ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉੱਤੇ ਪੰਜਾਬ ਪੁਲਿਸ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਸਨਿੱਚਰਵਾਰ ਨੂੰ ਸੂਬੇ ਦੇ 6 ਜ਼ਿਲ੍ਹਿਆਂ ਵਿੱਚ ਰਾਤ ਵੇਲੇ ਹੁੰਦੀ ਖਣਨ ਉੱਤੇ ਕਾਰਵਾਈ ਕੀਤੀ। ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਸ਼ੇਸ਼ ਆਪ੍ਰੇਸ਼ਨ ਵਿੱਚ 9 ਜਣਿਆਂ ਨੂੰ ਗ੍ਰਿਫਤਾਰ ਕੀਤਾ, ਜਦਕਿ 18 ਮਸ਼ੀਨਾਂ ਜ਼ਬਤ ਕੀਤੀਆਂ।
ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਰੋਪੜ, ਹੁਸ਼ਿਆਰਪੁਰ, ਜਲੰਧਰ ਸਿਟੀ, ਜਲੰਧਰ ਦਿਹਾਤੀ, ਮੋਗਾ ਤੇ ਫਾਜ਼ਿਲਕਾ ਵਿੱਚ ਕੀਤੀ ਗਈ ਇੱਥੇ ਜ਼ਬਤ ਕੀਤੇ ਸਮਾਨ ਵਿੱਚ ਜੇਸੀਬੀ, ਟਰੈਕਟਰ-ਟਰਾਲੀਆਂ ਤੇ ਟਿੱਪਰ ਵੀ ਸ਼ਾਮਲ ਹਨ। ਡੀਜੀਪੀ ਨੇ ਦੱਸਿਆ ਕਿ ਹੁਣ ਤੱਕ ਪੁਲਿਸ ਨੇ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ।
ਡੀਜੀਪੀ ਨੇ ਦੱਸਿਆ ਕਿ ਮੁੱਖ ਮੰਤਰੀ ਜਿਨ੍ਹਾਂ ਕੋਲ ਇਹ ਰਿਪੋਰਟਾਂ ਤੇ ਸ਼ਿਕਾਇਤਾਂ ਪੁੱਜੀਆਂ ਹਨ ਕਿ ਰਾਤ ਵੇਲੇ ਨਜਾਇਜ਼ ਖਣਨ ਹੁੰਦੀ ਹੈ, ਦੀਆਂ ਹਦਾਇਤਾਂ ਉੱਤੇ ਅਜਿਹੇ ਛਾਪੇ ਰੋਜ਼ਾਨਾ ਮਾਰੇ ਜਾਣਗੇ। ਖਣਨ ਵਿਭਾਗ ਦੇ ਅਫਸਰਾਂ ਨੂੰ ਨਾਲ ਕੈ ਕੇ ਸਬੰਧਤ ਜ਼ਿਲ੍ਹਿਆਂ ਵਿੱਚ ਰਾਤ ਵੇਲੇ ਹੁੰਦੀ ਖਣਨ ਨੂੰ ਰੋਕਣ ਲਈ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਨਾਲ ਡਿਪਟੀ ਕਮਿਸ਼ਨਰ ਵੱਲੋਂ ਤਾਇਨਾਤ ਕੀਤੇ ਸਿਵਲ ਅਧਿਕਾਰੀ ਵੀ ਆਪ੍ਰੇਸ਼ਨ ਵਿੱਚ ਨਾਲ ਹੋਣਗੇ।
ਡੀਜੀਪੀ ਨੇ ਦੱਸਿਆ ਕਿ ਬੀਤੀ ਰਾਤ ਹੋਏ ਆਪ੍ਰੇਸ਼ਨ ਵਿੱਚ ਰੋਪੜ ਵਿਖੇ ਜਿੱਥੇ ਮੀਂਹ ਕਾਰਨ ਖਣਨ ਵਿੱਚ ਖਲਲ ਪਿਆ ਸੀ, ਛਾਪਾਮਾਰੀ ਟੀਮ ਨੇ ਤਿੰਨ ਜਣਿਆਂ ਨੂੰ ਕਾਬੂ ਕਰਦਿਆਂ ਮਸ਼ੀਨਰੀ ਦੇ ਦੋ ਸੈਟ ਜ਼ਬਤ ਕੀਤੇ। ਮੋਗਾ ਵਿੱਚ ਦੋ ਜਣਿਆਂ ਨੂੰ ਦੋ ਟਰੈਕਟਰ-ਟਰਾਲੀਆਂ ਨਾਲ ਗ੍ਰਿਫਤਾਰ ਕਰ ਕੇ ਪੁਲਿਸ ਥਾਣਾ ਸਿਟੀ ਮੋਗਾ ਵਿੱਚ 58 ਨੰਬਰ ਐਫਆਈਆਰ ਦਰਜ ਕੀਤੀ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਮਾਲਕਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।
ਡੀਜੀਪੀ ਅਨੁਸਾਰ ਹਾਲਾਂਕਿ ਇਸ ਖੇਤਰ ਵਿੱਚ ਖਣਨ ਨਹੀਂ ਹੋਣੀ ਚਾਹੀਦੀ ਸੀ, ਪਰ ਪੁਲਿਸ ਥਾਣਾ ਸਦਰ ਫਾਜ਼ਿਲਕਾ ਦੇ ਡਿਊਟੀ ਅਫ਼ਸਰ ਨੂੰ ਪਤਾ ਲੱਗਿਆ ਕਿ ਕੱਲ੍ਹ ਦਿਨ ਦੀ ਸ਼ੁਰੂਆਤ ਵੇਲੇ ਗੈਰ-ਕਾਨੂੰਨੀ ਖਣਨ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਸਨ। ਇਸ ਉਪਰੰਤ ਮਾਈਨਿੰਗ ਐਂਡ ਮਿਨਰਲਜ਼ ਐਕਟ 1957 ਦੇ ਤਹਿਤ ਐਫਆਈਆਰ (ਨੰਬਰ 71, ਮਿਤੀ 14 ਮਾਰਚ, 2020) ਦਰਜ ਕਰ ਲਈ ਗਈ ਹੈ। ਛਾਪੇਮਾਰੀ ਦੌਰਾਨ ਅੱਠ ਟਰੈਕਟਰ/ਟਰਾਲੀਆਂ ਜ਼ਬਤ ਕੀਤੀਆਂ ਗਈਆਂ।
ਬੀਤੀ ਰਾਤ ਹੁਸ਼ਿਆਰਪੁਰ ਵਿਖੇ ਇੱਕ ਵਿਸ਼ੇਸ਼ ਚੈਕਿੰਗ ਮੁਹਿੰਮ ਦੌਰਾਨ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਮਪਲਾਂਟ ਸਮੇਤ ਟਰੈਕਟਰ ਟਰਾਲੀਆਂ ਜ਼ਬਤ ਕੀਤੀਆਂ ਗਈਆਂ। ਇਸ ਸਬੰਧੀ ਮਾਈਨਿੰਗ ਐਂਡ ਮਿਨਰਲਜ਼ ਐਕਟ ਦੀ ਧਾਰਾ 21 (1) ਤਹਿਤ ਪੁਲੀਸ ਥਾਣਾ ਹਰਿਆਣਾ ਵਿਖੇ ਐਫਆਈਆਰ ਨੰ. 24 ਮਿਤੀ 14/03/2020 ਦਰਜ ਕੀਤੀ ਗਈ ਹੈ।
ਗੁਪਤਾ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਵਿਖੇ ਇੱਕ ਕਿਸਾਨ ਵਿਰੁੱਧ ਆਪਣੇ ਹੀ ਖੇਤਾਂ ਵਿੱਚ ਨਾਜਾਇਜ਼ ਖਣਨ ਕਰਨ ਦਾ ਕੇਸ ਦਰਜ ਕੀਤਾ ਗਿਆ ਅਤੇ ਇੱਕ ਜੇਸੀਬੀ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਸੀ। ਗੁਪਤਾ ਨੇ ਦੱਸਿਆ ਕਿ ਛੇਵੀਂ ਰੇਡ ਦੌਰਾਨ ਜਲੰਧਰ ਦਿਹਾਤੀ ਵਿੱਚ ਚਾਰ ਕੇਸ ਦਰਜ ਕੀਤੇ ਗਏ ਅਤੇ ਰਾਤ ਵੇਲੇ ਖਣਨ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਕਰਕੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਛਾਪੇਮਾਰੀ ਦੌਰਾਨ 3 ਟਿੱਪਰ ਅਤੇ 1 ਟਰੈਕਟਰ ਟਰਾਲੀ ਜ਼ਬਤ ਕੀਤੇ ਗਏ ਸਨ।
ਇਸ ਦੌਰਾਨ ਸੂਬੇ 'ਚੋਂ ਗੈਰ-ਕਾਨੂੰਨੀ ਖਣਨ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਖਣਨ ਦੀਆਂ ਅਜਿਹੀਆਂ ਗਤੀਵਿਧੀਆਂ ਨੂੰ ਰੋਕਣ ਲਈ ਠੋਸ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਖਾਸ ਕਰਕੇ ਹਨੇਰੇ ਦੀ ਆੜ ਵਿੱਚ ਇਹ ਖਣਨ ਹੋ ਰਹੀ ਹੈ।
ਡੀਜੀਪੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਪੁਲਿਸ ਨੂੰ ਰਾਤ ਵੇਲੇ ਖਣਨ ਦੀ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਵਿਰੁੱਧ ਛਾਪੇਮਾਰੀਆਂ ਵਿੱਚ ਖਣਨ ਵਿਭਾਗ ਅਤੇ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਹਰ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ ਅਤੇ ਇਸ ਗੈਰ-ਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।