ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ 'ਚ ਫੈਲੇ ਪ੍ਰਦੂਸ਼ਣ 'ਤੇ ਕੈਪਟਨ ਦੀ ਮੋਦੀ ਨੂੰ ਭਾਵੁਕ ਚਿੱਠੀ, ਕੱਢੋ ਕੋਈ ਹੱਲ

ਦਿੱਲੀ ਵਿੱਚ ਹਵਾ ਪ੍ਰਦੂਸ਼ਣ ਕਾਰਨ ਪੈਦਾ ਹੋਈ ਅਣਕਿਆਸੀ ਸਥਿਤੀ 'ਤੇ ਡੂੰਘਾ ਦੁੱਖ ਤੇ ਗੁੱਸਾ ਜ਼ਾਹਰ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਭਾਵੁਕ ਪੱਤਰ ਲਿਖ ਕੇ ਸਿਆਸੀ ਅਤੇ ਖੇਤਰੀ ਵਖਰੇਵਿਆਂ ਤੋਂ ਉਪਰ ਉਠ ਕੇ ਸਾਂਝੀ ਸਹਿਮਤੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।

 

ਪੱਤਰ ਵਿੱਚ ਮੁੱਖ ਮੰਤਰੀ ਨੇ ਕਿਹਾ,''ਭਾਵੇਂ ਦੇਸ਼ ਦੇ ਲੋਕਾਂ ਵਿੱਚ ਕੋਈ ਵੀ ਵਿਸ਼ਵਾਸ ਬਣਿਆ ਹੋਵੇ ਪਰ ਕੋਈ ਵੀ ਭਾਰਤੀ ਖਾਸ ਤੌਰ 'ਤੇ ਪੰਜਾਬੀ ਕੌਮੀ ਰਾਜਧਾਨੀ ਵਿੱਚ ਸਾਡੇ ਭਰਾਵਾਂ ਨਾਲ ਵਾਪਰ ਰਹੀ ਤਰਾਸਦੀ ਤੋਂ ਬਾਹਰ ਨਹੀਂ ਹੈ।''

 

ਮੁੱਖ ਮੰਤਰੀ ਨੇ ਆਪਣੇ ਬੱਚੇ ਅਤੇ ਪੋਤੇ-ਪੋਤੀਆਂ ਦੇ ਦਿੱਲੀ ਵਿੱਚ ਰਹਿੰਦੇ ਹੋਣ ਦਾ ਵੀ ਜ਼ਿਕਰ ਕੀਤਾ ਜੋ ਸ਼ਹਿਰ ਦੀ ਜ਼ਹਿਰੀਲੀ ਹਵਾ ਕਾਰਨ ਕੌਮੀ ਰਾਜਧਾਨੀ ਵਿੱਚ ਲੱਖਾਂ ਲੋਕਾਂ ਦੀ ਦੁਰਦਰਸ਼ਾ ਨੂੰ ਬਿਆਨਦੇ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਥਿਤੀ ਨੇ ਪ੍ਰਗਤੀਸ਼ੀਲ ਅਤੇ ਵਿਕਸਤ ਮੁਲਕ ਹੋਣ ਦੇ ਕੀਤੇ ਜਾ ਰਹੇ ਦਾਅਵਿਆਂ ਤੋਂ ਪਰਦਾ ਚੁੱਕਾ ਹੈ।

 

ਉਨ੍ਹਾਂ ਕਿਹਾ,''ਉਸ ਮੁਲਕ ਨੂੰ ਵਿਕਸਤ ਕਿਵੇਂ ਕਿਹਾ ਜਾ ਸਕਦਾ ਹੈ ਜਦੋਂ ਉਸ ਦੀ ਰਾਜਧਾਨੀ ਨੂੰ ਗੈਸ ਚੈਂਬਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੋਵੇ, ਉਹ ਵੀ ਜਦੋਂ ਅਜਿਹੇ ਹਾਲਾਤ ਕੁਦਰਤ ਆਫ਼ਤ ਕਰਕੇ ਨਹੀਂ ਸਗੋਂ ਮਨੁੱਖੀ ਗਲਤੀ ਨਾਲ ਪੈਦਾ ਹੋਏ ਹੋਣ।''

 

ਮੁੱਖ ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਇਹ ਦੁਖਦਾਇਕ ਸਥਿਤੀ ਵਿੱਚ ਪੰਜਾਬ ਦੀ ਜ਼ਿੰਮੇਵਾਰੀ ਤੋਂ ਹੱਥ ਧੋਣ ਦਾ ਕੋਈ ਇਰਾਦਾ ਨਹੀਂ ਹੈ ਪਰ ਦਿੱਲੀ ਅਤੇ ਕੇਂਦਰ ਸਰਕਾਰ ਸਮੇਤ ਸਮੁੱਚੇ ਮੁਲਕ ਨੇ ਵੱਖ-ਵੱਖ ਗਲਤੀਆਂ ਨਾਲ ਅਜਿਹੇ ਭਿਆਨਕ ਹਾਲਾਤ ਪੈਦਾ ਹੋਣ ਦੀ ਇਜਾਜ਼ਤ ਦੇ ਦਿੱਤੀ।

 

ਮੁੱਖ ਮੰਤਰੀ ਨੇ ਮੰਨਿਆ ਕਿ ਪਰਾਲੀ ਦੀ ਅੱਗ ਜੋ ਗਲਤ ਦਿਸ਼ਾ ਵਿੱਚ ਵਗਣ ਵਾਲੀਆਂ ਹਵਾਵਾਂ ਕਾਰਨ ਹਵਾ ਪ੍ਰਦੂਸ਼ਣ ਦੇ ਜ਼ਹਿਰੀਲਾ ਹੋਣ ਦਾ ਵੀ ਇਕ ਕਾਰਨ ਬਣੀ ਜਿਸ ਨਾਲ ਅੱਜ ਦਿੱਲੀ ਵਿੱਚ ਅਜਿਹੀ ਸਥਿਤੀ ਪੈਦਾ ਹੋਈ ਪਰ ਇਸ ਦੇ ਨਾਲ ਇਸ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਵੱਖ-ਵੱਖ ਆਜ਼ਾਦ ਏਜੰਸੀਆਂ ਦੇ ਅੰਕੜੇ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਮੌਜੂਦਾ ਸਥਿਤੀ ਲਈ ਵੱਡੀ ਪੱਧਰ 'ਤੇ ਸਨਅਤੀ ਪ੍ਰਦੂਸ਼ਣ, ਟ੍ਰੈਫਿਕ ਅਤੇ ਦਿੱਲੀ ਵਿੱਚ ਤੇਜ਼ੀ ਨਾਲ ਚੱਲ ਰਹੀਆਂ ਨਿਰਮਾਣ ਗਤੀਵਿਧੀਆਂ ਦੋਸ਼ੀ ਠਹਿਰਾਉਣ ਲਈ ਬਰਾਬਰ ਹਨ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਅੰਕੜੇ ਉਨ੍ਹਾਂ ਨੂੰ ਕੋਈ ਸਕੂਨ ਨਹੀਂ ਦਿੰਦੇ ਅਤੇ ਨਾ ਹੀ ਦੋਸ਼ ਲਾਉਣ ਵਾਲੀ ਖੇਡ ਖੇਡੀ ਜਾ ਸਕਦੀ ਹੈ ਜਿਸ ਨਾਲ ਕੌਮੀ ਪੱਧਰ 'ਤੇ ਗੰਭੀਰ ਮਸਲੇ ਵਿੱਚ ਸਾਡੇ ਆਪਣੇ ਗੁਨਾਹ ਤੋਂ ਢਾਰਸ ਮਿਲ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਕੌੜੀ ਸਚਾਈ ਇਹ ਹੈ ਕਿ ਅਸੀਂ ਸੌਖਿਆ ਹੀ ਇਸ ਸਭ ਦੀ ਜ਼ਿੰਮੇਵਾਰੀ ਇਕ-ਦੂਜੇ ਦੇ ਮੋਢਿਆਂ 'ਤੇ ਪਾ ਦਿੰਦੇ ਹਨ ਜਦਕਿ ਦਿੱਲੀ ਦੇ ਲੋਕ ਦੁਰਦਸ਼ਾ ਹੰਢਾ ਰਹੇ ਹਨ ਅਤੇ ਇਹ ਮੁਲਕ ਵਿੱਚ ਸੰਭਾਵਿਤ ਤੌਰ 'ਤੇ ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਭੈੜੀ ਸਿਹਤ ਸੰਕਟ ਦਾ ਸਾਹਮਣਾ ਕਰ ਰਹੇ ਹਨ।

 

ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਕਿ ਅਸੀਂ ਸਾਰੇ ਲੋਕਾਂ ਦੇ ਦੁੱਖ ਤੇ ਤਕਲੀਫ ਨੂੰ ਘਟਾਉਣ ਦਾ ਯਤਨ ਕਰ ਰਹੇ ਹਾਂ ਪਰ ਹਾਲਾਤ ਹੋਰ ਵਿਗੜਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਮੱਸਿਆ ਦੀ ਜੜ੍ਹ ਇਹ ਹੈ ਕਿ ਅਸੀਂ ਇਸ ਦੇ ਸਥਾਈ ਹੱਲ ਲਈ ਸਿਆਸੀ ਵਖਰੇਵਿਆਂ ਤੋਂ ਉਪਰ ਉਠ ਕੇ ਚੱਲਣ ਤੋਂ ਲਗਾਤਾਰ ਭੱਜ ਰਹੇ ਹਾਂ। ਸਾਡੇ ਵੱਲੋਂ ਜਿਨ੍ਹਾਂ ਨੂੰ ਕਿ ਅਸੀਂ ਸਮੱਸਿਆ ਦੇ ਭਾਈਵਾਲ ਵੀ ਆਖ ਸਕਦੇ ਹਾਂ, ਸਮੇਂ-ਸਮੇਂ 'ਤੇ ਮਾਰਿਆ ਜਾਂਦਾ ਹੰਭਲਾ ਵੀ ਦੇਰੀ ਨਾਲ ਚੁੱਕੇ ਕਦਮਾਂ ਤੋਂ ਵੱਧ ਕੁਝ ਨਹੀਂ ਹੁੰਦਾ।

 

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੇ ਪਰਾਲੀ ਸਾੜਣ ਵਿਰੁੱਧ ਕਾਨੂੰਨ ਨੂੰ ਜਿੱਥੋਂ ਤੱਕ ਸੰਭਵ ਹੋਇਆ, ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਇੱਥੋਂ ਤੱਕ ਕਿ ਕਿਸਾਨਾਂ ਨੂੰ ਜੁਰਮਾਨੇ ਵੀ ਕੀਤੇ। ਉਨ੍ਹਾਂ ਕਿਹਾ,''ਹਾਲਾਂਕਿ ਇਹ ਮੇਰੇ ਜ਼ਮੀਰ ਦੇ ਵਿਰੁੱਧ ਹੈ ਕਿ ਉਸ ਭਾਈਚਾਰੇ ਨੂੰ ਸਜ਼ਾ ਦੇ ਰਹੇ ਹਾਂ ਜੋ ਬੇਸ਼ੁਕਰੇ ਮੁਲਕ ਦੇ ਹੱਥਾਂ ਵਿੱਚ ਦੁੱਖ ਸਹਾਰ ਚੁੱਕਿਆ ਹੋਵੇ ਅਤੇ ਹੁਣ ਵੀ ਸਹਾਰ ਰਿਹਾ ਹੋਵੇ। ਕਿਸਾਨਾਂ ਨੂੰ ਝੋਨੇ ਦੀ ਪਰਾਲੀ ਸਾੜਣ ਤੋਂ ਰੋਕਣ ਲਈ ਅਸੀਂ ਉਨ੍ਹਾਂ ਦੀ ਤਰਸਯੋਗ ਹਾਲਤ ਨੂੰ ਹੋਰ ਹਾਸ਼ੀਏ 'ਤੇ ਨਹੀਂ ਲਿਜਾ ਸਕਦੇ।''

 

ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਅਤੇ ਹਰਿਆਣਾ ਆਪਣੇ ਪੱਧਰ 'ਤੇ ਜੋ ਕੁਝ ਕਰ ਸਕਦੇ ਹਨ, ਉਹ ਕਰ ਰਹੇ ਹਨ ਪਰ ਇਸ ਸਮੁੱਚੇ ਮਾਮਲੇ ਵਿੱਚ ਕੇਂਦਰ ਸਰਕਾਰ ਦੀ ਭੂਮਿਕਾ ਸ਼ੱਕੀ ਹੈ, ਭਾਵੇਂ ਕਿ ਕੌਮੀ ਖੁਸ਼ਹਾਲੀ ਵਿੱਚ ਸਭ ਤੋਂ ਵੱਡੀ ਭਾਈਵਾਲ ਵੀ ਕੇਂਦਰ ਸਰਕਾਰ ਹੀ ਹੈ।

 

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੂੰ ਆਸ ਸੀ ਕਿ ਭਾਰਤ ਸਰਕਾਰ ਇਸ ਗੰਭੀਰ ਸਮੱਸਿਆ ਦਾ ਵਿਆਪਕ ਹੱਲ ਲੱਭਣ ਲਈ ਬਹੁਤ ਸਮਾਂ ਪਹਿਲਾਂ ਹੀ ਇਹ ਮਸਲਾ ਆਪਣੇ ਹੱਥਾਂ ਵਿੱਚ ਲਵੇਗੀ ਪਰ ਬਦਕਿਸਮਤੀ ਨਾਲ ਸੁਪਰੀਮ ਕੋਰਟ ਵੱਲੋਂ ਤੇਜ਼ੀ ਨਾਲ ਖਰਾਬ ਹੋਈ ਸਥਿਤੀ 'ਤੇ ਚਿੰਤਾ ਜ਼ਾਹਰ ਕਰਨ ਤੋਂ ਬਾਅਦ ਵੀ ਅੱਜ ਤੱਕ ਇਸ ਪ੍ਰਤੀ ਕੋਈ ਕਦਮ ਨਹੀਂ ਚੁੱਕਿਆ ਗਿਆ।

 

ਮੁੱਖ ਮੰਤਰੀ ਨੇ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੱਖ-ਵੱਖ ਮੌਕਿਆਂ 'ਤੇ ਪ੍ਰਧਾਨ ਮੰਤਰੀ ਅਤੇ ਹੋਰ ਕੇਂਦਰੀ ਮੰਤਰੀਆਂ ਨੂੰ ਪੱਤਰ ਲਿਖ ਕੇ 100 ਰੁਪਏ ਪ੍ਰਤੀ ਕੁਇੰਟਲ ਬੋਨਸ ਦੇਣ ਦਾ ਸੁਝਾਅ ਵੀ ਨਿੱਜੀ ਤੌਰ 'ਤੇ ਦਿੱਤਾ ਸੀ ਤਾਂ ਕਿ ਕਿਸਾਨਾਂ ਨੂੰ ਪਰਾਲੀ ਦੇ ਨਿਪਟਾਰੇ ਲਈ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਕਿਹਾ,''ਅਜਿਹਾ ਜਾਪਦਾ ਹੈ ਕਿ ਤੁਹਾਡੀ ਸਰਕਾਰ ਇਸ ਨੂੰ ਸਹੀ ਹੱਲ ਨਹੀਂ ਸਮਝਦੀ ਜਿਸ ਕਰਕੇ ਤੁਸੀਂ ਮੇਰੀ ਬੇਨਤੀ ਨੂੰ ਕੋਈ ਹੁੰਗਾਰਾ ਨਹੀਂ ਦਿੱਤਾ।''

 

ਮੁੱਖ ਮੰਤਰੀ ਨੇ ਨਾਲ ਹੀ ਪੁੱਛਿਆ,''ਫਿਰ ਦੱਸੋ, ਉਹ ਕਿਹੜਾ ਹੱਲ ਹੈ ਜਿਸ ਨਾਲ ਇਸ ਸਮੱਸਿਆ ਨੂੰ ਹਮੇਸ਼ਾ ਲਈ ਮੁਕਾਇਆ ਜਾ ਸਕਦਾ ਹੈ।'' ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ,''ਪ੍ਰਧਾਨ ਮੰਤਰੀ ਜੀ, ਕੀ ਇਹ ਤੁਹਾਡੀ ਸਰਕਾਰ ਦਾ ਕੰਮ ਨਹੀਂ ਕਿ ਪੰਜਾਬ, ਦਿੱਲੀ ਅਤੇ ਹਰਿਆਣਾ ਸਮੇਤ ਸਾਰੇ ਭਾਈਵਾਲਾਂ ਨਾਲ ਸਲਾਹ-ਮਸ਼ਵਰਾ ਕਰਕੇ ਇਸ ਦਾ ਸਥਾਈ ਹੱਲ ਲੱਭਿਆ ਜਾਵੇ।''

 

ਕੇਂਦਰ ਦੇ ਫੌਰੀ ਦਖ਼ਲ ਦੀ ਲੋੜ 'ਤੇ ਜ਼ੋਰ ਦਿੰਦਿਆਂ ਆਖਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਜਿਹੜੀਆਂ ਸਾਡੀਆਂ ਨਿੱਜੀ ਸਿਆਸੀ ਲਾਲਸਾਵਾਂ ਹਨ, ਉਹ ਇਨ੍ਹਾਂ ਹਾਲਾਤ ਤੋਂ ਉੱਤੇ ਨਹੀਂ ਹੋ ਸਕਦੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain amarinder writes emotional letter to pm Modi on solution of delhi s pollution