ਗੁਰਦਾਸਪੁਰ ਸਦਰ ਪੁਲਿਸ ਥਾਣੇ ਅਧੀਨ ਪੈਂਦੇ ਪਿੰਡ ਚਾਗੂਵਾਲ `ਚ ਇੱਕ ਮਿੰਨੀ ਬੱਸ ਦੇ ਪਲਟ ਜਾਣ ਕਾਰਨ 30 ਯਾਤਰੀ ਜ਼ਖ਼ਮੀ ਹੋ ਗਏ। ਇਹ ਘਟਨਾ ਸ਼ੁੱਕਰਵਾਰ ਸਵੇਰੇ 7:30 ਵਜੇ ਦੀ ਹੈ। ਚਸ਼ਮਦੀਦ ਗਵਾਹਾਂ ਅਨੁਸਾਰ ਡਰਾਇਵਰ ਬੱਸ ਤੋਂ ਆਪਣਾ ਕੰਟਰੋਲ ਗੁਆ ਬੈਠਾ ਤੇ ਹਾਦਸਾ ਵਾਪਰ ਗਿਆ। ਆਲੇ-ਦੁਆਲੇ ਦੇ ਪਿੰਡਾਂ ਦੇ ਵਾਸੀਆਂ ਨੇ ਪਲਟੀ ਹੋਈ ਬੱਸ `ਚੋਂ ਯਾਤਰੀਆਂ ਨੂੰ ਬਾਹਰ ਕੱਢਣ ਵਿੱਚ ਮਦਦ ਕੀਤੀ। ਬੱਸ ਡਰਾਇਵਰ ਗੁਰਪ੍ਰੀਤ ਸਿੰਘ ਵਾਸੀ ਦੋਸਤਪੁਰ ਵੀ ਜ਼ਖ਼ਮੀ ਹੋਇਆ ਹੈ।
ਗੰਭੀਰ ਰੂਪ ਵਿੱਚ ਚਾਰ ਜ਼ਖ਼ਮੀਆਂ ਸਮੇਤ 14 ਜਣਿਆਂ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ `ਚ ਦਾਖ਼ਲ ਕਰਵਾਇਆ ਗਿਆ ਹੈ। ਬਾਕੀਆਂ ਦੇ ਮਾਮੂਲੀ ਸੱਟਾਂ ਲੱਗੀਆਂ ਹਨ ਤੇ ਉਨ੍ਹਾਂ ਨੂੰ ਮੁਢਲੀ ਸਹਾਇਤਾ ਦੇਣ ਮਗਰੋਂ ਸਿਵਲ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਬੱਸ ਨੰਬਰ ਪੀਬੀ-06ਈ 2932 `ਚ 45 ਯਾਤਰੀ ਸਵਾਰ ਸਨ ਤੇ ਉਹ ਦੋਸਤਪੁਰ ਤੋਂ ਗੁਰਦਾਸਪੁਰ ਜਾ ਰਹੀ ਸੀ ਕਿ ਉਹ ਹਰਦੋਛੰਨੀ ਰੋਡ `ਤੇ ਚਾਗੂਵਾਲ ਕੋਲ ਪਲਟ ਗਈ।
ਦੋ ਜ਼ਖ਼ਮੀਆਂ ਰਾਕੇਸ਼ ਕੁਮਾਰ (16) ਵਾਸੀ ਚਾਗੂਵਾਲ ਅਤੇ ਤੇਜਿੰਦਰ ਕੌਰ (35) ਵਾਸੀ ਆਲੀ ਨੰਗਲ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਸਰਕਾਰੀ ਹਸਪਤਾਲ `ਚ ਰੈਫ਼ਰ ਕੀਤਾ ਗਿਆ ਹੈ।
ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।