ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਿਟਿਸ਼ ਤੇ ਅਮਰੀਕਨ ਅੰਗ੍ਰੇਜ਼ੀ ਦਾ ਵਿਵਾਦ ਪੁੱਜਾ ਪੰਜਾਬ-ਹਰਿਆਣਾ ਹਾਈ ਕੋਰਟ

ਬ੍ਰਿਟਿਸ਼ ਤੇ ਅਮਰੀਕਨ ਅੰਗ੍ਰੇਜ਼ੀ ਦਾ ਵਿਵਾਦ ਪੁੱਜਾ ਪੰਜਾਬ-ਹਰਿਆਣਾ ਹਾਈ ਕੋਰਟ

ਪੰਜਾਬ ਅਤੇ ਹਰਿਆਣਾ ਹਾਈ ਕੋਰਟ `ਚ ਅੰਗ੍ਰੇਜ਼ੀ ਦੇ ਇੱਕ ਸ਼ਬਦ-ਜੋੜ ਦਾ ਬੇਹੱਦ ਦਿਲਚਸਪ ਮਾਮਲਾ ਪੁੱਜਾ ਹੈ। ਇਹ ਮਾਮਲਾ ਇੰਗਲੈਂਡ ਦੀ ਅੰਗ੍ਰੇਜ਼ੀ ਅਤੇ ਅਮਰੀਕਨ ਅੰਗ੍ਰੇਜ਼ੀ ਦੇ ਸ਼ਬਦ-ਜੋੜਾਂ ਵਿਚਲੇ ਫ਼ਰਕ ਨਾਲ ਜੁੜਿਆ ਹੋਇਆ ਹੈ। ਇੱਕ ਮਹਿਲਾ ਉਮੀਦਵਾਰ ਰਜਨੀ ਇਨ੍ਹਾਂ ਸ਼ਬਦ-ਜੋੜਾਂ ਦੇ ਭੰਬਲਭੂਸੇ ਕਾਰਨ ਸਰਕਾਰੀ ਨੌਕਰੀ ਤੋਂ ਵਾਂਝੀ ਰਹਿ ਗਈ; ਇਸੇ ਲਈ ਉਸ ਨੇ ਹਾਈ ਕੋਰਟ `ਚ ਅਰਜ਼ੀ ਦਾਖ਼ਲ ਕਰ ਦਿੱਤੀ।


ਹੁਣ ਇਹ ਵੇਖਣਾ ਵੀ ਦਿਲਚਸਪ ਹੋਵੇਗਾ ਕਿ ਭਾਰਤ `ਚ ਪ੍ਰਚੱਲਿਤ ਅਮਰੀਕਨ ਤੇ ਬ੍ਰਿਟਿਸ਼ ਅੰਗ੍ਰੇਜ਼ੀ ਦੇ ਇਸ ਪੁਰਾਣੇ ਵਿਵਾਦ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਕੀ ਫ਼ੈਸਲਾ ਸੁਣਾਉਂਦੀ ਹੈ।


ਮਹਿਲਾ ਉਮੀਦਵਾਰ ਰਜਨੀ ਬਠਿੰਡਾ ਦੀ ਰਹਿਣ ਵਾਲੀ ਹੈ। ਉਸ ਨੇ ਲੋਅਰ ਕੋਰਟ ਵਿੱਚ ਸਟੈਨੋਗ੍ਰਾਫ਼ਰ ਦੀ ਆਸਾਮੀ ਲਈ ਅਰਜ਼ੀ ਦਿੱਤੀ ਸੀ ਪਰ ਉਹ ਸਿਰਫ਼ ਇੱਕ ਸ਼ਬਦ-ਜੋੜ ਕਾਰਨ ਵਾਂਝੀ ਰਹਿ ਗਈ ਅਤੇ ਇੰਝ ਅੰਗ੍ਰੇਜ਼ੀ ਲਿਖਣ ਦੇ ਬ੍ਰਿਟਿਸ਼ ਤੇ ਅਮਰੀਕਨ ਤਰੀਕਿਆਂ ਦਾ ਵਿਵਾਦ ਹਾਈ ਕੋਰਟ ਪੁੱਜ ਗਿਆ।


ਰਜਨੀ ਨੇ ਪਟੀਸ਼ਨ `ਚ ਲਿਖਿਆ ਹੈ ਕਿ ਉਸ ਨੇ ਪੰਜਾਬ ਵਿੱਚ ਲੋਅਰ ਕੋਰਟ `ਚ ਸਟੈਨੋਗ੍ਰਾਫ਼ਰ ਦੀ ਆਸਾਮੀ ਲਈ ਅਰਜ਼ੀ ਦਿੱਤੀ ਸੀ। ਉਸ ਨੇ ਇਸ ਲਈ ਟੈਸਟ ਦਿੱਤਾ ਸੀ। ਉਸ ਟੈਸਟ ਵਿੱਚ ਸ਼ਬਦ ‘ਇਨਰੋਲਮੈਂਟ` ਦੇ ਸ਼ਬਦ-ਜੋਡ ਗ਼ਲਤ ਦੱਸ ਕੇ ਉਸ ਦੇ ਦੋ ਨੰਬਰ ਕੱਟ ਲਏ ਗਏ। ਇਸ ਕਾਰਨ ਉਹ ਸਟੈਨੋਗ੍ਰਾਫ਼ਾਰ ਗ੍ਰੇਡ-3 ਤੋਂ ਵਾਂਝੀ ਰਹਿ ਗਈ।


ਦਰਅਸਲ, ਬ੍ਰਿਟਿਸ਼ ਅੰਗ੍ਰੇਜ਼ੀ ਵਿੱਚ ‘ਇਨਰੋਲਮੈਂਟ` ਇੱਕ ‘ਐੱਲ` ਨਾਲ ਲਿਖਿਆ ਜਾਂਦਾ ਹੈ, ਜਦ ਕਿ ਅਮਰੀਕਨ ਅੰਗ੍ਰੇਜ਼ੀ ਵਿੱਚ ਇਹ ਦੋ ‘ਐੱਲ` ਨਾਲ ਲਿਖਿਆ ਜਾਂਦਾ ਹੈ। ਇਹ ਦੋਵੇਂ ਹੀ ਸ਼ਬਦ-ਜੋੜ ਠੀਕ ਹਨ ਤੇ ਇਸ ਸ਼ਬਦ ਦਾ ਅਰਥ ਵੀ ਇੱਕੋ ਹੈ।


ਰਜਨੀ ਨੇ ਆਪਣੇ ਟੈਸਟ ਵਿੱਚ ਸ਼ਬਦ-ਜੋੜ ਇੱਕ ‘ਐੱਲ` ਨਾਲ ਲਿਖਿਆ ਸੀ ਪਰ ਇਸ ਨੂੰ ਗ਼ਲਤ ਦੱਸ ਕੇ ਉਸ ਦੇ ਦੋ ਅੰਕ ਕੱਟ ਲਏ ਗਏ। ਉਸ ਦੇ ਵਕੀਲ ਡਾ. ਰਾਓ ਪੀਐੱਸ ਗਿਰਿਵਰ ਨੇ ਦੱਸਿਆ ਕਿ ਉਨ੍ਹਾਂ ਦੀ ਮੁਵੱਕਿਲ ਨੇ ਦਿਵਯਾਂਗ ਸ਼੍ਰੇਣੀ ਵਿੱਚ ਅਰਜ਼ੀ ਦਿੱਤੀ ਸੀ ਤੇ ਉਸ ਨੂੰ ਟੈਸਟ ਵਿੱਚ 34 ਅੰਕ ਦਿੱਤੇ ਗਏ ਸਨ। ਉਸੇ ਦੀ ਦਿਵਯਾਂਗ ਸ਼੍ਰੇਣੀ ਵਿੱਚ 36 ਅੰ਼ਕ ਹਾਸਲ ਕਰਨ ਵਾਲੇ ਬਿਨੈਕਾਰਾਂ ਨੂੰ ਨੌਕਰੀ ਮਿਲ ਗਈ ਪਰ ਉਹ ਸਿਰਫ਼ ਸ਼ਬਦ-ਜੋੜ ਕਾਰਨ ਵਾਂਝੀ ਰਹਿ ਗਈ।


ਹੁਣ ਰਜਨੀ ਦਾ ਕਹਿਣਾ ਹੈ ਕਿ ਉਸ ਨੂੰ ਉਹ ਦੋ ਅੰਕ ਦਿੱਤੇ ਜਾਣ ਤੇ ਉਸ ਨੂੰ ਸਰਕਾਰੀ ਨੌਕਰੀ `ਤੇ ਨਿਯੁਕਤ ਕੀਤਾ ਜਾਵੇ।


ਇਸ ਮਾਮਲੇ ਦੀ ਸੁਣਵਾਈ ਹੁਣ ਆਉਂਦੀ 26 ਨਵੰਬਰ ਨੂੰ ਹੋਣੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:British US English controversy reaches Pb Hry High Court