ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੁਰਸੀ ਬਚਾਉਣ ਲਈ ਕੈਪਟਨ ਨਿਰਦੋਸ਼ ਦੱਸ ਰਹੇ ਗਾਂਧੀਆਂ ਨੂੰ: ਸੁਖਬੀਰ ਬਾਦਲ

ਕੁਰਸੀ ਬਚਾਉਣ ਲਈ ਕੈਪਟਨ ਨਿਰਦੋਸ਼ ਦੱਸ ਰਹੇ ਗਾਂਧੀਆਂ ਨੂੰ: ਸੁਖਬੀਰ ਬਾਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਕਿਉਂਕਿ ਉਹ ਹੁਣ ਸਿਰਫ਼ ਆਪਣੀ ਕੁਰਸੀ ਬਚਾਉਣ ਲਈ ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਤ ਮਾਮਲੇ `ਚੋਂ ਗਾਂਧੀ ਪਰਿਵਾਰ ਨੂੰ ਨਿਰਦੋਸ਼ ਕਰਾਰ ਦੇ ਰਹੇ ਹਨ।


ਅੱਜ ਫਿ਼ਰੋਜ਼ਪੁਰ `ਚ ਪਾਰਟੀ ਕਾਰਕੁੰਨਾਂ ਨਾਲ ਮੀਟਿੰਗ ਦੇ ਚੱਲਦਿਆਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ - ‘ਕੈਪਟਨ ਅਮਰਿੰਦਰ ਸਿੰਘ ਹੁਣ ਗਾਂਧੀ ਪਰਿਵਾਰ ਦੀ ਚਾਪਲੂਸੀ ਕਰਦੇ ਵਿਖਾਈ ਦਿੰਦੇ ਹਨ। ਇਹ ਹੈਰਾਨੀ ਵਾਲੀ ਗੱਲ ਹੈ ਕਿ ਉਹ ਗਾਂਧੀ ਪਰਿਵਾਰ ਤੇ ਕਾਂਗਰਸ ਨੂੰ ਨਵੰਬਰ 1984 ਸਿੱਖ ਕਤਲੇਆਮ ਨਾਲ ਸਬੰਧਤ ਮਾਮਲਿਆਂ `ਚੋਂ ਬਿਲਕੁਲ ਨਿਰਦੋਸ਼ ਦੱਸ ਰਹੇ ਹਨ; ਜਦ ਕਿ ਦਿੱਲੀ ਹਾਈ ਕੋਰਟ ਦਾ ਫ਼ੈਸਲਾ ਕੁਝ ਹੋਰ ਕਹਾਣੀ ਬਿਆਨ ਕਰ ਰਿਹਾ ਹੈ। ਸੱਜਣ ਕੁਮਾਰ ਨੂੰ ਸਜ਼ਾ ਸੁਣਾਉਂਦਿਆਂ ਅਦਾਲਤ ਨੇ ਸਾਫ਼ ਕਿਹਾ ਸੀ ਕਿ ਉਹ 34 ਸਾਲ ਸਿਰਫ਼ ਸਿਆਸੀ ਸਰਪ੍ਰਸਤੀ ਕਾਰਨ ਬਚਦਾ ਰਿਹਾ।`


ਸ੍ਰੀ ਸੁਖਬੀਰ ਬਾਦਲ ਨੇ ਕਿਹਾ,‘ਗਾਂਧੀ ਪਰਿਵਾਰ ਨੂੰ ਖ਼ੁਸ਼ ਕਰਨ ਲਈ ਕੈਪਟਨ ਨੂੰ ਕੋਈ ਬਿਆਨ ਜਾਰੀ ਕਰਨ ਤੋਂ ਪਹਿਲਾਂ ਘੱਟੋ-ਘੱਟ ਅਦਾਲਤ ਦਾ ਫ਼ੈਸਲਾ ਜ਼ਰੂਰ ਪੜ੍ਹ ਲੈਣਾ ਚਾਹੀਦਾ ਹੈ। ਪਰ ਅਜਿਹਾ ਕਰਦੇ ਸਮੇਂ ਉਹ ਪੰਜਾਬੀਆਂ ਦੇ ਹੀ ਵਿਰੁੱਧ ਭੁਗਤ ਗਏ ਹਨ।`


ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਹੁਣ ਆਪਣੇ ਪਰਿਵਾਰ ਨੂੰ ਬਚਾਉਣ ਲਈ ਕੈਪਟਨ ਅਮਰਿੰਦਰ ਸਿੰਘ ਜਿਹੇ ਆਗੂਆਂ ਨੂੰ ਅੱਗੇ ਕਰਨ ਦੀ ਥਾਂ ਖ਼ੁਦ ਖੁੱਲ੍ਹ ਕੇ ਇਸ ਮਾਮਲੇ `ਤੇ ਬਿਆਨ ਦੇਣਾ ਚਾਹੀਦਾ ਹੈ। ‘ਰਾਹੁਲ ਗਾਂਧੀ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਉਹ ਜਗਦੀਸ਼ ਟਾਈਟਲਰ ਨੂੰ ਪਾਰਟੀ `ਚੋਂ ਕਦੋਂ ਕੱਢਣਗੇ ਤੇ ਕਮਲ ਨਾਥ ਨੂੰ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਕਦੋਂ ਲਾਂਭੇ ਕਰਨਗੇ। ਕੀ ਹੁਣ ਉਹ ਕਿਸੇ ਅਦਾਲਤੀ ਫ਼ੈਸਲੇ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਕਾਂਗਰਸ `ਚੋਂ ਕੱਢਣਗੇ?`


ਸ੍ਰੀ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਫਿ਼ਰੋਜ਼ਪੁਰ ਜਿ਼ਲ੍ਹੇ ਦੇ ਅਕਾਲੀ ਆਗੂਆਂ ਤੇ ਕਾਰਕੁੰਨਾਂ ਦੀਆਂ ਸਿ਼ਕਾਇਤਾਂ ਮਿਲੀਆਂ ਹਨ ਕਿ ਕਾਂਗਰਸੀ ਵਿਧਾਇਕ ਖੁੱਲ੍ਹੇ ਆਮ ਰੇਤੇ ਦੀ ਮਾਈਨਿੰਗ ਅਤੇ ਸ਼ਰਾਬ ਦੀ ਸਮੱਗਲਿੰਗ ਵਿੱਚ ਸ਼ਾਮਲ ਹਨ। ਸ਼ਰਾਬ ਦੀ ਸਮੱਗਲਿੰਗ ਕਾਰਨ ਕਾਂਗਰਸੀ ਆਗੂਆਂ ਸਦਕਾ ਪੰਜਾਬ ਦੇ ਐਕਸਾਈਜ਼ ਵਿਭਾਗ ਨੂੰ ਪਹਿਲਾਂ ਹੀ 600 ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ।


ਸ੍ਰੀ ਸੁਖਬੀਰ ਬਾਦਲ ਨੇ ਕਿਹਾ ਕਿ - ‘‘ਸੂਬੇ ਦਾ ਚੋਣ ਕਮਿਸ਼ਨ ਤਾਂ ਨਾ ਹੋਣ ਬਰਾਬਰ ਹੀ ਹੈ ਤੇ ਉਹ ਪੰਚਾਇਤ ਚੋਣਾਂ ਸਾਫ਼-ਸੁਥਰੇ ਢੰਗ ਨਾਲ ਕਰਵਾਉਣ ਤੋਂ ਪੂਰੀ ਤਰ੍ਹਾਂ ਨਾਕਾਮ ਰਿਹਾ ਹੈ। ਉਸ ਨੂੰ ਤੁਰੰਤ ਭੰਗ ਕਰ ਦੇਣਾ ਚਾਹੀਦਾ ਹੈ।``   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain claiming Gandhis as innocent in 84 riots Sukhbir