ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਕਾਰਨ ਆਰਥਿਕ ਨੁਕਸਾਨ ਨੂੰ ਪੂਰਾ ਕਰਨ ਲਈ ਮੰਤਰੀਆਂ ਨੇ ਵਿਖਾਈ ਦਰਿਆਦਿਲੀ

ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਨੂੰ ਹੋਣ ਵਾਲੇ 22000 ਕਰੋੜ ਦੇ ਮਾਲੀਏ ਨੁਕਸਾਨ ਨੂੰ ਪੂਰਾ ਕਰਨ ਲਈ ਨਵੀਨਤਾਕਾਰੀ ਸੁਝਾਅ ਮੰਗੇ
 

ਕੋਵਿਡ-19 ਸੰਕਟ ਕਾਰਨ ਸੂਬੇ ਨੂੰ ਵਿੱਤੀ ਸਾਲ 2020-21 ਵਿੱਚ 22000 ਕਰੋੜ ਰੁਪਏ ਦੇ ਮਾਲੀਆ ਘਾਟੇ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਮੰਤਰੀਆਂ ਨੇ ਵੀਰਵਾਰ ਨੂੰ ਅਗਲੇ ਤਿੰਨ ਮਹੀਨੇ ਲਈ ਤਨਖਾਹ ਨਾ ਲੈਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਮੁੱਖ ਸਕੱਤਰ ਨੇ ਸਾਰੇ ਸਰਕਾਰੀ ਕਰਮਚਾਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ਨੂੰ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਮੱਦਦ ਕਰਦੇ ਹੋਏ ਸਵੈ ਇੱਛਾ ਨਾਲ ਆਪਣੀ ਤਨਖਾਹ ਵਿੱਚ ਕਟੌਤੀ ਕਰਨ।

 


 

ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹਾਲ ਹੀ ਵਿੱਚ ਬਣਾਈ ਵਿੱਤ ਸਬ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਜੋ ਕੋਵਿਡ-19 ਮਹਾਮਾਰੀ ਅਤੇ ਕਰਫਿਊ/ਲੌਕਡਾਊਨ ਦੇ ਵਿੱਤੀ ਪ੍ਰਭਾਵਾਂ ਦਾ ਜਾਇਜ਼ਾ ਲੈਣ ਅਤੇ ਮੌਜੂਦਾ ਸੰਕਟ ਨਾਲ ਨਜਿੱਠਣ ਲਈ ਘਾਟੇ ਦੀ ਭਰਪਾਈ ਲਈ ਤਰੀਕੇ ਲੱਭਣ ਲਈ ਸੱਦੀ ਗਈ ਸੀ।
 

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੀਟਿੰਗ ਵਿੱਚ ਜਾਣਕਾਰੀ ਦਿੱਤੀ ਕਿ ਵਿੱਤੀ ਸਾਲ 2020-21 ਲਈ ਸੂਬੇ ਨੂੰ 88000 ਕਰੋੜ ਰੁਪਏ ਦਾ ਮਾਲੀਆ ਇਕੱਠੇ ਹੋਣ ਦਾ ਅਨੁਮਾਨ ਸੀ ਪਰ ਹੁਣ ਸਿਰਫ 66000 ਕਰੋੜ ਰੁਪਏ ਦਾ ਹੀ ਮਾਲੀਆ ਇਕੱਠਾ ਹੋਣ ਦਾ ਅਨੁਮਾਨ ਹੈ ਕਿਉਂਕਿ ਕਰਫਿਊ/ਲੌਕਡਾਊਨ ਦੇ ਚੱਲਦਿਆਂ ਸਾਰਾ ਕਾਰੋਬਾਰ, ਟੈਕਸ ਪ੍ਰਾਪਤੀਆਂ ਆਦਿ ਘਟਣ ਕਾਰਨ ਜੀ.ਐਸ.ਟੀ. ਦੀ ਇੱਕਤਰਤਾ ਵੀ ਘੱਟ ਜਾਣੀ ਹੈ।

 


 

ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੀਟਿੰਗ ਉਪਰੰਤ ਸੂਬੇ ਦੇ ਸਾਰੇ ਮੰਤਰੀਆਂ ਨੇ ਸਵੈ ਇੱਛਾ ਨਾਲ ਅਗਲੇ ਤਿੰਨ ਮਹੀਨੇ ਲਈ ਆਪਣੀ ਸਾਰੀ ਤਨਖਾਹ ਮੁੱਖ ਮੰਤਰੀ ਕੋਵਿਡ ਰਾਹਤ ਫੰਡ ਲਈ ਦਾਨ ਕਰਨ ਦਾ ਫੈਸਲਾ ਕੀਤਾ।
 

ਇਸ ਤੋਂ ਬਾਅਦ ਮੁੱਖ ਮੰਤਰੀ ਜੋ ਕਿਸੇ ਵੀ ਸਰਕਾਰੀ ਕਰਮਚਾਰੀ ਦੀ ਤਨਖਾਹ ਲਾਜ਼ਮੀ ਕੱਟਣ ਦੇ ਹੱਕ ਵਿੱਚ ਨਹੀਂ ਸਨ, ਦੇ ਦਿਸ਼ਾ ਨਿਰਦੇਸ਼ਾਂ 'ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਅਪੀਲ ਜਾਰੀ ਕਰਦਿਆਂ ਕਿਹਾ, ''ਸਾਰੇ ਸਰਕਾਰੀ ਕਰਮਚਾਰੀ, ਪੀ.ਐਸ.ਯੂਜ਼, ਸਥਾਨਕ ਸਰਕਾਰਾਂ, ਬੋਰਡਾਂ ਤੇ ਕਾਰਪੋਰੇਸ਼ਨਾਂ ਦੇ ਕਰਮਚਾਰੀ ਆਪਣੀ ਸਵੈ-ਇੱਛਾ ਨਾਲ ਆਪਣੀ ਤਨਖਾਹ ਤੇ ਭੱਤੇ ਕੋਵਿਡ-19 ਦਾ ਮੁਕਾਬਲਾ ਕਰਨ ਲਈ ਸਰਕਾਰੀ ਮਿਸ਼ਨ ਵਿੱਚ ਹਿੱਸਾ ਪਾਉਣ ਲਈ ਯੋਗਦਾਨ ਪਾਉਣ।''
 

ਤਸਵੀਰਾਂ : ਪ੍ਰਦੀਪ ਪੰਡਿਤ,  ਰਵੀ ਕੁਮਾਰ, ਸੰਜੀਵ ਕੁਮਾਰ

ਮੁੱਖ ਸਕੱਤਰ ਨੇ ਸੁਝਾਅ ਦਿੱਤਾ ਕਿ ਸਰਕਾਰੀ ਮੁਲਾਜ਼ਮਾਂ ਵੱਲੋਂ ਵੀ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਪਾਇਆ ਜਾਵੇ ਜਿਸ ਤਹਿਤ ਅਪਰੈਲ, ਮਈ ਅਤੇ ਜੂਨ 2020 ਦੀ ਮਹੀਨਾਵਰ  ਤਨਖਾਹ ਵਿੱਚੋਂ ਦਰਜ 'ਏ' ਤੇ 'ਬੀ' ਦੇ ਮੁਲਾਜ਼ਮਾਂ ਨੂੰ 30 ਫੀਸਦੀ, ਦਰਜਾ 'ਸੀ' ਦੇ ਮੁਲਾਜ਼ਮਾਂ ਨੂੰ 20 ਫੀਸਦੀ ਅਤੇ ਦਰਜਾ 'ਡੀ' ਦੇ 10 ਫੀਸਦੀ ਦਾ ਯੋਗਦਾਨ ਰਾਹਤ ਫੰਡ ਵਿੱਚ ਪਾਉਣਾ ਚਾਹੀਦਾ ਹੈ ਤਾਂ ਜੋ ਖਤਰਨਾਕ ਮਹਾਮਾਰੀ ਨਾਲ ਨਿਪਟਣ ਦੇ ਨਾਲ-ਨਾਲ ਮੌਜੂਦਾ ਸੰਕਟ ਕਰਕੇ ਪੈਣ ਵਾਲੇ ਵੱਡੇ ਘਾਟੇ ਦੀ ਭਰਪਾਈ ਲਈ ਸਰਕਾਰ ਦੇ ਯਤਨਾਂ ਨੂੰ ਮਜ਼ਬੂਤ ਕੀਤਾ ਜਾ ਸਕੇ।
 

ਮੀਟਿੰਗ ਦੌਰਾਨ ਵਰਤਮਾਨ ਸਥਿਤੀ ਵਿੱਚ ਮਾਲੀਆ ਵਧਾਉਣ ਲਈ ਕਈ ਹੋਰ ਕਦਮਾਂ 'ਤੇ ਵੀ ਵਿਚਾਰ ਕੀਤੀ ਗਈ। ਮੌਜੂਦਾ ਸੰਕਟ ਕਾਰਨ ਸੂਬਾ ਗੰਭੀਰ ਵਿੱਤੀ ਘਾਟੇ ਦਾ ਸਾਹਮਣਾ ਕਰ ਰਿਹਾ ਹੈ ਜੋ ਘੱਟੋ-ਘੱਟ ਕੁਝ ਹੋਰ ਤਿਮਾਹੀਆਂ ਜਾਰੀ ਰਹਿਣ ਦੇ ਆਸਾਰ ਹਨ। ਮੁੱਖ ਮੰਤਰੀ ਨੇ ਕਮੇਟੀ ਦੇ ਮੈਂਬਰਾਂ ਨੂੰ ਇਸ ਸੰਕਟ ਨਾਲ ਸਿੱਝਣ ਲਈ ਹੋਰ ਨਵੀਨਤਮ ਕਦਮ ਲੱਭਣ ਲਈ ਆਖਿਆ।
 

ਮਨਪ੍ਰੀਤ ਸਿੰਘ ਬਾਦਲ ਨੇ ਮੀਟਿੰਗ ਦੌਰਾਨ ਦੱਸਿਆ ਕਿ ਸਾਰੇ ਨਿਰਮਾਣ/ਉਤਪਾਦਨ ਕਾਰਜ ਮੁਕੰਮਲ ਤੌਰ 'ਤੇ ਠੱਪ ਪਏ ਹਨ ਅਤੇ ਟਰਾਂਸਪੋਰਟ/ਆਬਕਾਰੀ/ਸਟੈਂਪ ਡਿਊਟੀ ਆਦਿ ਦੇ ਰੂਪ ਵਿੱਚ ਕੋਈ ਟੈਕਸ/ਡਿਊਟੀ ਵੀ ਨਹੀਂ ਆਉਂਦੀ ਜਿਸ ਕਰਕੇ ਮਾਲੀਏ ਦੀਆਂ ਪ੍ਰਾਪਤੀਆਂ ਦੇ ਮੁਕਾਬਲੇ 22000 ਕਰੋੜ ਰੁਪਏ ਦਾ ਘਾਟਾ ਹੋ ਗਿਆ ਹੈ।
 

ਉਨ੍ਹਾਂ ਚਿਤਾਵਨੀ ਦਿੱਤੀ ਕਿ ਜੀ.ਐਸ.ਟੀ. ਦੀ ਉਗਹਾਰੀ ਪਿਛਲੇ ਸਾਲ ਨਾਲੋਂ ਬਹੁਤ ਘਟ ਗਈ ਹੈ ਅਤੇ ਕੇਂਦਰ ਸਰਕਾਰ ਨੇ ਅਜੇ ਜੀ.ਐਸ.ਟੀ. ਦੇ ਬਕਾਏ ਦੀ ਵੱਡੀ ਰਾਸ਼ੀ ਦਾ ਭੁਗਤਾਨ ਕਰਨਾ ਹੈ ਜਿਸ ਕਰਕੇ ਆਉਂਦੇ ਮਹੀਨਿਆਂ ਵਿੱਚ ਸਥਿਤੀ ਹੋਰ ਬਦਤਰ ਹੋਵੇਗੀ। ਉਨ੍ਹਾਂ ਦੱਸਿਆ ਕਿ ਸੂਬੇ ਨੂੰ ਅਜੇ ਤੱਕ ਕੇਂਦਰ ਸਰਕਾਰ ਪਾਸੋਂ ਕੋਵਿਡ ਰਾਹਤ ਲਈ ਕੋਈ ਵਿਸ਼ੇਸ਼ ਵਿੱਤੀ ਪੈਕੇਜ ਹਾਸਲ ਨਹੀਂ ਹੋਇਆ।
 

ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਮਾਲੀਆ ਵਧਾਉਣ ਅਤੇ ਵਿਭਾਗਾਂ ਦੇ ਖਰਚਿਆਂ ਵਿੱਚ ਕਟੌਤੀ ਕਰਨ ਬਾਰੇ ਸਬ-ਕਮੇਟੀ ਇਕ-ਦੋ ਦਿਨਾਂ ਵਿੱਚ ਦੁਬਾਰਾ ਮੀਟਿੰਗ ਕਰੇਗੀ ਤਾਂ ਕਿ ਆਮ ਸਰਕਾਰੀ ਖਰਚਿਆਂ ਤੋਂ ਇਲਾਵਾ ਕੋਵਿਡ ਨਾਲ ਸਬੰਧਤ ਮੈਡੀਕਲ ਤੇ ਰਾਹਤ ਕਾਰਜਾਂ ਦੇ ਖਰਚਿਆਂ ਨੂੰ ਪੂਰਾ ਕੀਤਾ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Capt Amarinder seeks innovative suggestions to mob up funds as punjab stares at Rs 22000 Cr revenue losses