ਅਗਲੀ ਕਹਾਣੀ

ਕੈਪਟਨ ਵੱਲੋਂ ਪ੍ਰਧਾਨ ਮੰਤਰੀ `ਤੇ ਤਿੱਖੇ ਸਿਆਸੀ ਹਮਲੇ

ਕੈਪਟਨ ਵੱਲੋਂ ਪ੍ਰਧਾਨ ਮੰਤਰੀ `ਤੇ ਤਿੱਖੇ ਸਿਆਸੀ ਹਮਲੇ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਗਲਤਬਿਆਨੀ ਅਤੇ ਫਰੇਬ ਕਰਨ ਦਾ ਮਾਹਰ ਗਰਦਾਨਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਆਪਣੇ ਪਿਛਲੇ ਪੰਜ ਸਾਲਾਂ ਦੇ ਸਮੇਂ ਦੌਰਾਨ ਆਪਣੀ ਸਰਕਾਰ ਵੱਲੋਂ ਇੱਕ ਵੀ ਵਾਅਦੇ ਨੂੰ ਪੂਰਾ ਕੀਤੇ ਹੋਣ ਨੂੰ ਦਿਖਾਉਣ ਦੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੀਆਂ ਲੋਕ ਵਿਰੋਧੀ ਅਤੇ ਫੁੱਟਪਾਊ ਨੀਤੀਆਂ ਦੇ ਕਾਰਨ ਦੇਸ਼ ਵਿਨਾਸ਼ ਅਤੇ ਤਬਾਹੀ ਵਿਚ ਫਸ ਗਿਆ ਹੈ। 


ਕੱਲ ਗੁਰਦਾਸਪੁਰ ਵਿਖੇ ਪ੍ਰਧਾਨ ਮੰਤਰੀ ਵੱਲੋਂ ਬੋਲੇ ਝੂਠ ਦਰ ਝੂਠ ਨੂੰ ਸਿੱਧੇ ਹੋ ਕੇ ਟੱਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 'ਜੁਮਲੇਬਾਜ਼' ਪ੍ਰਧਾਨ ਮੰਤਰੀ ਨੇ ਛਲ, ਕਪਟ ਅਤੇ ਪਖੰਡ ਦੇ ਨਾਲ ਦੇਸ਼ ਨੂੰ ਨਿਵਾਣਾਂ 'ਤੇ ਲੈ ਆਂਦਾ ਹੈ ਜਿਸ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਆਪਣੇ ਚੰਗੇ ਭਵਿੱਖ ਲਈ ਸੱਤਾ ਤੋਂ ਲਾਂਭੇ ਕਰਨ ਦਾ ਮਨ ਬਣਾ ਲਿਆ ਹੈ। 


ਉਨ੍ਹਾਂ ਕਿਹਾ ਕਿ ਮੋਦੀ ਨੇ ਇੱਕ ਵਾਰੀ ਫਿਰ 1984 ਦੇ ਦੰਗਿਆਂ ਅਤੇ ਕਰਤਾਰਪੁਰ ਲਾਂਘੇ ਤੋਂ ਲੈ ਕੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੇ ਹਰ ਮੁੱਦੇ ਉੱਤੇ ਝੂਠ ਬੋਲਿਆ ਹੈ ਅਤੇ ਉਹ ਆਪਣੀਆਂ ਪੰਜ ਸਾਲ ਦੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਅਵੀਆਂ-ਥਵੀਆਂ ਮਾਰ ਰਹੇ ਹਨ। 


1984 ਦੇ ਦੰਗਿਆਂ ਦੇ ਸਬੰਧ ਵਿਚ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਤਿਲਕ ਮਾਰਗ ਪੁਲਿਸ ਸਟੇਸ਼ਨ ਵਿਚ ਦਰਜ ਐਫ.ਆਈ.ਆਰ ਵਿਚ ਭਾਜਪਾ/ਆਰ.ਐਸ.ਐਸ ਵਰਕਰਾਂ ਦੇ ਮਾਮਲੇ ਉੱਤੇ ਸਾਜਿਸ਼ੀ ਚੁੱਪ ਵਰਤਣ ਲਈ ਪ੍ਰਧਾਨ ਮੰਤਰੀ ਉੱਤੇ ਸਵਾਲ ਕੀਤਾ ਹੈ ਜਿੱਥੇ ਕਿ ਸਿੱਖਾਂ ਵਿਰੁੱਧ ਭਿਆਨਕ ਹਿੰਸਾ ਹੋਈ ਸੀ। ਉਨ੍ਹਾਂ ਕਿਹਾ ਕਿ ਭਾਵੇਂ ਗਾਂਧੀ ਪਰਿਵਾਰ ਵਿਰੁੱਧ ਕਿਸੇ ਨੇ ਵੀ ਕੋਈ ਦੋਸ਼ ਨਹੀਂ ਲਾਇਆ ਪਰ ਫਿਰ ਵੀ ਉਹ ਇਸ ਮਾਮਲੇ ਵਿਚ ਗਾਂਧੀ ਪਰਿਵਾਰ ਦਾ ਨਾਂ ਘਸੀਟਣ ਦੀ ਕੋਸ਼ਿਸ਼ ਕਰ ਰਹੇ ਹਨ। 


ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਨੂੰ ਸਵਾਲ ਕਰਦੇ ਹੋਏ ਪੁੱਛਿਆ, ''2002 ਦੇ ਗੁਜਰਾਤ ਦੰਗਿਆਂ ਬਾਰੇ ਤੁਹਾਡਾ ਕੀ ਖਿਆਲ ਹੈ ਜੋ ਐਨ ਤੁਹਾਡੇ ਨੱਕ ਦੇ ਹੇਠ ਵਾਪਰੇ ਸਨ ਅਤੇ ਜਿਨ੍ਹਾਂ ਵਿਚ ਤੁਹਾਡੀ ਆਪਣੀ ਪਾਰਟੀ ਦੇ ਮੈਂਬਰਾਂ ਦਾ ਨਾਂ ਆਇਆ ਹੈ ਅਤੇ ਉਨ੍ਹਾਂ 'ਤੇ ਪੂਰੀ ਤਰ੍ਹਾਂ ਦੋਸ਼ ਲੱਗੇ ਹਨ''। ਉਨ੍ਹਾਂ ਨੇ ਸਵਾਲ ਕਰਦੇ ਹੋਏ ਪੁੱਛਿਆ ਕਿ ਪ੍ਰਧਾਨ ਮੰਤਰੀ ਇਸ ਮੁੱਦੇ 'ਤੇ ਲਗਾਤਾਰ ਕਿਉਂ ਚੁੱਪ ਹਨ। 

ਤਾਜ਼ਾ ਖ਼ਬਰਾਂ ਨਾਲ ਜੁੜੇ ਰਹਿਣ ਲਈ HT Punjabi ਦੇ ਫੇਸਬੁੱਕ ਅਤੇ ਟਵਿਟਰ ਪੇਜਸ ਨੂੰ ਹੁਣੇ ਹੀ Like (ਲਾਈਕ) ਅਤੇ Follow (ਫ਼ਾਲੋ) ਕਰੋ

https://www.facebook.com/hindustantimespunjabi/

 

ਅਤੇ

https://twitter.com/PunjabiHT


ਕਰਤਾਰਪੁਰ ਲਾਂਘੇ ਦੇ ਲਈ ਆਪਣੇ ਸਿਰ ਸਿਹਰਾ ਬੰਨ੍ਹਣ ਦੀਆਂ ਕੋਸ਼ਿਸ਼ਾਂ ਕਰਨ ਲਈ ਪ੍ਰਧਾਨ ਮੰਤਰੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਵਾਸਤੇ ਕਾਂਗਰਸ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਸਮੇਂ ਤੋਂ ਹੀ ਸਰਗਰਮੀ ਨਾਲ ਕੋਸ਼ਿਸ਼ਾਂ ਕਰਦੀ ਆ ਰਹੀ ਹੈ ਅਤੇ ਬਾਅਦ 'ਚ ਡਾ. ਮਨਮੋਹਨ ਸਿੰਘ ਨੇ ਵੀ ਇਹ ਕੋਸ਼ਿਸ਼ਾਂ ਕੀਤੀਆਂ। ਉਹ ਖੁਦ ਕਈ ਸਾਲਾਂ ਤੋਂ ਪਾਕਿਸਤਾਨ ਦੇ ਨਾਲ ਇਹ ਮੁੱਦਾ ਉਠਾਉਂਦੇ ਆ ਰਹੇ ਹਨ। ਉਨ੍ਹਾਂ ਨੇ ਮੋਦੀ ਨੂੰ ਪੁੱਛਿਆ ਕਿ ਉਹ ਇਹ ਦੱਸਣ ਕਿ ਉਨ੍ਹਾਂ ਨੇ ਇਸ ਪ੍ਰਜੈਕਟ ਵਾਸਤੇ ਕੀ ਕੀਤਾ। 


ਇਸ ਸਬੰਧ ਵਿਚ ਮੋਦੀ ਦੀ ਆਲੋਚਨਾ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ, ''ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਦੇ ਸਬੰਧ ਵਿਚ ਸਾਡੇ ਵੱਲੋਂ ਵਾਰ-ਵਾਰ ਕੀਤੀਆਂ ਗਈਆਂ ਅਪੀਲਾਂ ਅਤੇ ਬੇਨਤੀਆਂ ਦੇ ਬਾਵਜੂਦ ਤੁਸੀਂ ਇਸ ਵਾਸਤੇ ਇੱਕ ਵੀ ਪੈਸਾ ਨਹੀਂ ਦਿੱਤਾ ਅਤੇ ਤੁਸੀਂ ਅਜੇ ਵੀ ਆਪਣੇ ਆਪ ਨੂੰ ਸਿੱਖਾਂ ਅਤੇ ਉਨ੍ਹਾਂ ਦੇ ਧਰਮ ਦੇ ਰਖਵਾਲੇ ਹੋਣ ਦਾ ਦਾਅਵਾ ਕਰਦੇ ਹੋ।'' 


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਭਾਰਤ ਨੂੰ ਵਿੱਤੀ ਸੰਕਟ ਵਿਚ ਧੱਕ ਦਿੱਤਾ ਹੈ। ਜ਼ਰੂਰੀ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਭ੍ਰਿਸ਼ਟਾਚਾਰ ਸਿਖਰਾਂ 'ਤੇ ਪਹੁੰਚ ਗਿਆ ਹੈ। ਰਾਫੇਲ ਸਮਝੌਤੇ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੇਂਦਰ ਸਰਕਾਰ ਮੁਠੀਭਰ ਬਿਜਨਸ ਘਰਾਣਿਆਂ ਦੀ ਕਿਸ ਤਰ੍ਹਾਂ ਮਦਦ ਕਰ ਰਹੀ ਹੈ ਅਤੇ ਆਮ ਲੋਕਾਂ ਦੀ ਬਿਨਾਹ 'ਤੇ ਪੈਸਾ ਬਣਾਇਆ ਜਾ ਰਿਹਾ ਹੈ। 


ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰ ਕੋਈ ਹੈਰਾਨ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੁਝ ਹਫਤਿਆਂ ਬਾਅਦ ਮੁੜ ਚੋਣ ਦੇ ਵਾਸਤੇ ਭਾਰਤ ਦੇ ਲੋਕਾਂ ਕੋਲ ਕਿਸ ਮੂੰਹ ਨਾਲ ਜਾਣਗੇ। ਉਨ੍ਹਾਂ ਕਿਹਾ ਕਿ ਆਜ਼ਾਦ ਭਾਰਤ ਦਾ ਮੋਦੀ ਸਭ ਤੋਂ ਮਾੜਾ ਆਗੂ ਰਿਹਾ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain launches political attacks over PM