ਪੰਜਾਬ ਦੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ, ਸਿੱਖਿਆ ਤੇ ਲੋਕ ਨਿਰਮਾਣ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਅਤੇ ਖੁਰਾਕ ਤੇ ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਨੇ ਉੱਘੇ ਪੰਜਾਬੀ ਲੇਖਕ, ਵਿਦਵਾਨ ਅਤੇ ਇਤਿਹਾਸਕਾਰ ਪ੍ਰੋ. ਸੁਰਜੀਤ ਹਾਂਸ ਦੇ ਦੇਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪ੍ਰੋ. ਹਾਂਸ ਨੇ ਅੱਜ ਸਵੇਰੇ ਆਖਰੀ ਸਾਹ ਲਿਆ।
ਵਿਛੜੀ ਰੂਹ ਦੀ ਸਾਹਿਤਕ ਦੇਣ ਨੂੰ ਯਾਦ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਖੇਤੀ ਨਾਲ ਜੁੜੇ ਰਹੇ ਸੁਰਜੀਤ ਹਾਂਸ ਨੇ ਲਗਾਤਾਰ ਵੀਹ ਵਰ੍ਹੇ ਲਾ ਕੇ ਵਿਲੀਅਮ ਸ਼ੇਕਸਪੀਅਰ ਦੀਆਂ ਲਿਖਤਾਂ ਦਾ ਪੰਜਾਬੀ ਵਿਚ ਅਨੁਵਾਦ ਕੀਤਾ ਅਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਸਰਪ੍ਰਸਤੀ ਹੇਠ ਸ਼ੇਕਸਪੀਅਰ ਦੀਆਂ ਸਾਢੇ ਤਿੰਨ ਦਰਜਨ ਪੁਸਤਕਾਂ ਦੇ ਅਨੁਵਾਦ ਦਾ ਕਾਰਜ ਨੇਪਰੇ ਚਾੜ੍ਹਿਆ।
ਪ੍ਰੋ. ਸੁਰਜੀਤ ਹਾਂਸ ਦੇ ਪਰਿਵਾਰਕ ਮੈਂਬਰਾਂ ਨਾਲ ਦਿਲੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀਆਂ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਕਾਲ ਪੁਰਖ ਅੱਗੇ ਅਰਦਾਸ ਕੀਤੀ।