ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਤੇ ਬਾਦਲ ਤਬਾਹੀ ਲਈ ਕੁਦਰਤੀ ਆਫ਼ਤ ਨਾਲੋਂ ਵੱਧ ਜ਼ਿੰਮੇਵਾਰ: ਭਗਵੰਤ ਮਾਨ

----ਭਗਵੰਤ ਮਾਨ, ਪ੍ਰੋ. ਸਾਧੂ ਸਿੰਘ ਤੇ ਬੀਬੀ ਮਾਣੂੰਕੇ ਨੇ ਕੀਤਾ ਸਤਲੁਜ ਦੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ----

----ਮਾਨ ਨੇ ਮਹਾਂਮਾਰੀ ਫੈਲਣ ਦਾ ਖ਼ਤਰਾ ਜਤਾਇਆ----

----ਹੜ੍ਹ ਪੀੜਿਤ ਨੂੰ ਦਵਾਈਆਂ, ਕੱਪੜੇ ਅਤੇ ਹੋਰ ਰਾਹਤ ਸਮੱਗਰੀ ਵੰਡੀ----

 

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਹੜ੍ਹਾਂ ਕਾਰਨ ਜਾਨ-ਮਾਲ ਦੀ ਤਬਾਹੀ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਦੀਆਂ ਸਰਕਾਰਾਂ ਨੂੰ ਸਿੱਧਾ ਜ਼ਿੰਮੇਵਾਰ ਠਹਿਰਾਇਆ।

 

ਭਗਵੰਤ ਮਾਨ ਸ਼ਨੀਵਾਰ ਨੂੰ ਸਤਲੁਜ ਦੇ ਹੜ੍ਹਾਂ ਅਤੇ ਬਰਸਾਤ ਦੀ ਮਾਰ ਥੱਲੇ ਆਏ ਇਲਾਕਿਆਂ ਦੇ ਦੌਰੇ 'ਤੇ ਸਨ। ਸਾਬਕਾ ਸੰਸਦ ਮੈਂਬਰ ਪ੍ਰੋ.ਸਾਧੂ ਸਿੰਘ, ਬੀਬੀ ਸਰਬਜੀਤ ਕੌਰ ਮਾਣੂੰਕੇ, ਨਵਦੀਪ ਸਿੰਘ ਸੰਘਾ, ਨਸੀਬ ਬਾਵਾ, ਮਨਜਿੰਦਰ ਔਲਖ, ਸੰਜੀਵ ਕੋਛੜ, ਅਮਨ ਪੰਡੋਰੀ, ਅਮਿਤ ਪੁਰੀ, ਸੁੱਖੀ ਧਾਲੀਵਾਲ, ਸੁਖਦੀਪ ਧਾਮੀ, ਗੁਰਪ੍ਰੀਤ ਭੱਜੀ ਅਤੇ ਹੋਰ ਆਗੂ ਮੌਜੂਦ ਸਨ।

 

ਭਗਵੰਤ ਮਾਨ ਨੇ ਧਰਮਕੋਟ ਦੇ ਸੰਘੇੜਾ, ਸ਼ੇਰੇਵਾਲਾ, ਮੰਦਰ ਕਲਾ ਅਤੇ ਭੈਣੀ, ਸ਼ਾਹਕੋਟ ਦੇ ਜਾਣੀਆਂ, ਗਿੱਦੜਵਿੰਡੀ ਆਦਿ ਪਿੰਡਾਂ ਦਾ ਦੌਰਾ ਕਰਨ ਦੇ ਨਾਲ ਨਾਲ ਸਤਲੁਜ ਬੰਨ੍ਹ 'ਤੇ ਬੈਠੇ ਹੜ੍ਹ ਪੀੜਿਤ ਲੋਕਾਂ ਕੋਲ ਪਹੁੰਚ ਕੀਤੀ ਅਤੇ ਪਾਰਟੀ ਵੱਲੋਂ 3 ਤੋਂ 4 ਲੱਖ ਦੀਆਂ ਦਵਾਈਆਂ, ਕੱਪੜੇ, ਹਰਾ ਚਾਰਾ ਅਤੇ ਹੋਰ ਸਮਗਰੀ ਜੋ ਵਲੰਟੀਅਰਾਂ ਵੱਲੋਂ ਇਕੱਠੀ ਕੀਤੀ ਗਈ ਸੀ ਉਹ ਵੰਡੀ।

 

ਹੜ੍ਹ ਪੀੜਿਤ ਲੋਕਾਂ ਨੂੰ ਦਿਲਾਸਾ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕਹਿਣ ਨੂੰ ਇਹ ਕੁਦਰਤੀ ਆਫ਼ਤ ਹੈ ਪਰੰਤੂ ਇਸ ਲਈ ਪਿਛਲੇ 25 ਸਾਲਾਂ ਤੋਂ 'ਮਾਫ਼ੀਆ' ਸਰਕਾਰਾਂ ਚਲਾ ਰਹੇ ਬਾਦਲ ਅਤੇ ਕੈਪਟਨ ਸਿੱਧੇ ਤੌਰ 'ਤੇ ਜ਼ਿੰਮੇਵਾਰ ਹਨ।

 

ਭਗਵੰਤ ਮਾਨ ਨੇ ਸੁਖਬੀਰ ਸਿੰਘ ਬਾਦਲ 'ਤੇ ਵਰ੍ਹਦਿਆਂ ਕਿਹਾ ਕਿ ਅੱਜ ਜੋ ਸੁਖਬੀਰ ਬਾਦਲ ਹੜ੍ਹਾਂ ਲਈ ਖਣਨ (ਸੈਂਡ) ਮਾਫ਼ੀਆ ਨੂੰ ਜ਼ਿੰਮੇਵਾਰ ਦੱਸ ਰਹੇ ਹਨ, ਉਹ ਭੁੱਲ ਗਏ ਹਨ ਕਿ ਰੇਤ ਮਾਫ਼ੀਆ ਉਨ੍ਹਾਂ ਦੀ 10 ਸਾਲਾਂ ਸੱਤਾ ਦੀ ਹੀ ਦੇਣ ਹੈ। ਮਾਨ ਨੇ ਕਿਹਾ ਕਿ ਅਜਿਹੇ ਬਿਆਨ ਸਾਬਤ ਕਰਦੇ ਹਨ ਕਿ ਬਾਦਲਾਂ ਕੋਲ ਸ਼ਰਮ ਨਾਮ ਦੀ ਕੋਈ ਚੀਜ਼ ਨਹੀਂ।

 

ਮਾਨ ਨੇ ਕਿਹਾ ਕਿ ਅੱਜ ਰਾਹਤ ਕਾਰਜਾਂ ਲਈ 100 ਕਰੋੜ ਰੁਪਏ ਦੇ ਐਲਾਨ ਕਰਨ ਵਾਲੇ ਕੈਪਟਨ 50 ਕਰੋੜ ਰੁਪਏ ਵੀ ਘੱਗਰ, ਸਤਲੁਜ, ਬਿਆਸ ਅਤੇ ਹੋਰ ਬਰਸਾਤੀ ਨਦੀ-ਨਾਲਿਆਂ ਦੇ ਕੰਢਿਆਂ ਦੀ ਮਜ਼ਬੂਤੀ ਲਈ ਇਮਾਨਦਾਰੀ ਨਾਲ ਖ਼ਰਚਿਆ ਹੁੰਦਾ ਤਾਂ ਹਾਲਾਤ ਇੰਨੇ ਤਬਾਹਕੁਨ ਨਾ ਹੁੰਦੇ।

 

 

ਮਾਨ ਨੇ ਕਿਹਾ ਕਿ ਨਾਲਿਆਂ-ਡਰੇਨਾਂ ਦੀਆਂ ਸਫ਼ਾਈਆਂ ਪਹਿਲਾਂ ਵੀ ਕਾਗ਼ਜ਼ਾਂ 'ਚ ਹੀ ਹੁੰਦੀਆਂ ਸਨ ਅਤੇ ਹੁਣ ਵੀ ਕਾਗ਼ਜ਼ਾਂ 'ਚ ਹੀ ਹੋ ਰਹੀਆਂ ਹਨ। ਮਾਨ ਨੇ ਸੁਖਬੀਰ ਬਾਦਲ ਨੂੰ ਯਾਦ ਕਰਾਇਆ ਕਿ ਸਿੰਚਾਈ ਘੁਟਾਲੇ 'ਚ ਉਸ ਦੇ ਤਿੰਨ ਮੰਤਰੀਆਂ ਦੇ ਨਾਮ ਵੱਜਦਾ ਰਿਹਾ ਹੈ। ਇਸ ਲਈ ਉਸ ਨੂੰ (ਬਾਦਲ) ਨੂੰ ਬੋਲਣ ਦਾ ਕੋਈ ਨੈਤਿਕ ਹੱਕ ਨਹੀਂ ਰਹਿ ਜਾਂਦਾ।

 

ਭਗਵੰਤ ਮਾਨ ਨੇ ਕਿਹਾ ਕਿ ਇਸ ਇਲਾਕੇ ਦੇ 50 ਦੇ ਕਰੀਬ ਪਿੰਡ ਪੂਰੀ ਤਰ੍ਹਾਂ ਡੁੱਬੇ ਹੋਏ ਹਨ ਅਤੇ ਡੰਗਰ-ਪਸ਼ੂਆਂ ਤੇ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਜਦਕਿ ਇਹ ਪਿੰਡ ਦਹਾਕਿਆਂ ਤੋਂ ਮੰਗ ਕਰਦੇ ਆ ਰਹੇ ਹਨ ਕਿ ਉਨ੍ਹਾਂ ਨੂੰ ਦਰਿਆ ਦੀ ਪੱਤਣ ਤੋਂ ਕੱਢ ਕੇ ਕਿਸੇ ਉੱਚੀ ਥਾਂ 'ਤੇ ਵਸਾਇਆ ਜਾਵੇ।

 

ਮਾਨ ਨੇ ਕਿਹਾ ਕਿ ਬੇਸ਼ੱਕ ਪਾਣੀ ਉੱਤਰਨਾ ਸ਼ੁਰੂ ਹੋ ਗਿਆ ਹੈ ਪਰ ਭਿਆਨਕ ਮਹਾਂਮਾਰੀ ਦਾ ਖ਼ਤਰਾ ਬਣ ਗਿਆ ਹੈ। ਲਾਸ਼ਾਂ ਅਤੇ ਮਰੇ ਹੋਏ ਡੰਗਰ-ਪਸ਼ੂਆਂ ਦੀ ਬਦਬੂ ਫੈਲਣੀ ਸ਼ੁਰੂ ਹੋ ਗਈ ਹੈ ਜਦਕਿ ਸਰਕਾਰ ਦੇ ਪੱਧਰ 'ਤੇ ਬਚਾਅ ਕਾਰਜ ਬੇਹੱਦ ਢਿੱਲੇ ਹਨ।

 

ਮਾਨ ਨੇ ਇਨ੍ਹਾਂ ਪੀੜਿਤ ਲੋਕਾਂ ਨੂੰ ਦਿੱਲੀ ਦੀ ਕੇਜਰੀਵਾਲ ਦੀ ਸਰਕਾਰ ਦੀ ਤਰਜ਼ 'ਤੇ ਵਿਸ਼ੇਸ਼ ਗਿਰਦਾਵਰੀਆਂ ਤੋਂ ਵੀ ਪਹਿਲਾਂ ਤੁਰੰਤ ਵਿੱਤੀ ਰਾਹਤ ਦੇਣ ਦੀ ਮੰਗ ਕੀਤੀ।

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain Badal more responsible for disaster than natural disaster: Bhagwant Mann