ਆਮ ਚੋਣਾਂ ਦੌਰਾਨ ਪੰਜਾਬ ’ਚ ਕਾਂਗਰਸ ਨੂੰ ਮਿਲੀਆਂ ਵੱਡੀਆਂ ਜਿੱਤਾਂ ਤੋਂ ਬਾਅਦ ਯਕੀਨੀ ਤੌਰ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਥਿਤੀ ਆਪਣੀ ਪਾਰਟੀ ਵਿੱਚ ਬਹੁਤ ਜ਼ਿਆਦਾ ਮਜ਼ਬੂਤ ਹੋ ਗਈ ਹੈ। ਉਨ੍ਹਾਂ ਦੇ ਮੁਕਾਬਲੇ ਕਾਂਗਰਸ ਰਾਸ਼ਟਰੀ ਹਾਈ ਕਮਾਂਡ ਦੀ ਹਾਲਤ ਇਸ ਵੇਲੇ ਬਹੁਤ ਪਤਲੀ ਬਣੀ ਹੋਈ ਹੈ।
ਕੱਲ੍ਹ 23 ਮਈ ਦੇ ਚੋਣ ਨਤੀਜਿਆਂ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਇੱਕ ਮਜ਼ਬੂਤ ਨੇਤਾ ਵਜੋਂ ਉੱਭਰੇ ਹਨ; ਇਹ ਖ਼ਬਰ ਉਨ੍ਹਾਂ ਦੇ ਮੁੱਖ ਸਿਆਸੀ ਸ਼ਰੀਕ ਤੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਲਈ ਮਾੜੀ ਹੋ ਸਕਦੀ ਹੈ। ਚੇਤੇ ਰਹੇ ਕਿ ਹਾਲੇ ਪਿਛਲੇ ਹਫ਼ਤੇ ਹੀ ਸ੍ਰੀ ਸਿੱਧੂ ਨੇ ਕੈਪਟਨ ’ਤੇ ਸਿੱਧਾ ਸਿਆਸੀ ਹਮਲਾ ਬੋਲਿਆ ਸੀ।
ਹੁਣ ਅਜਿਹੇ ਹਾਲਾਤ ਤੋਂ ਬਾਅਦ ਇਹ ਸੁਆਲ ਵੀ ਪੈਦਾ ਹੁੰਦਾ ਹੈ ਕਿ ਕੀ ਹੁਣ ਕੈਪਟਨ ਅਮਰਿੰਦਰ ਸਿੰਘ ਰਾਸ਼ਟਰੀ ਸਿਆਸਤ ਵਿੱਚ ਵੀ ਕੁਝ ਦਿਲਚਸਪੀ ਵਿਖਾਉਣਗੇ ਕਿ ਨਹੀਂ? ਉਂਝ ਹੁਣ ਤੱਕ ਉਹ ਕੌਮੀ ਪੱਧਰ ਦੀ ਸਿਆਸਤ ਤੋਂ ਥੋੜ੍ਹਾ ਦੂਰ ਹੀ ਰਹਿੰਦੇ ਤੇ ਸੂਬਾਈ ਸਿਆਸਤ ਵਿੱਚ ਹੀ ਖ਼ੁਸ਼ ਰਹਿੰਦੇ ਰਹੇ ਹਨ।