ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੰਤਰੀ ਮੰਡਲ ਨੇ ਨਵੀਂ ਮੰਡੀਆਂ ਐਲਾਨਣ ਦੇ ਅਧਿਕਾਰ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ

ਫਾਈਲ ਫੋਟੋ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਡਿਪਟੀ ਕਮਿਸ਼ਨਰਾਂ ਨੂੰ ਆਪੋ-ਆਪਣੇ ਜ਼ਿਲ੍ਹਿਆਂ ਵਿੱਚ ਲੋੜ ਮੁਤਾਬਕ ਨਵੀਂ ਮੰਡੀਆਂ ਐਲਾਨਣ ਲਈ ਅਧਿਕਾਰਤ ਕੀਤਾ ਹੈ ਤਾਂ ਕਿ ਸਮਾਜਿਕ ਦੂਰੀ ਕਾਇਮ ਰੱਖਣ ਦੇ ਨਾਲ-ਨਾਲ ਅਨਾਜ ਦੀ ਨਿਰਵਿਘਨ ਖ਼ਰੀਦ ਨੂੰ ਯਕੀਨੀ ਬਣਾਇਆ ਜਾ ਸਕੇ।

 

ਮੰਤਰੀ ਮੰਡਲ ਦੀ ਵੀਡੀਓ ਕਾਨਫ਼ਰੰਸ ਤੋਂ ਬਾਅਦ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਮੰਡੀਆਂ ਖ਼ਰੀਦ ਕਾਰਜਾਂ ਲਈ ਇਸ ਸਾਲ ਪਹਿਲਾਂ ਹੀ ਐਲਾਨੀਆਂ ਜਾ ਚੁੱਕੀਆਂ 3800 ਮੰਡੀਆਂ ਤੋਂ ਵਾਧੂ ਹੋਣਗੀਆਂ।

 

ਮੰਤਰੀ ਮੰਡਲ ਨੇ ਕਣਕ ਦੀ ਵਢਾਈ ਅਤੇ ਖ਼ਰੀਦ ਦੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਜੋ 15 ਅਪ੍ਰੈਲ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਹ ਵੀ ਫ਼ੈਸਲਾ ਕੀਤਾ ਗਿਆ ਕਿ ਖ਼ਰੀਦ ਪ੍ਰਬੰਧਾਂ ਨੂੰ 11 ਅਪ੍ਰੈਲ ਤੱਕ ਅੰਤਿਮ ਰੂਪ ਦੇ ਕੇ ਨੋਟੀਫਾਈ ਕਰ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਪੜਾਅਵਾਰ ਢੰਗ ਨਾਲ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਿਆ ਜਾ ਸਕੇ।

 

ਸੂਬਾ ਸਰਕਾਰ 15 ਜੂਨ ਤੱਕ ਕਣਕ ਦੀ ਖ਼ਰੀਦ ਵਧਾਉਣ ਦਾ ਫ਼ੈਸਲਾ ਪਹਿਲਾਂ ਹੀ ਲੈ ਚੁੱਕੀ ਹੈ। ਸਰਕਾਰ ਨੇ ਕੇਂਦਰ ਪਾਸੋਂ ਕੋਵਿਡ-19 ਦੇ ਸੰਕਟ ਦੇ ਮੱਦੇਨਜ਼ਰ ਮੰਡੀਆਂ ਵਿੱਚ ਪੜਾਅਵਾਰ ਕਣਕ ਲਿਆਉਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਵੀ ਮੰਗ ਕੀਤੀ ਹੈ ਅਤੇ ਕੇਂਦਰ ਸਰਕਾਰ ਨੇ ਸੂਬੇ ਦੀ ਇਸ ਮੰਗ ਪ੍ਰਤੀ ਅਜੇ ਤੱਕ ਹੁੰਗਾਰਾ ਨਹੀਂ ਭਰਿਆ।

 

ਮੰਤਰੀ ਮੰਡਲ ਨੇ ਅੱਗੇ ਆਖਿਆ ਕਿ ਕਣਕ ਦੀ ਖ਼ਰੀਦ ਲਈ ਨਿਰਧਾਰਤ ਸੰਚਾਲਨ ਵਿਧੀ (ਐਸ.ਓ.ਪੀ.) ਨੂੰ ਵਿਆਪਕ ਪੱਧਰ ’ਤੇ ਪ੍ਰਚਾਰਿਆ ਜਾਣਾ ਚਾਹੀਦਾ ਹੈ ਤਾਂ ਕਿ ਸੈਨੀਟਾਈਜ਼ਰਾਂ, ਹੱਥ ਧੋਣ ਦੇ ਪ੍ਰਬੰਧਾਂ ਦੇ ਉਪਬੰਧਾਂ ਸਮੇਤ ਸਾਰੇ ਪ੍ਰੋਟੋਕੋਲਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਸਕੇ। ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਪਹਿਲਾਂ ਹੀ ਮੰਡੀਆਂ ਲਈ ਸੁਰੱਖਿਆ ਯੋਜਨਾ ਬਣਾਉਣ ਲਈ ਆਖਿਆ ਜਾ ਚੁੱਕਾ ਹੈ।

 

ਮੰਤਰੀ ਮੰਡਲ ਨੂੰ ਦੱਸਿਆ ਗਿਆ ਕਿ ਸੂਬੇ ਵਿੱਚ ਬਾਰਦਾਨੇ ਦੀ 73 ਫੀਸਦੀ ਜ਼ਰੂਰਤ ਪੂਰੀ ਕੀਤੀ ਜਾ ਚੁੱਕਾ ਹੈ ਅਤੇ ਪੱਛਮੀ ਬੰਗਾਲ ਸਰਕਾਰ ਵੱਲੋਂ ਸਮੇਂ ਸਿਰ ਉਤਪਾਦਨ ਨਾ ਖੋਲਣ ’ਤੇ 7.2 ਲੱਖ ਬੋਰੀਆਂ ਦੀ ਬਾਕੀ ਰਹਿੰਦੀ ਕਮੀ ਨੂੰ ਪੀ.ਪੀ. ਥੈਲਿਆਂ ਰਾਹੀਂ ਪੂਰਾ ਕੀਤਾ ਜਾਵੇਗਾ। ਹੁਣ ਤੱਕ ਪੱਛਮੀ ਬੰਗਾਲ ਨੇ ਸਿਰਫ 27000 ਬੋਰੀਆਂ ਜੋ ਤਿਆਰ ਸਨ, ਦੀ ਢੋਆ-ਢੋਆਈ ਮੁੜ ਸ਼ੁਰੂ ਕੀਤੀ ਹੈ।

 

ਵਧੀਕ ਮੁੱਖ ਸਕੱਤਰ ਵਿਕਾਸ ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇਸ ਸਾਲ ਕਿਸਾਨਾਂ ਨੂੰ ਉਨਾਂ ਦੇ ਬੈਂਕ ਖਾਤਿਆਂ ਵਿੱਚ ਸਿੱਧੀ ਅਦਾਇਗੀ ਕਰਨ ਦੀ ਪ੍ਰਣਾਲੀ ਸ਼ੁਰੂ ਕੀਤੀ ਜਾਣੀ ਸੀ ਪਰ ਹੁਣ ਇਸ ਦੀ ਬਜਾਏ ਆੜ੍ਹਤੀਆਂ ਰਾਹੀਂ ਫ਼ਸਲ ਦੀ ਅਦਾਇਗੀ ਕਰਨ ਵਾਸਤੇ ਨਿਯਮਾਂ ਵਿੱਚ ਸੋਧ ਕੀਤੀ ਜਾ ਚੁੱਕੀ ਹੈ। 

 

ਮੁੱਖ ਮੰਤਰੀ ਨੇ ਇਸ ਤੋਂ ਪਹਿਲਾਂ ਇਨ੍ਹਾਂ ਔਖੇ ਸਮਿਆਂ ਵਿੱਚ ਨਿਰੰਤਰਤਾ ਅਤੇ ਸਥਿਰਤਾ ਬਣਾਈ ਰੱਖਣ ਲਈ ਇਹ ਨਿਯਮ ਬਦਲਣ ਦਾ ਸੁਝਾਅ ਦਿੱਤਾ ਸੀ। ਮੰਡੀ ਬੋਰਡ ਵੱਲੋਂ 31 ਮਾਰਚ ਨੂੰ ਮਿਆਦ ਪੁਗਾ ਰਹੇ ਆੜ੍ਹਤੀਆਂ ਦੇ ਲਾਇਸੰਸਾਂ ਦੀ ਮਿਆਦ ਵਿੱਚ ਪਹਿਲਾਂ ਹੀ ਵਾਧਾ ਕੀਤਾ ਜਾ ਚੁੱਕਾ ਹੈ ਜੋ ਕਣਕ ਦੀ ਖ਼ਰੀਦ ਹੋਣ ਤੱਕ ਜਾਰੀ ਰਹੇਗਾ। ਆੜ੍ਹਤੀਆਂ ਨੂੰ ਖ਼ਰੀਦ ਦੇ 48 ਘੰਟਿਆਂ ਦੇ ਅੰਦਰ-ਅੰਦਰ ਅਦਾਇਗੀ ਕਰ ਦਿੱਤੀ ਜਾਵੇਗੀ ਅਤੇ ਇਸ ਦੇ ਬਦਲੇ ਵਿੱਚ ਆੜ੍ਹਤੀਆਂ ਵੱਲੋਂ ਅਗਲੇ 48 ਘੰਟਿਆਂ ਵਿੱਚ ਕਿਸਾਨਾਂ ਨੂੰ ਅਦਾਇਗੀ ਕਰਨੀ ਪਵੇਗੀ।

.......
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:CAPT AMARINDER LED PUNJAB CABINET AUTHORISES DCs TO DECLARE NEW MANDIS AS NEEDED