ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਵੈੱਬਸਾਈਟ, ਇਕ ਮੋਬਾਈਲ ਐਪ ਅਤੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਲਾਂਚ ਕੀਤੇ।
ਸੂਚਨਾ ਤਕਨਾਲੋਜੀ ਦੇ ਇਨ੍ਹਾਂ ਪਲੇਟਫਾਰਮਾਂ ਨੂੰ ਲਾਂਚ ਕਰਨ ਦਾ ਮਕਸਦ ਚੱਲ ਰਹੀਆਂ ਗਤੀਵਿਧੀਆਂ ਅਤੇ ਇਸ ਸਾਲ ਨਵੰਬਰ ਮਹੀਨੇ ਹੋਣ ਵਾਲੇ ਸਮਾਗਮਾਂ ਨਾਲ ਸ਼ਰਧਾਲੂਆਂ ਨੂੰ ਦਿਲ ਖਿੱਚਵੇਂ ਢੰਗ ਨਾਲ ਜੋੜਨਾ ਹੈ ਅਤੇ ਸ਼ਰਧਾਲੂਆਂ ਨੂੰ ਹਰ ਗਤੀਵਿਧੀ/ਸਮਾਗਮ ਦੀ ਜਾਣਕਾਰੀ ਮਿਲਦੀ ਰਹੇ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਡਿਜ਼ੀਟਲ ਪਲੇਟਫਾਰਮ ਨਾ ਸਿਰਫ਼ ਮੁਲਕ ਵਿੱਚ ਸਗੋਂ ਪੂਰੇ ਵਿਸ਼ਵ ਵਿੱਚ ਲੋਕਾਂ ਨੂੰ ਖ਼ਾਸ ਤੌਰ ’ਤੇ ਸਾਡੇ ਨੌਜਵਾਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਜਿਸ ਦੀ ਅਜੋਕੇ ਸਮੇਂ ਵਿੱਚ ਵੀ ਪੂਰੀ ਸਾਰਥਿਕਤਾ ਹੈ, ਨਾਲ ਜੋੜਨ ਲਈ ਸਹਾਈ ਹੋਵੇਗਾ।
ਮੁੱਖ ਮੰਤਰੀ ਨੇ ਅੱਗੇ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦਾ ਉਦੇਸ਼ ਸਹਿਣਸ਼ੀਲਤਾ, ਸ਼ਾਂਤੀ, ਔਰਤਾਂ ਦੇ ਵੱਧ ਅਧਿਕਾਰਾਂ ਅਤੇ ਕੁਦਰਤੀ ਵਸੀਲਿਆਂ ਦੀ ਸਾਂਭ-ਸੰਭਾਲ ਦੇ ਸਿਧਾਂਤ ’ਤੇ ਆਧਾਰਤ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਕਰਨਾ ਹੈ ਜਿਸ ਦਾ ਵਰਣਨ ਇਸ ਵੈੱਬਸਾਈਟ ’ਤੇ ਵੀ ਕੀਤਾ ਹੈ।
ਮੁੱਖ ਮੰਤਰੀ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਵੈਬਸਾਈਟ 550yearsofgurunanakdevji.com - ਦੀ ਸ਼ੁਰੂਆਤ ਕੀਤੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਪਲੇਟਫਾਰਮ ਵੀ ਲਾਂਚ ਕੀਤਾ ਗਿਆ ਜਿਨ੍ਹਾਂ ਵਿੱਚ Facebook page 550YearsofGuruNanakDevJi/ , twitter handle 550yrsGuruNanak, Instagram account 550YearsofGuruNanakDevJi ਅਤੇ ਇੱਕ ਯੂ.ਟਿਊਬ ਚੈਨਲ ਸ਼ਾਮਲ ਹਨ।