'ਮੈਂ ਬੁੱਢਾ ਨਹੀਂ ਹੋਇਆ, 2022 ਚੋਣਾਂ ਵੀ ਲੜਾਂਗਾ'
ਪੰਜਾਬ ਦੀ ਸੱਤਾ 'ਚ ਅੱਜ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਤਿੰਨ ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਕੈਪਟਨ ਸਰਕਾਰ ਵੱਲੋਂ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ ਗਈਆਂ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੈਂ ਹਾਲੇ ਬੁੱਢਾ ਨਹੀਂ ਹੋਇਆ ਹਾਂ। ਸਾਲ 2022 ਵਿਧਾਨ ਸਭਾ ਚੋਣਾਂ ਵੀ ਲੜਾਂਗਾ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਇੱਕ ਪੱਕੇ ਕਾਂਗਰਸੀ ਹਨ। ਸਿੱਧੂ ਨੂੰ ਮੈਂ ਬਚਪਨ ਤੋਂ ਜਾਣਦਾ ਹਾਂ। ਸਿੱਧੂ ਪਾਰਟੀ ਦਾ ਹਿੱਸਾ ਹਨ ਅਤੇ ਉਨ੍ਹਾਂ ਦੀ ਹਰੇਕ ਸਮੱਸਿਆ ਸੁਣ ਕੇ ਹੱਲ ਕੀਤੀ ਜਾਵੇਗੀ। ਫਿਰ ਵੀ ਜੇ ਸਿੱਧੂ ਆਪਣਾ ਮਨ ਬਣਾ ਚੁੱਕੇ ਹਨ ਤਾਂ ਉਨ੍ਹਾਂ ਨੂੰ ਕੋਈ ਨਹੀਂ ਰੋਕ ਸਕਦਾ।
ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ ਵਿਵਸਥਾ ਨੂੰ ਸਖ਼ਤੀ ਨਾਲ ਠੀਕ ਕੀਤਾ ਜਾ ਰਿਹੈ ਹੈ। ਇਸੇ ਕਾਰਨ ਮਹਿਤਾਬ ਕਮਿਸ਼ਨ ਬਣਾਇਆ ਸੀ ਜਿਸ ਨੂੰ ਪਿਛਲੀ ਅਕਾਲੀ ਸਰਕਾਰ ਵੱਲੋਂ ਦਰਜ ਕੀਤੇ ਗਲਤ ਮਾਮਲਿਆਂ ਨੂੰ ਰੱਦ ਕੀਤਾ। ਉਨ੍ਹਾਂ ਕਿਹਾ ਕਿ ਬੇਅਦਬੀ ਮਾਮਲਿਆਂ ਲਈ ਸਰਕਾਰ ਨੇ ਰਣਜੀਤ ਸਿੰਘ ਕਮਿਸ਼ਨ ਬਣਾਇਆ ਜਿਸ ਨੇ ਆਪਣੀ ਰਿਪੋਰਟ ਸੌਂਪੀ।
ਉਨ੍ਹਾਂ ਕਿਹਾ ਕਿ ਕਿ ਸਰਕਾਰ ਨੇ ਸੂਬੇ ਵਿੱਚ ਮਾਫੀਆ ਰਾਜ 'ਤੇ ਨੱਥ ਪਾਈ ਹੈ। ਉਨ੍ਹਾਂ ਕਿਹਾ ਕਿ ਮੈਂ ਸੂਬੇ ਵਿੱਚ ਮਾਫੀਆ ਨਹੀਂ ਚੱਲਣ ਦਿਆਂਗਾ। ਕੈਪਟਨ ਨੇ ਕਿਹਾ, "ਮੈਂ ਪੁਰਾਣਾ ਫ਼ੌਜੀ ਹਾਂ, ਕਿਸੇ ਨੂੰ ਨਹੀਂ ਛੱਡਾਂਗਾ।" ਗੁਆਂਢੀ ਸੂਬਿਆਂ ਨਾਲ ਰਲ਼ ਕੇ ਨਸ਼ੇ 'ਤੇ ਠੱਲ੍ਹ ਪਾਈ। ਪਿੰਡਾਂ 'ਚ ਪੁਲਿਸ ਕਰਮੀ ਤਾਇਨਾਤ ਕੀਤੇ। ਨਸ਼ੇ ਦੇ ਕਾਰੋਬਾਰੀਆਂ ਨੂੰ ਗ੍ਰਿਫ਼ਤਾਰ ਕੀਤਾ।" ਉਨ੍ਹਾਂ ਕਿਹਾ ਕਿ ਨਸ਼ੇ ਸਬੰਧੀ ਮਾਮਲਿਆਂ ਵਿੱਚ 42 ਹਜ਼ਾਰ ਲੋਕਾਂ ਨੂੰ ਜੇਲ ਭੇਜਿਆ ਗਿਆ ਹੈ। ਸੂਬੇ ਵਿੱਚ ਟਰਾਂਸਪੋਰਟ, ਰੇਤ ਤੇ ਗੁੰਡਾ ਮਾਫੀਆ ਨਹੀਂ ਚੱਲਣ ਦੇਣਗੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਟਰੱਕ ਯੂਨੀਅਨਾਂ ਭੰਗ ਕੀਤੀਆਂ ਹਨ ਜੋ ਕਾਰੋਬਾਰ ਵਿੱਚ ਰੁਕਾਵਟ ਪਾਉਂਦੀਆਂ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਖੇਤੀਬਾੜੀ ਸੈਕਟਰ ਲਈ ਕੰਮ ਕੀਤਾ। ਉਨ੍ਹਾਂ ਕਿਹਾ ਕਿ ਫ਼ਸਲਾਂ ਦਾ ਜੋ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਗਿਰਦਾਵਰੀ ਤੁਰੰਤ ਕੀਤੀ ਜਾਵੇਗੀ। ਅਗਲੇ ਮਹੀਨੇ ਆਉਣ ਵਾਲੀ ਫ਼ਸਲ ਲਈ ਵੀ ਪ੍ਰਬੰਧ ਕੀਤੇ ਜਾ ਰਹੇ ਹਨ। ਅਸੀਂ ਕਿਸਾਨਾਂ ਨੂੰ 4700 ਕਰੋੜ ਰੁਪਏ ਦੇ ਕਰਜ਼ੇ ਦੀ ਰਾਹਤ ਦਿੱਤੀ ਹੈ ਅਤੇ ਹੁਣ ਸਮਾਂ ਉਨ੍ਹਾਂ ਕਿਸਾਨਾਂ ਲਈ ਹੈ ਜਿਨ੍ਹਾਂ ਕੋਲ ਜ਼ਮੀਨ ਨਹੀਂ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਮੁਆਵਜ਼ਾ ਵੀ ਪੰਜਾਬ ਸਰਕਾਰ ਦੇਵੇਗੀ।
ਕੈਪਟਨ ਨੇ ਕਿਹਾ ਕਿ ਅਸੀਂ ਇੰਡਸਟਰੀ ਸੈਕਟਰ ਨੂੰ ਸਸਤੀ ਬਿਜਲੀ ਮੁਹੱਈਆ ਕਰਵਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਹੁਣ ਤੱਕ ਕਈ ਨਵੇਂ ਨਿਵੇਸ਼ਕਾਰ ਆਏ ਹਨ ਜਿਸ ਨਾਲ ਰੁਜ਼ਗਾਰ ਦੇ ਸਾਧਨ ਪੈਦਾ ਹੋਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਬੀਮਾ ਯੋਜਨਾ ਤਹਿਤ 46 ਲੱਖ ਪਰਿਵਾਰਾਂ ਨੂੰ ਲਾਭ ਪਹੁੰਚਾਇਆ ਗਿਆ ਹੈ। ਨਿਊ ਚੰਡੀਗੜ੍ਹ ਵਿੱਚ ਨਵਾਂ ਕੈਂਸਰ ਹਸਪਤਾਲ ਬਣਾਇਆ ਜਾਵੇਗਾ, ਜੋ ਕਿ 2022 ਤੱਕ ਸ਼ੁਰੂ ਹੋ ਜਾਵੇਗਾ। ਕੈਪਟਨ ਨੇ ਕਿਹਾ ਕਿ ਜੋ 3 ਨਵੇਂ ਮੈਡੀਕਲ ਕਾਲਜ ਬਣਾਉਣ ਦਾ ਐਲਾਨ ਕੀਤਾ ਹੈ, ਉਨ੍ਹਾਂ 'ਤੇ ਜਲਦ ਹੀ ਕੰਮ ਸ਼ੁਰੂ ਕੀਤਾ ਜਾਵੇਗਾ। ਹੁਣ ਤੱਕ ਸੂਬੇ ਅੰਦਰ 1350 ਦੇ ਕਰੀਬ ਸਿਹਤ ਅਤੇ ਵੈਲਨੈਸ ਕਲੀਨਿਕ ਸਥਾਪਿਤ ਕੀਤੇ ਗਏ ਹਨ, ਜੋ ਕਿ 2022 ਤੱਕ 3500 ਹੋਣ ਦੀ ਉਮੀਦ ਹੈ।