ਕੈਨੇਡਾ `ਚ ਵੱਸਦੇ ਸਿੱਖਾਂ ਦੇ ਇੱਕ ਵਰਗ ਵੱਲੋਂ ਕੀਤੀਆਂ ਜਾ ਰਹੀਆਂ ਖ਼ਾਲਿਸਤਾਨ-ਪੱਖੀ ਗਤੀਵਿਧੀਆਂ `ਤੇ ਟਿੱਪਣੀ ਕਰਦਿਆਂ ਭਾਰਤ `ਚ ਕੈਨੇਡੀਅਨ ਹਾਈ ਕਮਿਸ਼ਨਰ ਸ੍ਰੀ ਨਾਦਿਰ ਪਟੇਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਇੱਕਜੁਟ ਭਾਰਤ ਵਿੱਚ ਵਿਸ਼ਵਾਸ ਰੱਖਦਾ ਹੈ ਪਰ ਉੱਥੋਂ ਦੇ ਨਾਗਰਿਕਾਂ ਨੂੰ ਆਪਣੇ ਵਿਚਾਰ ਪ੍ਰਗਟਾਉਣ ਦੀ ਵੀ ਪੂਰੀ ਆਜ਼ਾਦੀ ਦਿੱਤੀ ਜਾਂਦੀ ਹੈ।
ਸ੍ਰੀ ਪਟੇਲ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਆਏ ਸਨ। ਇਸ ਮੌਕੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਇਸ ਵਿਸ਼ੇ `ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਵੀ ਕੁਝ ਮਹੀਨੇ ਪਹਿਲਾਂ ਇਸੇ ਸ਼ਹਿਰ `ਚ ਵਿਚਾਰ-ਚਰਚਾ ਹੋਈ ਸੀ। ‘ਕੈਨੇਡਾ ਦਾ ਭਾਰਤ ਦੀ ਇੱਕਜੁਟਤਾ ਵਿੱਚ ਦ੍ਰਿੜ੍ਹ ਵਿਸ਼ਵਾਸ ਹੈ। ਅਸੀਂ ਸੁਰੱਖਿਆ ਮਾਮਲਿਆਂ `ਚ ਭਾਰਤੀ ਅਧਿਕਾਰੀਆਂ ਤੇ ਏਜੰਸੀਆਂ ਨੂੰ ਪੂਰਾ ਸਹਿਯੋਗ ਦੇਵਾਂਗੇ। ਜੇ ਕੋਈ ਵਿਅਕਤੀ ਕਾਨੂੰ਼ਨ ਤੋੜਦਾ ਹੈ, ਤਾਂ ਅਸੀਂ ਉਸ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਾਂ ਤੇ ਨਿੱਠ ਕੇ ਜਾਂਚ ਵੀ ਕਰਦੇ ਹਾਂ।`
ਸ੍ਰੀ ਨਾਦਿਰ ਪਟੇਲ ਨੇ ਕਿਹਾ ਕਿ ਕੈਨੇਡਾ ਦਾ ਕਾਨੂੰਨ ਸਭ ਨੂੰ ਬੋਲਣ ਭਾਵ ਆਪਣੇ ਵਿਚਾਰ ਪ੍ਰਗਟਾਉਣ ਦੀ ਆਜ਼ਾਦੀ ਵੀ ਦਿੰਦਾ ਹੈ, ਉਂਝ ਭਾਵੇਂ ਸਾਡਾ ਦੇਸ਼ ਇੱਕਜੁਟ ਭਾਰਤ ਵਿੱਚ ਵਿਸ਼ਵਾਸ ਰੱਖਦਾ ਹੈ। ਸੁਰੱਖਿਆ ਨੂੰ ਕਿਸੇ ਵੀ ਤਰ੍ਹਾਂ ਦੇ ਖ਼ਤਰੇ ਦਾ ਮੁਕਾਬਲਾ ਕਰਨ ਦਾ ਅਸੀਂ ਯਕੀਨ ਦਿਵਾਉਂਦੇ ਹਾਂ।
ਕੈਨੇਡੀਅਨ ਹਾਈ ਕਮਿਸ਼ਨਰ ਸ੍ਰੀ ਨਾਦਿਰ ਪਟੇਲ ਨਾਲ ਅੱਜ ਉਨ੍ਹਾਂ ਦਾ ਪਰਿਵਾਰ (ਪਤਨੀ ਸ੍ਰੀਮਤੀ ਜੈਨਿਫ਼ਰ ਗ੍ਰਾਹਮ ਅਤੇ ਧੀ ਨਾਇਲਾ) ਵੀ ਸ੍ਰੀ ਹਰਿਮੰਦਰ ਸਾਹਿਬ ਪੁੱਜਾ ਸੀ, ਜਿੱਥੇ ਉਨ੍ਹਾਂ ਲੰਗਰ ਹਾਲ `ਚ ਸੇਵਾ ਕੀਤੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਗੋਬਿੰਦ ਸਿੰਘ ਲੌਂਗੋਵਾਲ, ਮੁੱਖ ਸਕੱਤਰ ਰੂਪ ਸਿੰਘ ਨੇ ਕੈਨੇਡੀਅਨ ਦੂਤ ਦਾ ਸੁਆਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਬਖ਼ਸਿ਼ਸ਼ ਕੀਤਾ ਤੇ ਸ੍ਰੀ ਹਰਿਮੰਦਰ ਸਾਹਿਬ ਦਾ ਇੱਕ ਮਾਡਲ ਵੀ ਭੇਟ ਕੀਤਾ।

ਸ੍ਰੀ ਨਾਦਿਰ ਪਟੇਲ ਨੇ ਕਿਹਾ ਕਿ ਖੇਤੀਬਾੜੀ ਦੇ ਮਾਮਲੇ `ਚ ਪੰਜਾਬ ਇਸ ਵੇਲੇ ਭਾਰਤ ਦਾ ਮੋਹਰੀ ਸੂਬਾ ਹੈ। ‘ਕੈਨੇਡਾ ਕੋਲ ਖੇਤੀਬਾੜੀ ਦਾ ਬਹੁਤ ਮਜ਼ਬੂਤ ਨੈੱਟਵਰਕ ਹੈ ਤੇ ਉਹ ਭਾਰਤ ਨਾਲ ਇਸ ਖੇਤਰ ਵਿੱਚ ਸਹਿਯੋਗ ਹੋਰ ਵੀ ਵਧਾਉਣਾ ਚਾਹੁੰਦਾ ਹੈ। ਸਾਡੇ ਕੋਲ ਖੇਤੀਬਾੜੀ ਦੀ ਨਵੀਂ ਤਕਨਾਲੋਜੀ ਹੈ ਤੇ ਸਿੰਜਾਈ ਦੀਆਂ ਨਵੀਂਆਂ ਤਕਨੀਕਾਂ ਹਨ।`
ਉਨ੍ਹਾਂ ਕਿਹਾ ਕਿ ਕੈਨੇਡਾ `ਚ ਪੰਜਾਬੀਆਂ ਦੀ ਵੱਡੀ ਗਿਣਤੀ ਵਸਦੀ ਹੈ। ‘ਸਾਡੀ ਸਿੱਖਿਆ ਪ੍ਰਣਾਲੀ ਬਹੁਤ ਮਜ਼ਬੂਤ ਹੈ ਤੇ ਬਹੁਤ ਸਾਰੇ ਪੰਜਾਬੀ ਵਿਦਿਆਰਥੀ ਤੇ ਵਿਦਿਆਰਥਣਾਂ ਵੀ ਕੈਨੇਡਾ `ਚ ਉੱਚ-ਸਿੱਖਿਆ ਹਾਸਲ ਕਰ ਰਹੇ ਹਨ। ਪਰ ਅਸੀਂ ਚਾਹੰੁਦੇ ਹਾਂ ਕਿ ਕੈਨੇਡੀਅਨ ਵਿਦਿਆਰਥੀ ਵੀ ਪੰਜਾਬ ਆ ਕੇ ਇੰਝ ਹੀ ਪੜ੍ਹਨ।`
ਸ੍ਰੀ ਪਟੇਲ ਨੇ ਕਿਹਾ ਕਿ ਕੈਨੇਡੀਅਨ ਕੰਪਨੀਆਂ ਭਾਰਤ `ਚ ਸਰਗਰਮ ਹਨ ਪਰ ਉਹ ਪੰਜਾਬ ਵਿੱਚ ਹੋਰ ਵੀ ਜਿ਼ਆਦਾ ਸਰਗਰਮ ਹੋਣਾ ਚਾਹੁੰਦੀਆਂ ਹਨ। ‘ਸਾਨੂੰ ਭਾਰਤ `ਚ ਨਿਵੇਸ਼ ਵਧਾਉਣ ਦੀ ਜ਼ਰੂਰਤ ਹੈ ਤੇ ਅਸੀਂ ਪਿਛਲੇ ਕੁਝ ਵਰਿਆਂ ਦੌਰਾਲ 20 ਅਰਬ ਡਾਲਰ ਤੋਂ ਵੀ ਵੱਧ ਦਾ ਸਰਮਾਇਆ ਭਾਰਤ `ਚ ਲਾਇਆ ਹੈ।`