ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਬਨਿਟ ਮੰਤਰੀ ਰੰਧਾਵਾ ਦੀ ਗੁਰੂ ਨਾਨਕ ਦੇਵ ਜੀ ਬਾਰੇ ਵੀਡੀਓ ਮੰਦਭਾਗਾ : ਬਾਬਾ ਹਰਨਾਮ ਸਿੰਘ ਖ਼ਾਲਸਾ

ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਗੁਰੂ ਨਾਨਕ ਦੇਵ ਜੀ ਬਾਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਵਾਇਰਲ ਹੋਈ ਵੀਡੀਓ ਪ੍ਰਤੀ ਟਿੱਪਣੀ ਕਰਦਿਆਂ ਇਸ ਨੂੰ ਮੰਦਭਾਗਾ ਕਰਾਰ ਦਿੱਤਾ ਹੈ।

 

ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਬਿਆਨ 'ਚ ਦਮਦਮੀ ਟਕਸਾਲ ਦੇ ਮੁਖੀ ਨੇ ਮੰਤਰੀ ਸ: ਰੰਧਾਵਾ ਨੂੰ ਸਲਾਹ ਦਿਤੀ ਕਿ ਜੇ ਉਨ੍ਹਾਂ ਤੋਂ ਗੁਰੂ ਸਾਹਿਬ ਪ੍ਰਤੀ ਜਾਣੇ ਅਨਜਾਣੇ 'ਚ ਹੀ ਅਜਿਹੀ ਕੋਈ ਅਵਗਿਆ ਜਾਂ ਗੁਸਤਾਖ਼ੀ ਹੋ ਗਈ ਹੈ ਤਾਂ ਉਸ ਭੁੱਲ ਪ੍ਰਤੀ ਪਸ਼ਚਾਤਾਪ ਕਰਦਿਆਂ ਗੁਰੂ ਪੰਥ ਤੋਂ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ।

 

ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਸਿਆਸੀ ਆਗੂ ਸਮਾਜ ਲਈ ਰੋਲ ਆਫ਼ ਮਾਡਲ (ਮਾਰਗ ਦਰਸ਼ਨ) ਹੋਇਆ ਕਰਦੇ ਹਨ। ਉਨ੍ਹਾਂ ਦਾ ਆਚਾਰ ਵਿਹਾਰ ਨੂੰ ਲੋਕ ਅਪਣਾਉਂਦੇ ਆਏ ਹਨ ਅਜਿਹੇ 'ਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਖਿਆਲ ਰਖਿਆ ਜਾਣਾ ਆਗੂਆਂ ਦਾ ਨੈਤਿਕ ਫ਼ਰਜ਼ ਬਣਦਾ ਹੈ।

 

ਉਨ੍ਹਾਂ ਕਿਹਾ ਕਿ ਕਿਸੇ ਵੀ ਆਗੂ ਨੂੰ ਗੁਰੂ ਸਾਹਿਬਾਨ ਪ੍ਰਤੀ ਕੋਈ ਵੀ ਪ੍ਰਸੰਗ ਛੇੜਨ ਮੌਕੇ ਆਪਣੀ ਭਾਸ਼ਾ ਵਿਚ ਸੰਜਮਤਾ ਰੱਖਦਿਆਂ ਗੁਰੂ ਸਾਹਿਬਾਨ ਦੇ ਅਦਬ ਸਤਿਕਾਰ ਦਾ ਖ਼ਾਸ ਖਿਆਲ ਰਖਿਆ ਜਾਣਾ ਚਾਹੀਦਾ ਹੈ।


ਇਸੇ ਦੌਰਾਨ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਆਨ ਲਾਈਨ ਵਿਸ਼ਵ-ਕੋਸ਼ ਵਿੱਕੀਪੀਡੀਆ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਿੱਖ ਪੰਥ ਦੀ ਚੁਣੀ ਹੋਈ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਨਾਨਕਸ਼ਾਹੀ ਕਲੰਡਰ ਦੇ ਮੁਤਾਬਿਕ ਨਾ ਦਿਖਾਏ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਨੂੰ ਉਕਤ ਵਿੱਕੀਪੀਡੀਆ 'ਤੇ ਸਿੱਖ ਪੰਥ ਨਾਲ ਸੰਬੰਧਿਤ ਸਮਗਰੀ 'ਤੇ ਗਹਿਰੀ ਨਜ਼ਰ ਰੱਖਦਿਆਂ ਉਸ 'ਚ ਲੋੜੀਂਦੀ ਸੋਧ ਕਰਵਾਉਣ ਦੀ ਅਪੀਲ ਕੀਤੀ ਹੈ।

 

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਇੰਟਰਨੈੱਟ 'ਤੇ ਆਨ ਲਾਈਨ ਖੋਜ ਅਤੇ ਸਮਗਰੀ ਦੀ ਅਹਿਮੀਅਤ ਇਨਕਾਰ ਨਹੀਂ ਹੋਇਆ ਜਾ ਸਕਦਾ। ਕਿਸੇ ਪ੍ਰਕਾਰ ਦੀ ਜਾਣਕਾਰੀ ਜੁਟਾਉਣ ਲਈ ਨਵੀਂ ਪੀੜੀ ਦੀ ਉਕਤ ਸਰੋਤ 'ਤੇ ਟੇਕ ਦਿਨੋਂ ਦਿਨ ਵੱਧ ਰਹੀ ਹੈ, ਅਜਿਹੇ 'ਚ ਇੰਟਰਨੈੱਟ ਰਾਹੀਂ ਪਰੋਸੀ ਜਾ ਰਹੀ ਧਾਰਮਿਕ ਸਮਗਰੀ ਅਤੇ ਸਿੱਖ ਪੰਥ ਦੇ ਕੌਮੀ ਦਿਹਾੜਿਆਂ ਪ੍ਰਤੀ ਭੁਲੇਖਾ ਪਾਊ ਸਮਗਰੀ 'ਚ ਸੋਧ ਜ਼ਰੂਰੀ ਹੈ। ਜਿਸ ਦਾ ਜ਼ਿੰਮਾ ਸ਼੍ਰੋਮਣੀ ਕਮੇਟੀ ਨੂੰ ਤੁਰੰਤ ਲੈਣਾ ਚਾਹੀਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Cabinet Minister Randhawa s video about Guru Nanak Dev Ji unfortunate: Baba Harnam Singh Khalsa