ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਕੀ ਅਕਾਲ ਤਖ਼ਤ ਸਾਹਿਬ ਦਾ ਹੁਕਮ ਤਖ਼ਤ ਪਟਨਾ ਸਾਹਿਬ ’ਤੇ ਲਾਗੂ ਨਹੀਂ ਹੁੰਦਾ?

ਤਖ਼ਤ ਸ੍ਰੀ ਪਟਨਾ ਸਾਹਿਬ

ਸਿੱਖ ਪੰਥ ਲਈ ਸਰਬਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਹੈ ਪਰ ਹੁਣ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਹਿੰਦਰ ਪਾਲ ਸਿੰਘ ਢਿਲੋਂ ਨੇ ਅਦਾਲਤ ’ਚ ਜਿਹੜਾ ਹਲਫ਼ੀਆ ਬਿਆਨ ਦਿੱਤਾ ਹੈ; ਉਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ‘ਤਖ਼ਤ ਸ੍ਰੀ ਪਟਨਾ ਸਾਹਿਬ ਹੀ ਸਰਬਉੱਚ ਤਖ਼ਤ ਹੈ। ਇਸ ਤਖ਼ਤ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਲਾਗੂ ਨਹੀਂ ਹੁੰਦੇ।’

 

 

ਇੱਥੇ ਵਰਨਣਯੋਗ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਆਪਣੀ ਬਹਾਲੀ ਲਈ ਪਟਨਾ ਦੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਹੈ।

 

 

ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਅਦਾਲਤ ਨੇ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਦੇ ਅਹੁਦੇ ਤੋਂ ਗਿਆਨੀ ਇਕਬਾਲ ਸਿੰਘ ਨੂੰ ਹਟਾਉਣ ਬਾਰੇ ਪੁੱਛਿਆ ਸੀ ਤਦ ਉਨ੍ਹਾਂ ਆਪਣੇ ਇੱਕ ਹਲਫ਼ੀਆ ਬਿਆਨ ਵਿੱਚ ਕਿਹਾ ਸੀ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਉੱਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕੋਈ ਫ਼ੈਸਲਾ ਲਾਗੂ ਨਹੀਂ ਹੁੰਦਾ। ਨਾ ਹੀ ਪ੍ਰਬੰਧਕ ਕਮੇਟੀ ਲਈ ਅਕਾਲ ਤਖ਼ਤ ਸਾਹਿਬ ਦਾ ਕੋਈ ਫ਼ੈਸਲਾ ਮੰਨਣਾ ਲਾਜ਼ਮੀ ਹੈ।

 

 

ਸ੍ਰੀ ਢਿਲੋਂ ਗਿਆਨੀ ਇਕਬਾਲ ਦਾ ਉਸ ਵੇਲੇ ਵੀ ਸਮਰਥਨ ਕੀਤਾ ਸੀ; ਜਦੋਂ ਪ੍ਰਬੰਧਕ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਦਿਆਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਇਆ ਸੀ। ਇਹ ਦੂਜੀ ਵਾਰ ਹੈ, ਜਦੋਂ ਤਖ਼ਤ ਸ੍ਰੀ ਪਟਨਾ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦਿੱਤੀ ਸੀ।

 

 

ਸਾਲ 2002 ਦੌਰਾਨ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉਦੋਂ ਦੇ ਜੱਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਤੇ ਗਿਆਨੀ ਇਕਬਾਲ ਸਿੰਘ ਵਿਚਾਲੇ ਪੈਦਾ ਹੋਏ ਵਿਵਾਦ ਦੌਰਾਨ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਚੁਣੌਤੀ ਦਿੱਤੀ ਗਈ ਸੀ। ਬਾਅਦ ਵਿੱਚ ਗਿਆਨੀ ਇਕਬਾਲ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਨੂੰ ਪ੍ਰਵਾਨ ਕਰ ਲਿਆ ਸੀ।
 

 

ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਮਹਿੰਦਰ ਸਿੰਘ ਢਿਲੋਂ ਨੂੰ 10 ਦਿਨਾਂ ਅੰਦਰ ਇਸ ਮੁੱਦੇ ਉੱਤੇ ਜਵਾਬ ਦੇਣ ਲਈ ਆਖਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Can an edict of Akal Takht Sahib not be imposed on Takht Patna Sahib