ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਰਗਾੜੀ ਬੇਅਦਬੀ ਕਾਂਡ ਦੇ ਮੁੱਖ ਦੋਸ਼ੀ ਦੇ ਨਾਭਾ ਜੇਲ੍ਹ ਵਿੱਚ ਹੋਏ ਕਤਲ ਦੀ ਉੱਚ–ਪੱਧਰੀ ਜਾਂਚ ਲਈ ਇੱਕ ‘ਵਿਸ਼ੇਸ਼ ਜਾਂਚ ਟੀਮ’ (SIT – ਸਪੈਸ਼ਲ ਇਨਵੈਸਟੀਗੇਸ਼ਨ ਟੀਮ) ਦਾ ਗਠਨ ਕਰ ਦਿੱਤਾ ਹੈ। ਮੁੱਖ ਮੰਤਰੀ ਨੇ ਇਹ ਐਲਾਨ ਅੱਜ ਚੰਡੀਗੜ੍ਹ ’ਚ ਉੱਚ ਪੁਲਿਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਇੱਕ ਮੀਟਿੰਗ ਦੌਰਾਨ ਦਿੱਤਾ।
ਪੰਜ ਮੈਂਬਰੀ SIT ਦੀ ਅਗਵਾਈ ਏਡੀਜੀਪੀ (ਕਾਨੂੰਨ ਤੇ ਵਿਵਸਥਾ) ਸ੍ਰੀ ਈਸ਼ਵਰ ਸਿੰਘ ਕਰਨਗੇ। ਉਹ ਇਹ ਸਾਰੀ ਜਾਂਚ ਕਰਨਗੇ ਕਿ ਆਖ਼ਰ ਡੇਰਾ ਸੱਚਾ ਸੌਦਾ ਦੇ 49 ਸਾਲਾ ਸ਼ਰਧਾਲੂ ਮਹਿੰਦਰ ਪਾਲ ਸਿੰਘ ਬਿੱਟੂ ਦਾ ਕਤਲ ਕਿਹੜੇ ਹਾਲਾਤ ਅਧੀਨ ਨਾਭਾ ਦੀ ਉੱਚ ਸੁਰੱਖਿਆ ਪ੍ਰਾਪਤ ਜੇਲ੍ਹ ਵਿੱਚ ਕੀਤਾ ਗਿਆ ਸੀ। ਕੀ ਇਸ ਪਿੱਛੇ ਕਿਸੇ ਦੀ ਕੋਈ ਸਾਜ਼ਿਸ਼ ਸੀ?
ਇਸ SIT ਦੇ ਬਾਕੀ ਦੇ ਮੈਂਬਰਾਂ ਵਿੱਚ ਪਟਿਆਲਾ ਦੇ ਆਈਜੀ ਅਮਰਦੀਪ ਰਾਏ, ਡੀਆਈ – ਇੰਟੈਲੀਜੈਂਸ ਹਰਦਿਆਲ ਮਾਨ, ਪਟਿਆਲਾ ਦੇ ਐੱਸਐੱਸਪੀ ਮਨਦੀਪ ਸਿੰਘ ਅਤੇ ਏਆਈਜੀ (ਕਾਊਂਟਰ ਇੰਟੈਲੀਜੈਂਸ) ਕਸ਼ਮੀਰ ਸਿੰਘ ਸ਼ਾਮਲ ਹਨ।
ਮੁੱਖ ਮੰਤਰੀ ਨੇ ਜੇਲ੍ਹ ਮੰਤਰੀ ਤੇ ਏਡੀਜੀਪੀ (ਜੇਲ੍ਹਾਂ) ਨੂੰ ਇਹ ਹਦਾਇਤ ਵੀ ਜਾਰੀ ਕੀਤੀ ਕਿ ਉਹ ਜੇਲ੍ਹਾਂ ’ਚ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਦੋਬਾਰਾ ਵਾਪਰਨ ਤੋਂ ਰੋਕਣ। ਜੇਲ੍ਹਾਂ ਦੀ ਸੁਰੱਖਿਆ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇੱਥੇ ਵਰਨਣਯੋਗ ਹੈ ਕਿ ਫ਼ਰੀਦਕੋਟ ਦੇ ਮਹਿੰਦਰਪਾਲ ਸਿੰਘ ਬਿੱਟੂ ਉੱਤੇ ਨਾਭਾ ਜੇਲ੍ਹ ਵਿੱਚ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਨਾਂਅ ਦੇ ਦੋ ਕੈਦੀਆਂ ਨੇ ਸਰੀਏ ਨਾਲ ਹਮਲਾ ਕਰ ਦਿੱਤਾ ਸੀ। ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਿਜਾਂਦੇ ਸਮੇਂ ਬਿੱਟੂ ਦੀ ਰਾਹ ਵਿੱਚ ਹੀ ਮੌਤ ਹੋ ਗਈ ਸੀ।