ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਪਿਛਲੇ ਦੋ ਸਾਲਾਂ ਦੇ ਆਪਣੇ ਕਾਰਜਕਾਲ ਦੌਰਾਨ ਹਰ ਸੰਭਵ ਹੱਦ ਤੱਕ ਵਧੀਆ ਕਾਰਜ ਕਰ ਕੇ ਵਿਖਾਏ ਹਨ। ਉਨ੍ਹਾਂ ਸਰਕਾਰ ਦੀਆਂ ਵੱਖੋ–ਵੱਖਰੇ ਖੇਤਰਾਂ ਵਿਚਲੀਆਂ ਆਪਣੀਆਂ ਪ੍ਰਾਪਤੀਆਂ ਗਿਣਵਾਈਆਂ।
ਆਪਣੀ ਸਰਕਾਰ ਦੇ ਦੋ ਵਰ੍ਹੇ ਮੁਕੰਮਲ ਹੋਣ ਮੌਕੇ ਕੈਪਟਨ ਨੇ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਵਾਅਦਾ ਕੀਤਾ ਸੀ ਕਿ ਪੰਜਾਬ ਦੇ ਪਾਣੀ ਦੀ ਪੂਰੀ ਰਾਖੀ ਕਰਾਂਗੇ ਤੇ ਅਸੀਂ ਪੂਰੀ ਤਰ੍ਹਾਂ ਰਾਖੀ ਕੀਤੀ ਹੈ। ਕਿਉਂਕਿ ਸਾਡੇ ਕੋਲ ਵਾਧੂ ਪਾਣੀ ਨਹੀਂ ਹੈ।
ਦੂਜੇ ਅਸੀਂ ਨਸ਼ਿਆਂ ਵਿਰੁੱਧ ਵੱਡੀਆਂ ਮੁਹਿੰਮਾਂ ਛੇੜੀਆਂ ਹਨ। 21,985 ਕੇਸ ਰਜਿਸਟਰਡ ਹੋ ਚੁੱਕੇ ਹਨ ਤੇ ਨਸ਼ਿਆਂ ਦੇ 26,000 ਸਮੱਗਲਰ ਤੇ ਪ੍ਰਚੂਨ ਵਿਕਰੇਤਾ ਵੀ ਫੜੇ ਜਾ ਚੁੱਕੇ ਹਨ। ਉਨ੍ਹਾਂ ਦੇ ਫੜੇ ਜਾਣ ਕਾਰਨ ਹੀ ਹੁਣ ਪੰਜਾਬ ਵਿੱਚ ਨਸ਼ਿਆਂ ਦੀ ਘਾਟ ਪੈਦਾ ਹੋ ਗਈ ਹੈ। ਹੁਣ ਸਾਢੇ ਸੱਤ ਲੱਖ ਛੋਟੇ–ਛੋਟੇ ਸਮੂਹ ਬਣਾਏ ਹਨ, ਜੋ ਨਸ਼ਾ–ਵਿਰੋਧੀ ਮੁਹਿੰਮ ਚਲਾ ਰਹੇ ਹਨ। ਨਸ਼ਾ–ਛੁਡਾਊ ਕੇਂਦਰ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ।
ਕਿਸਾਨਾਂ ਦੇ 4,726 ਕਰੋੜ ਰੁਪਏ ਦੇ ਦੋ–ਦੋ ਲੱਖ ਰੁਪਏ ਦੇ ਕਰਜ਼ੇ ਮਾਫ਼ ਹੋ ਚੁੱਕੇ ਹਨ। ਕੈਪਟਨ ਨੇ ਕਿਹਾ ਕਿ ਹਾਲੇ ਸਰਕਾਰ ਕੋਲ ਵਿੱਤੀ ਸੰਕਟ ਚੱਲ ਰਿਹਾ ਹੈ, ਇਸੇ ਲਈ ਸਰਕਾਰ ਚਾਹੁੰਦੇ ਹੋਏ ਵੀ ਕਿਸਾਨਾਂ ਲਈ ਕੁਝ ਨਹੀਂ ਕਰ ਸਕੀ। ਜੇ ਸਰਕਾਰ ਕੋਲ ਹੋਰ ਧਨ ਆਉਂਦਾ, ਤਾਂ ਕਿਸਾਨਾਂ ਲਈ ਹੋਰ ਵੀ ਬਹੁਤ ਕੁਝ ਕੀਤਾ ਜਾ ਸਕਦਾ ਸੀ।
ਕੈਪਟਨ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਉਣ ਲਈ ਬਹੁਤ ਸਾਰੀਆਂ ਯੋਜਨਾਵਾਂ ਉਲੀਕੀਆਂ ਹਨ। ਰਾਜ ਦੇ ਕਮਜ਼ੋਰ ਵਰਗਾਂ ਲਈ ਵੀ ਬਹੁਤ ਕੁਝ ਕੀਤਾ ਗਿਆ ਹੈ।