ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਾਬਕਾ ਸੰਸਦ ਮੈਂਬਰ ਸੁਖਦੇਵ ਸਿੰਘ ਲਿਬੜਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਹ 87 ਵਰਿਆਂ ਦੇ ਸਨ ਜਿਨਾਂ ਨੇ ਅੱਜ ਸਵੇਰੇ ਖੰਨਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਆਖਰੀ ਸਾਹ ਲਿਆ। ਉਹ ਆਪਣੇ ਪਿੱਛੇ ਪਤਨੀ, ਦੋ ਬੇਟੇ ਤੇ ਦੋ ਬੇਟੀਆਂ ਛੱਡ ਗਏ।
ਇਕ ਸ਼ੋਕ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਸੁਖਦੇਵ ਸਿੰਘ ਲਿਬੜਾ ਨੂੰ ਅਸੂਲਾਂ ਤੇ ਸਿਧਾਂਤਾਂ ਦੀ ਰਾਜਨੀਤੀ ਕਰਨ ਵਾਲਾ ਆਗੂ ਦੱਸਿਆ ਜਿਹੜਾ ਲੋਕਾਂ ਨਾਲ ਜ਼ਮੀਨੀ ਪੱਧਰ ’ਤੇ ਜੁੜਿਆ ਹੋਇਆ ਸੀ। ਉਨਾਂ ਕਿਹਾ ਕਿ ਸ੍ਰੀ ਲਿਬੜਾ ਦੇ ਤੁਰ ਜਾਣ ਨਾਲ ਸੂਬਾ ਇਕ ਦਰਵੇਸ਼ ਸਿੱਖ ਸਿਆਸਤਦਾਨ ਤੋਂ ਵਿਰਵਾ ਹੋ ਗਿਆ। ਉਨਾਂ ਕਿਹਾ ਕਿ ਲਿਬੜਾ ਨੇ ਅਹੁਦੇ ਦੀ ਪ੍ਰਵਾਹ ਕਿਤੇ ਬਿਨਾਂ ਹਮੇਸ਼ਾ ਅਸੂਲਾਂ ’ਤੇ ਪਹਿਰਾ ਦਿੱਤਾ।
ਮੁੱਖ ਮੰਤਰੀ ਨੇ ਸਾਲ 2008 ਦੇ ਉਸ ਵੇਲੇ ਦੇ ਘਟਨਾਕ੍ਰਮ ਨੂੰ ਯਾਦ ਕਰਦਿਆਂ ਕਿਹਾ ਕਿ ਪ੍ਰਮਾਣੂ ਸੰਧੀ ਵੇਲੇ ਡਾ. ਮਨਮੋਹਨ ਸਿੰਘ ਦੀ ਅਗਵਾਈ ਵਾਲੀ ਯੂ.ਪੀ.ਏ.1 ਸਰਕਾਰ ਵਿਰੁੱਧ ਬੇਭੋਰਸਗੀ ਮਤਾ ਪੇਸ਼ ਹੋਇਆ ਸੀ ਤਾਂ ਉਸ ਮੌਕੇ ਸੁਖਦੇਵ ਸਿੰਘ ਲਿਬੜਾ ਨੇ ਪਾਰਟੀ ਪੱਧਰ ਤੋਂ ਉਪਰ ਉਠ ਕੇ ਡਾ. ਮਨਮੋਹਨ ਸਿੰਘ ਦੇ ਹੱਕ ਵਿੱਚ ਆਪਣੀ ਵੋਟ ਪਾਈ ਸੀ, ਭਾਵੇਂ ਉਹ ਉਸ ਵੇਲੇ ਅਕਾਲੀ ਦਲ ਦੇ ਸੰਸਦ ਮੈਂਬਰ ਸਨ।
ਕੈਪਟਨ ਅਮਰਿੰਦਰ ਸਿੰਘ ਨੇ ਅਕਾਲ ਪੁਰਖ ਅੱਗੇ ਵਿਛੜੇ ਹੋਏ ਆਗੂ ਦੀ ਆਤਮਿਕ ਸ਼ਾਂਤੀ ਅਤੇ ਪਿੱਛੇ ਪਰਿਵਾਰਕ ਮੈਂਬਰਾਂ ਅਤੇ ਸਾਕ-ਸਨੇਹੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਅਰਦਾਸ ਕੀਤੀ।
ਦੱਸਣਯੋਗ ਹੈ ਕਿ ਸੁਖਦੇਵ ਸਿੰਘ ਲਿਬੜਾ ਸਾਲ 1985 ਵਿੱਚ ਖੰਨਾ ਤੋਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਸਾਲ 1998 ਤੋਂ 2004 ਤੱਕ ਰਾਜ ਸਭਾ ਦੇ ਮੈਂਬਰ ਰਹੇ ਅਤੇ 2004 ਵਿੱਚ ਰੋਪੜ ਅਤੇ 2009 ਵਿੱਚ ਫਤਹਿਗੜ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਸਨ। ਇਸ ਸਮੇਂ ਦੌਰਾਨ ਉਹ 17 ਸਾਲ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੀ ਮੈਂਬਰ ਰਹੇ ਸਨ।
Former MP Sukhdev Singh Libra passed away today morning after a prolonged illness. I condole his demise. My thoughts and prayers are with the family in this difficult time.
— Capt.Amarinder Singh (@capt_amarinder) September 6, 2019
ਸਾਬਕਾ MP ਤੇ MLA ਸੁਖਦੇਵ ਸਿੰਘ ਲਿਬੜਾ ਨਹੀਂ ਰਹੇ
.