ਘਾਤਕ ਕਿਸਮ ਦੇ ਵਾਇਰਸ ਕੋਰੋਨਾ ਕਾਰਨ ਸਮੁੱਚੇ ਭਾਰਤ ਸਮੇਤ ਪੂਰੀ ਦੁਨੀਆ ’ਚ ਲੌਕਡਾਊਨ ਚੱਲ ਰਿਹਾ ਹੈ। ਦੁਨੀਆ ਦੀ ਅੱਧੀ ਤੋਂ ਵੱਧ ਆਬਾਦੀ ਇਸ ਵੇਲੇ ਆਪੋ–ਆਪਣੇ ਘਰਾਂ ਅੰਦਰ ਬੰਦ ਹੈ। ਅਜਿਹੇ ਵੇਲੇ ਸਭ ਤੋਂ ਵੱਡੀ ਸਮੱਸਿਆ ਕਿਤੇ ਨਾ ਕਿਤੇ ਫਸੇ ਲੋਕਾਂ ਤੱਕ ਖਾਣ–ਪੀਣ ਤੇ ਰਾਸ਼ਨ ਦਾ ਸਾਮਾਨ ਪਹੁੰਚਾਉਣ ਦੀ ਹੈ। ਭਾਰਤ ਦੇ ਫ਼ੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਅਨਾਜ ਤੇ ਭੋਜਨ ਦੀ ਸਪਲਾਈ–ਲੜੀ ਜਾਰੀ ਰੱਖਣ ਲਈ ਹਰ ਸੰਭਵ ਜਤਨ ਕਰ ਰਹੇ ਹਨ।
‘ਹਿੰਦੁਸਤਾਨ ਟਾਈਮਜ਼’ ਦੇ ਐਗਜ਼ੀਕਿਊਟਿਵ ਐਡੀਟਰ ਰਮੇਸ਼ ਵਿਨਾਇਕ ਨੇ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਐੱਮਪੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਹੁਰਾਂ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਉਨ੍ਹਾਂ ਨਾਲ ਹੋਈ ਇਸ ਗੱਲਬਾਤ ਦੇ ਕੁਝ ਅੰਸ਼:
ਸੁਆਲਾਂ ਦੇ ਜੁਆਬ ਦਿੰਦਿਆਂ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਗਲੇ 30 ਦਿਨਾਂ ਅੰਦਰ ਫ਼ੂਡ ਪ੍ਰੋਸੈਸਿੰਗ ਉਦਯੋਗ ਨੂੰ ਉਸ ਦੀ ਪੂਰੀ ਸਮਰੱਥਾ ਨਾਲ ਚਲਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਦੌਰਾਨ ਸਮਾਜਕ–ਦੂਰੀ ਰੱਖਣ ਦਾ ਪੂਰਾ ਖ਼ਿਆਲ ਰੱਖਿਆ ਜਾਵੇਗਾ।
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਛੇਤੀ ਹੀ ਕੁਝ ਅਜਿਹੀਆਂ ਨੀਤੀਗਤ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਹਨ ਕਿ ਦੁਨੀਆ ਭਰ ਦੇ ਨਿਵੇਸ਼ਕ ਭਾਰਤ ਦੇ ਫ਼ੂਡ ਪ੍ਰੋਸੈਸਿੰਗ ਉਦਯੋਗ ਵਿੱਚ ਆਪਣਾ ਸਰਮਾਉਣ ਲਾਉਣ। ਵਿਸ਼ਵ ’ਚ ਸਭ ਤੋਂ ਵੱਧ ਅਨਾਜ ਭਾਰਤ ਉਗਾਉਂਦਾ ਹੈ; ਇਸ ਲਈ ਅਸੀਂ ਹੀ ਦੁਨੀਆਂ ਦੀਆਂ ਅਨਾਜ–ਜ਼ਰੂਰਤਾਂ ਪੂਰੀਆਂ ਕਰਨ ਦੇ ਸਭ ਤੋਂ ਵੱਧ ਸਮਰੱਥ ਹਾਂ।
ਪੂਰੇ ਵਿਸ਼ਵ ਲਈ ਛੇਤੀ ‘ਫ਼ੂਡ ਫ਼ੈਕਟਰੀ’ ਬਣੇਗਾ ਭਾਰਤ: ਹਰਸਿਮਰਤ ਕੌਰ ਬਾਦਲ
ਕੋਰੋਨਾ ਮਾਮਲਿਆਂ ਨਾਲ ਨਿਪਟਣ ਦੇ ਮਾਮਲੇ ’ਚ ਪੰਜਾਬ ਸਰਕਾਰ ਉੱਤੇ ਵਰ੍ਹਦਿਆਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸੂਬਾ ਸਰਕਾਰ ਹਰੇਕ ਮਾਪਦੰਡ ਉੱਤੇ ਨਾਕਾਮ ਰਹੀ ਹੈ। ਸੂਬੇ ’ਚ ਕੋਵਿਡ–19 ਮੌਤ ਦਰ 7% ਹੈ, ਜੋ ਦੇਸ਼ ਵਿੱਚ ਸਭ ਤੋਂ ਵੱਧ ਹੈ। ਇਸ ਤੋਂ ਇਲਾਵਾ ਰਾਜ ਸਰਕਾਰ ਆਪਣੇ ਸਿਹਤ ਕਾਮਿਆਂ ਨੂੰ ਆਤਮ–ਵਿਸ਼ਵਾਸ ਨਾਲ ਭਰਨ ਤੋਂ ਵੀ ਨਾਕਾਮ ਰਿਹਾ ਹੈ। ਹਾਲੇ ਤੱਕ ਉਨ੍ਹਾਂ ਨੂੰ ਉਚਿਤ ਤਰੀਕੇ ਪੀਪੀਈ ਕਿਟਸ ਤੱਕ ਨਹੀਂ ਦਿੱਤੀਆਂ ਗਈਆਂ।
ਟੈਸਟਿੰਗ ਵੀ ਪੂਰੀ ਤਰ੍ਹਾਂ ਨਹੀਂ ਹੋ ਰਹੀ। ਸਰਕਾਰੀ ਹਸਪਤਾਲਾਂ ਵਿੱਚ ਸਾਫ਼–ਸਫ਼ਾਈ ਤੇ ਇਲਾਜ ਵਿੱਚ ਕੁਝ ਕਮੀਆਂ ਦੀਆਂ ਸ਼ਿਕਾਇਤਾਂ ਲਗਾਤਾਰ ਆ ਰਹੀਆਂ ਹਨ। ਖੇਤ ਮਜ਼ਦੂਰਾਂ ਤੇ ਦਿਹਾੜੀਦਾਰਾਂ ਨੂੰ ਕੋਈ ਲਾਭ ਨਹੀਂ ਮਿਲਿਆ। ਸਿਹਤ ਕਾਮਿਆਂ ਦੇ ਹੌਸਲੇ ਬੁਲੰਦ ਕਰਨ ਲਈ ਉਨ੍ਹਾਂ ਦੀਆਂ ਤਨਖਾਹਾਂ ਦੁੱਗਣੀਆਂ ਨਹੀਂ ਕੀਤੀਆਂ ਗਈਆਂ।
ਫ਼ੂਡ ਪ੍ਰੋਸੈਸਿੰਗ ਉਦਯੋਗ ਨਾਲ ਜੁੜੇ ਐਕਸਪੋਰਟਰਾਂ ਲਈ ਹੁਣ ਵੱਡੇ ਮੌਕੇ: ਹਰਸਿਮਰਤ ਕੌਰ ਬਾਦਲ
ਇਸ ਤੋਂ ਇਲਾਵਾ ਉਦਯੋਗਾਂ ਜਾਂ ਆਮ ਆਦਮੀ ਨੂੰ ਕੁਝ ਰਾਹਤ ਪਹੁੰਚਾਉਣ ਲਈ ਬਿਜਲੀ ਦੇ ਬਿਲ ਵੀ ਘੱਟ ਨਹੀਂ ਕੀਤੇ ਗਏ। ਸ੍ਰੀਮਤੀ ਬਾਦਲ ਨੇ ਦੋਸ਼ ਲਾਇਆ ਕਿ ਕੇਂਦਰੀ ਅਨਾਜ ਰਾਹਤ ਵੰਡਣ ਵਿੱਚ ਸਿਆਸੀ ਰੰਗਤ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਕਿਤੇ ਗੁਰਦੁਆਰਾ ਸਾਹਿਬਾਨ ਤੇ ਗ਼ੈਰ–ਸਰਕਾਰੀ ਜੱਥੇਬੰਦੀਆਂ ਲੰਗਰ ਨਾ ਲਾਉਂਦੀਆਂ ਹੁੰਦੀਆਂ, ਤਾਂ ਇੱਥੇ ਖਾਣਾ ਲੈਣ ਪਿੱਛੇ ਦੰਗੇ ਹੋ ਜਾਣੇ ਸਨ।
ਸ੍ਰੀਮਤੀ ਬਾਦਲ ਨੇ ਕਿਹਾ ਕਿ ਉੰਧਰ ਮੰਡੀਆਂ ਵਿੱਚ ਕਿਸਾਨਾਂ ਨੂੰ ਅੰਤਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਈ–ਪਾਸ ਸਿਸਟਮ ਢਹਿ–ਢੇਰੀ ਹੋ ਕੇ ਰਹਿ ਗਿਆ ਹੈ। ਹੁਣ ਕਣਕ ਦੀ ਚੁਕਾਈ ਨਹੀਂ ਹੋ ਰਹੀ। ਇਸ ਨਾਲ ਅਨਾਜ ਮੰਡੀਆਂ ’ਚ ਅਨਾਜ ਦੇ ਢੇਰ ਲੱਗ ਗਏ ਹਨ। ਉਨ੍ਹਾਂ ਕਿਹਾ ਕਿ ਸੰਕਟ ਦੀ ਇਸ ਘੜੀ ’ਚ ਸਿਆਸੀ ਇੱਛਾ–ਸ਼ਕਤੀ ਦੀ ਜ਼ਰੂਰਤ ਹੁੰਦੀ ਹੈ।