ਮੁੱਖ ਮੰਤਰੀ ਦਾ ਰਿਪੋਰਟ ਕਾਰਡ
ਸਾਬਕਾ ਪਟਿਆਲਾ ਰਿਆਸਤ ਦੇ ਵਾਰਸ ਕੈਪਟਨ ਅਮਰਿੰਦਰ ਸਿੰਘ ਦੋ ਵਰ੍ਹੇ ਪਹਿਲਾਂ ਜਦੋਂ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਮੁਹਿੰਮਾਂ ’ਤੇ ਸਨ, ਤਦ ਉਨ੍ਹਾਂ ਬਹੁਤ ਸਾਰੇ ਵਾਅਦੇ ਕੀਤੇ ਸਨ। ਉਨ੍ਹਾਂ ਦੂਜੀ ਵਾਰ ਮੁੱਖ ਮੰਤਰੀ ਦਾ ਅਹੁਦਾ ਸੰਭਾਲਦਿਆਂ ਹੀ ਪੰਜਾਬ ਵਿੱਚ ਨਸ਼ਿਆਂ ਦੇ ਸਮੱਗਲਰਾਂ ਤੇ ਗੈਂਗਸਟਰਾਂ ਦੀ ਚੰਗੀ ਖੁੰਬ ਠੱਪੀ। ਉਨ੍ਹਾਂ ਨੂੰ ਕਾਬੂ ਕਰ–ਕਰ ਕੇ ਜੇਲ੍ਹੀਂ ਡੱਕਿਆ ਗਿਆ। ਪਰ ਉਹ ਲੋਕ–ਪੱਖੀ ਵਾਅਦੇ ਸਿਰਫ਼ ਸੂਬੇ ਉੱਤੇ ਪਏ ਵਿੱਤੀ ਸੰਕਟ ਕਾਰਨ ਪੂਰੇ ਨਹੀਂ ਕਰ ਸਕੇ। ਇੰਝ ਪੂਰੇ 10 ਵਰਿ੍ਹਆਂ ਪਿੱਛੋਂ ਪੰਜਾਬ ਵਿੱਚ ਬਣੀ ਕਾਂਗਰਸ ਸਰਕਾਰ ਤੋਂ ਲੋਕਾਂ ਨੇ ਜਿਹੜੀਆਂ ਵੱਡੀਆਂ–ਵੱਡੀਆਂ ਆਸਾਂ ਲਾਈਆਂ ਸਨ, ਉਹ ਸਭ ਟੁੱਟਦੀਆਂ ਜਾਪੀਆਂ।
77 ਸਾਲਾ ਗ੍ਰੈਜੂਏਟ ਕੈਪਟਨ ਅਮਰਿੰਦਰ ਸਿੰਘ ਬਾਰੇ ਇਹ ਮੰਨਿਆ ਤੇ ਸਮਝਿਆ ਜਾਂਦਾ ਹੈ ਕਿ ਉਹ ਦੂਰ–ਦ੍ਰਿਸ਼ਟੀ ਨਾਲ ਭਰਪੂਰ ਹਨ। ਉਹ ਸਦਾ ਮੀਡੀਆ ਦੀਆਂ ਸੁਰਖ਼ੀਆਂ ਵਿੱਚ ਰਹਿੰਦੇ ਹਨ – ਕਦੇ ਉਹ ਬਹੁਤ ਨਪੇ–ਤੁਲੇ ਅੰਦਾਜ਼ ਵਿੱਚ ਪਾਕਿਸਤਾਨ ਤੇ ਉਸ ਦੇ ਰਹਿਨੁਮਾਵਾਂ ਦੀ ਤਿੱਖੀ ਆਲੋਚਨਾ ਕਰ ਕੇ ਅਤੇ ਕਦੇ ਸਾਲ ’ਚ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲਿਆਂ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਦੇ ਹੁਕਮ ਦੇ ਕੇ ਅਤੇ ਕਦੇ ਬਾਦਲਾਂ ਦੀ ਨੁਕਤਾਚੀਨੀ ਕਰ ਕੇ ਚਰਚਾ ਦਾ ਵਿਸ਼ਾ ਬਣੇ ਹੀ ਰਹਿੰਦੇ ਹਨ। ਉਨ੍ਹਾਂ ਦੇ ਕੰਮਕਾਜ ਉੱਤੇ ਕੁਝ ਅਸੰਤੁਸ਼ਟੀ ਦੀਆਂ ਆਵਾਜ਼ਾਂ ਵੀ ਉੱਠਦੀਆਂ ਰਹਿੰਦੀਆਂ ਹਨ ਪਰ ਉਨ੍ਹਾਂ ਨੇ ਸੱਤਾ ਉੱਤੇ ਮਜ਼ਬੂਤ ਪਕੜ ਬਣਾ ਕੇ ਰੱਖੀ ਹੋਈ ਹੈ।
ਕੈਪਟਨ ਅਮਰਿੰਦਰ ਸਿੰਘ ਤੇ ਉਨ੍ਹਾਂ ਦੀ ਪਾਰਟੀ ਕਾਂਗਰਸ ਵੱਲੋਂ ਪੰਜਾਬ ਨਾਲ ਕੀਤੇ ਗਏ ਵਾਅਦਿਆਂ ਦੀ ਸੂਚੀ ਬਹੁਤ ਲੰਮੇਰੀ ਹੈ, ਜੋ ਕੁਝ ਇਸ ਪ੍ਰਕਾਰ ਹੈ: ਨਸ਼ਿਆਂ ਨੂੰ ਪੰਜਾਬ ’ਚੋਂ ਜੜ੍ਹੋਂ ਖ਼ਤਮ ਕਰਨਾ, ਕਿਸਾਨਾਂ ਦੇ ਕਰਜ਼ੇ ਮਾਫ਼ ਕਰਨਾ, ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਬਿਜਲੀ ਮੁਹੱਈਆ ਕਰਵਾਉਣਾ, ਹੋਰਨਾਂ ਵਰਗਾਂ ਲਈ ਬਿਜਲੀ ਦਰਾਂ ਸਥਿਰ ਕਰਨਾ, 2500 ਰੁਪਏ ਬੇਰੁਜ਼ਗਾਰੀ ਭੱਤਾ ਹਰੇਕ ਬੇਰੁਜ਼ਗਾਰ ਨੂੰ ਦੇਣਾ, ਮੁਫ਼ ਸਮਾਰਟ ਫ਼ੋਨ ਵੰਡਣਾ, ਇੱਕ ਨੌਕਰੀ ਪ੍ਰਤੀ ਪਰਿਵਾਰ ਦੇਣਾ, ਸਬਸਿਡੀਜ਼ ਦਾ ਸਿੱਧਾ ਤਬਾਦਲਾ ਕਰਨਾ, ਖ਼ੁਦਕੁਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਦੇ ਕਿਸੇ ਇੱਕ ਯੋਗ ਮੈਂਬਰ ਨੂੰ ਨੌਕਰੀ ਦੇਣਾ, 1500 ਰੁਪਏ ਪ੍ਰਤੀ ਮਹੀਨਾ ਸੋਸ਼ਲ ਵੈਲਫ਼ੇਅਰ ਪੈਨਸ਼ਨ ਦੇਣਾ, ਕਿਸਾਨਾਂ ਨੂੰ ਸਿੱਧੀ ਆਮਦਨ ਦੀ ਮਦਦ ਕਰਨਾ ਆਦਿ–ਆਦਿ।
ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਨਸ਼ਿਆਂ ਦੇ ਸਮੱਗਲਰਾਂ ਤੇ ਗੈਂਗਸਟਰਾਂ ਨੂੰ ਵੱਡੇ ਪੱਧਰ ਉੱਤੇ ਨਕੇਲ ਪਾਈ ਹੈ, ਉੱਥੇ ਹੀ ਉਨ੍ਹਾਂ ਵੀਆਈਪੀ ਸਭਿਆਚਾਰ ਖ਼ਤਮ ਕਰਨ ਦੇ ਜਤਨ ਵੀ ਕੀਤੇ ਹਨ – ਜਿਸ ਲਈ ਕਾਰਾਂ ਉੱਤੇ ਲਾਲ ਬੱਤੀਆਂ ਖ਼ਤਮ ਕਰਵਾ ਦਿੱਤੀਆਂ ਗਈਆਂ ਸਨ ਤੇ ਹਲਕਾ–ਇੰਚਾਰਜ ਸਿਸਟਮ ਵੀ ਬੰਦ ਕਰ ਦਿੱਤਾ ਗਿਆ ਸੀ।
ਇਸ ਤੋਂ ਇਲਾਵਾ ਕਿਸਾਨਾਂ ਦੇ ਦੋ–ਦੋ ਲੱਖ ਰੁਪਏ ਤੱਕ ਦੇ ਕਰਜ਼ੇ ਮਾਫ਼ ਹੋਏ ਹਨ ਤੇ ਉਦਯੋਗਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਮੁਹੱਈਆ ਕਰਵਾਈ ਗਈ ਹੈ ਤੇ ਉਨ੍ਹਾਂ ਦੇ ਬਾਕੀ ਵਾਅਦੇ ਹਾਲੇ ਤੱਕ ਵਫ਼ਾ ਨਹੀਂ ਹੋਏ। ਕਾਂਗਰਸ ਪਾਰਟੀ ਨੇ ਕਿਸਾਨਾਂ ਦੀ ਕਰਜ਼ਾ–ਮਾਫ਼ੀ ਦੀ ਨਕਲ ਆਪਣੀਆਂ ਸਰਕਾਰਾਂ ਵਾਲੇ ਹੋਰਨਾਂ ਸੂਬਿਆਂ ਵਿੱਚ ਵੀ ਕੀਤੀ ਹੈ। ਬਾਕੀ ਦੇ ਵਾਅਦੇ ਕਦੋਂ ਪੂਰੇ (ਵਫ਼ਾ) ਹੋਣਗੇ, ਇਸ ਬਾਰੇ ਕੁਝ ਨਹੀਂ ਦੱਸਿਆ ਗਿਆ।
ਚੋਣ–ਵਾਅਦੇ ਪੂਰੇ ਨਾ ਕਰ ਸਕਣ ਦਾ ਦੋਸ਼ ਕੈਪਟਨ ਹੁਣ ਪਿਛਲੀ ਸਰਕਾਰ ਉੱਤੇ ਮੜ੍ਹਦੇ ਹਨ, ਜੋ ਖ਼ਜ਼ਾਨੇ ਵਿੱਚ ਕੁਝ ਵੀ ਛੱਡ ਕੇ ਨਹੀਂ ਗਈ।