ਭੀੜ ਉੱਤੇ ਬਿਨਾ ਕਿਸੇ ਅਗਾਊਂ ਚੇਤਾਵਨੀ ਦੇ ਗੋਲੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਹ ਤਦ ਤੱਕ ਗੋਲੀਆਂ ਚਲਾਉਂਦਾ ਰਿਹਾ ਸੀ, ਜਦੋਂ ਤੱਕ ਕਿ ਉਸ ਦਾ ਅਸਲਾ ਖ਼ਤਮ ਨਹੀਂ ਸੀ ਹੋ ਗਿਆ ਤੇ ਫਿਰ ਉਹ ਸਾਰੇ ਜ਼ਖ਼ਮੀਆਂ ਨੂੰ ਉਂਝ ਹੀ ਛੱਡ ਕੇ ਚਲਾ ਗਿਆ ਸੀ।’

 

 

ਸ੍ਰੀ ਹੌਰਨੀਮੈਨ ਲਿਖਦੇ ਹਨ ਕਿ ਜਨਰਲ ਡਾਇਰ ਨੇ ਤਦ ਆਪਣੇ ਬਚਾਅ ਵਿੱਚ ਦਿੱਤੇ ਆਪਣੇ ਇੱਕ ਊਟਪਟਾਂਗ ਜਿਹੇ ਬਿਆਨ ਵਿੱਚ ਆਖਿਆ ਸੀ ਕਿ – ‘ਉਸ ਨੂੰ ਲੱਗਾ ਕਿ ਮਾਰਸ਼ਲ–ਲਾਅ (ਫ਼ੌਜੀ ਕਾਨੂੰਨ) ਅਧੀਨ ਸਰਕਾਰੀ ਹੁਕਮਾਂ ਦੀ ਉਲੰਘਣਾ ਹੋਈ ਹੈ। ਜਦ ਕਿ ਤਦ ਅਜਿਹਾ ਕੋਈ ਕਾਨੂੰਨ ਲਾਗੂ ਨਹੀਂ ਸੀ।’ ਉਸ ਇਹ ਵੀ ਕਿਹਾ ਉਸ ਨੇ ਭੀੜ ਨੂੰ ਖਿੰਡਾਉਣ ਲਈ ਅੰਨ੍ਹੇਵਾਹ ਗੋਲੀਆਂ ਚਲਾਉਣਾ ਠੀਕ ਸਮਝਿਆ।

 

 

ਸ੍ਰੀ ਹੌਰਨੀਮੈਨ ਨੇ ਆਪਣੀ ਪੁਸਤਕ ਵਿੱਚ ਅੱਗੇ ਲਿਖਿਆ ਸੀ ਕਿ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਦੇ ਬਾਅਦ ਵੀ ਜਨਰਲ ਓ’ਡਵਾਇਰ ਦੇ ਅੱਤਿਆਚਾਰ ਖ਼ਤਮ ਨਹੀਂ ਹੋ ਗਏ ਸਨ। ਉਸ ਘਿਨਾਉਣੀ ਘਟਨਾ ਦੇ 6 ਹਫ਼ਤੇ ਬਾਅਦ ਤੱਕ ਵੀ ਪੰਜਾਬ ਵਿੱਚ ਫ਼ੌਜੀ ਕਾਨੂੰਨ ਲਾਗੂ ਰਿਹਾ। ਵੱਖੋ–ਵੱਖਰੀਆਂ ਥਾਵਾਂ ਉੱਤੇ ਲੋਕਾਂ ਨੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਜਦੋਂ ਰੋਸ ਮੁਜ਼ਾਹਰੇ ਕਰਨੇ ਸ਼ੁਰੂ ਕਰਨੇ ਸ਼ੁਰੂ ਕੀਤੇ, ਤਾਂ ਵੀ ਉਨ੍ਹਾਂ ਦੀ ਕੁੱਟਮਾਰ ਤੇ ਖਿੱਚੋਤਾਣ ਦੀਆਂ ਘਟਨਾਵਾਂ ਦਾ ਕੋਈ ਅੰਤ ਨਾ ਹੋਇਆ।

 

 

ਮੁਜ਼ਾਹਰਾਕਾਰੀਆਂ ਉੱਤੇ ਗੋਲੀਆਂ ਵੀ ਚਲਾਈਆਂ ਗਈਆਂ। ਬ੍ਰਿਟਿਸ਼ ਪੁਲਿਸ ਨੇ ਭਾਰਤੀ ਪ੍ਰਦਰਸ਼ਨਕਾਰੀਆਂ ਦੇ ਕੱਪੜੇ ਚੌਰਾਹਿਆਂ ਵਿੱਚ ਉਤਾਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੂੰ ਟੈਲੀਫ਼ੋਨ ਦੇ ਖੰਭਿਆਂ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਪਰ ਇਸ ਸਭ ਦੇ ਬਾਵਜੁਦ ਬ੍ਰਿਟਿਸ਼ ਉੱਚ ਅਧਿਕਾਰੀਆਂ ਨੇ ਜਨਰਲ ਡਾਇਰ ਨੂੰ ਸਾਫ਼ ਬਰੀ ਕਰ ਦਿੱਤਾ ਸੀ।

 

 

ਹੌਰਨੀਮੈਨ ਨੂੰ ‘ਭਾਰਤ ਦਾ ਦੋਸਤ’ ਕਿਹਾ ਜਾਂਦਾ ਹੈ, ਜੋ ਸਹੀ ਵੀ ਹੈ। ਸ਼ਹੀਦ–ਏ–ਆਜ਼ਮ ਭਗਤ ਸਿੰਘ ਦੇ ਭਤੀਜੇ ਤੇ ਅਰਥ–ਸ਼ਾਸਤਰ ਦੇ ਪ੍ਰੋਫ਼ੈਸਰ ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ‘ਬੀਜੀ ਹੌਰਨੀਮੈਨ ਭਾਰਤ ਵਿੱਚ ਪੱਤਰਕਾਰੀ ਦੀ ਇੱਕ ਮਿਸਾਲ ਹਨ। ਜਦੋਂ ਅਸੀਂ ਜੱਲ੍ਹਿਆਂਵਾਲਾ ਬਾਗ਼ ਕਤਲੇਆਮ ਨੂੰ ਚੇਤੇ ਕਰਦੇ ਹਾਂ, ਤਾਂ ਸਾਨੂੰ ਹੌਰਨੀਮੈਨ ਨੂੰ ਵੀ ਸ਼ਰਧਾਂਜਲੀ ਜ਼ਰੂਰ ਭੇਟ ਕਰਨੀ ਚਾਹੀਦੀ ਹੈ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:British Journalist BG Hornimann told world about Jallianwala massacre