ਅਗਲੀ ਕਹਾਣੀ

​​​​​​​ਨਸ਼ਿਆਂ ਦੇ ਮੁੱਦੇ ‘ਤੇ ਕੈਪਟਨ ਚੁੱਪ ਨਹੀਂ ਰਹਿ ਸਕਦੇ: ਖਹਿਰਾ

​​​​​​​ਨਸ਼ਿਆਂ ਦੇ ਮੁੱਦੇ ‘ਤੇ ਕੈਪਟਨ ਚੁੱਪ ਨਹੀਂ ਰਹਿ ਸਕਦੇ: ਖਹਿਰਾ

––  ਜਨ. ਜੇ.ਜੇ. ਸਿੰਘ ਜਿਹੇ ਹੋਰ ਬਹੁਤ ਸਾਰੇ ਯੋਗ ਵਿਅਕਤੀਆਂ ਨੂੰ ‘ਪੰਜਾਬ ਡੈਮੋਕ੍ਰੈਟਿਕ ਅਲਾਇੰਸ’ ਨਾਲ ਜੋੜਾਂਗੇ

 

ਪੰਜਾਬੀ ਏਕਤਾ ਪਾਰਟੀ ਦੇ ਆਗੂ ਸ੍ਰੀ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਸੂਬੇ ‘ਚ ਨਸ਼ਿਆਂ ਦੇ ਮੁੱਦੇ ‘ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੁੱਪ ਨਹੀਂ ਬੈਠ ਸਕਦੇ ਕਿਉਂਕਿ ਉਨ੍ਹਾਂ ਦੀ ਆਪਣੀ ਪਾਰਟੀ ਦੇ ਕਿਸੇ ਵਿਧਾਇਕ ਨੇ ਦੂਜੀ ਵਾਰ ਸੂਬੇ ‘ਚ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਹੈ।

 

 

ਸ੍ਰੀ ਸੁਖਪਾਲ ਖਹਿਰਾ ਤੇ ਹੋਰ ਪਾਰਟੀ ਆਗੂ ਅੱਜ ਮਾਘੀ ਮੇਲੇ ਮੌਕੇ ਖ਼ਾਸ ਤੌਰ ’ਤੇ ਸ੍ਰੀ ਮੁਕਤਸਰ ਸਾਹਿਬ ਪੁੱਜੇ ਸਨ।

 

 

ਸ੍ਰੀ ਖਹਿਰਾ ਨੇ ਕਿਹਾ,’ਪਹਿਲਾਂ ਸੁਰਜੀਤ ਸਿੰਘ ਧੀਮਾਨ ਤੇ ਹੁਣ ਕੁਲਬੀਰ ਸਿੰਘ ਜ਼ੀਰਾ ਨੇ ਪੰਜਾਬ ‘ਚ ਨਸ਼ਿਆਂ ਦੀ ਸਮੱਸਿਆ ਵਿਰੁੱਧ ਆਵਾਜ਼ ਚੁੱਕੀ ਹੈ। ਦਰਅਸਲ, ਨਸ਼ਿਆਂ ਦੀ ਸਮੱਗਲਿੰਗ ਸ਼ਕਤੀਸ਼ਾਲੀ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਪੁਸ਼ਤ–ਪਨਾਹੀ ਅਧੀਨ ਹੋ ਰਹੀ ਹੈ। ਜ਼ੀਰਾ ਨੂੰ ਹੁਣ ਆਪਣੀ ਕਾਰਵਾਈ ਤੋਂ ਪਿਛਾਂਹ ਨਹੀਂ ਹਟਣਾ ਚਾਹੀਦਾ। ਕੈਪਟਨ ਇਸ ਮੁੱਦੇ ’ਤੇ ਚੁੱਪ ਨਹੀਂ ਰਹਿ ਸਕਦੇ।’

 

 

ਭੁਲੱਥ ਹਲਕੇ ਤੋਂ ਵਿਧਾਇਕ ਸ੍ਰੀ ਖਹਿਰਾ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਅੱਗੇ ਕਿਹਾ,’ਸਾਡੀ ਪਾਰਟੀ ਜਨਤਾ ਪ੍ਰਤੀ ਜਵਾਬਦੇਹ ਹੋਵੇਗੀ। ਅਸੀਂ ਚੋਣ ਕਮਿਸ਼ਨ ਨੂੰ ਲਿਖਤੀ ਹਲਫ਼ੀਆ ਬਿਆਨ ਦੇਵਾਂਗੇ ਕਿ ਜੇ ਸਾਡੀ ਪਾਰਟੀ ਸਰਕਾਰ ਬਣਨ ਦੇ ਦੋ ਸਾਲਾਂ ਦੇ ਅੰਦਰ ਚੋਣ ਵਾਅਦੇ ਪੂਰੇ ਨਹੀਂ ਕਰਦੀ, ਤਾਂ ਉਸ ਦੀ ਮਾਨਤਾ ਰੱਦ ਕਰ ਦਿੱਤੀ ਜਾਵੇ। ਕੈਪਟਨ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਤੋਂ ਨਾਕਾਮ ਰਹੀ ਹੈ ਅਤੇ ਇਹ ਉਨ੍ਹਾਂ ਦੇ ਆਪਣੇ ਮੈਨੀਫ਼ੈਸਟੋ ‘ਚ ਕੀਤੇ ਵਾਅਦਿਆਂ ਦੀ ਉਲੰਘਣਾ ਹੈ।’

 

 

ਸ੍ਰੀ ਖਹਿਰਾ ਨੇ ਕਿਹਾ,‘ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੀਆਂ ਦੋ ਮੀਟਿੰਗਾਂ ਹੋ ਚੁੱਕੀਆਂ ਹਨ। ਬਠਿੰਡਾ ਤੋਂ ਮੇਰੀ ਉਮੀਦਵਾਰੀ ਬਾਰੇ ਵਿਚਾਰ–ਵਟਾਂਦਰਾ ਚੱਲ ਰਿਹਾ ਹੈ। ਅਸੀਂ ਚਾਹੁੰਦੇ ਹਾਂ ਕਿ ਵਿਰੋਧੀ ਧਿਰ ਇੱਕ ਮੋਰਚੇ ‘ਤੇ ਇਕੱਠੀ ਹੋਵੇ, ਤਾਂ ਜੋ ਵੋਟਾਂ ਵੰਡੀਆਂ ਨਾ ਜਾਣ। ਮੈਂ ਆਮ ਆਦਮੀ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ ਤੇ ਉਹ ਮੇਰੇ ਵਿਰੁੱਧ ਕੋਈ ਵੀ ਕਾਰਵਾਈ ਕਰਨ ਲਈ ਆਜ਼ਾਦ ਹਨ। ਮੈਂ ਜੇ.ਜੇ. ਸਿੰਘ ਹੁਰਾਂ ਦੇ ਸੰਪਰਕ ਵਿੱਚ ਹਾਂ।  ਉਹ ਬਹੁਤ ਸਾਦੇ ਵਿਅਕਤੀ ਹਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੀ ਦੁਰਵਰਤੋਂ ਕੀਤੀ ਹੈ। ਪੰਜਾਬ ਡੈਮੋਕ੍ਰੈਟਿਕ ਅਲਾਇੰਸ ਉਨ੍ਹਾਂ ਨੂੰ ਗੱਠਜੋੜ ‘ਚ ਲੈਣ ਦਾ ਜਤਨ ਕਰੇਗਾ। ਅਸੀਂ ਲੋਕ ਸਭਾ ਦੀਆਂ ਸੀਟਾਂ ਲਈ ਵੱਖੋ–ਵੱਖਰੇ ਉਮੀਦਵਾਰਾਂ ਦੇ ਨਾਂਵਾਂ ‘ਤੇ ਵਿਚਾਰ ਕਰ ਰਹੇ ਹਾਂ।’

 

 

ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਨੂੰ 10% ਰਾਖਵਾਂਕਰਨ ਦੇਣ ਦੇ ਸੁਆਲ ਦਾ ਜਵਾਬ ਦਿੰਦਿਆਂ ਸ੍ਰੀ ਖਹਿਰਾ ਨੇ ਕਿਹਾ,‘ਅਸੀਂ ਇਸ ਦੇ ਖਿ਼ਲਾਫ਼ ਨਹੀਂ ਹਾਂ, ਜੇ ਦਲਿਤਾਂ ਦੇ ਰਾਖਵੇਂਕਰਨ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਂਦੀ ਕਿਉਂਕਿ ਉੱਚੀਆਂ ਜਾਤਾਂ ਵਿੱਚ ਵੀ ਬਹੁਤ ਸਾਰੇ ਲੋਕ ਗ਼ਰੀਬ ਹੁੰਦੇ ਹਨ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain cannot remain mum on Drugs issue Khaira