ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਦੱਬਿਆ ਬਟਨ, ਬੇਰੁਜ਼ਗਾਰਾਂ ਲਈ ‘ਪੰਜਾਬ ਜੌਬ ਹੈਲਪਲਾਈਨ’ ਸ਼ੁਰੂ

ਦੇਸ਼ ਚ ਆਪਣੀ ਕਿਸਮ ਦੇ ਪਹਿਲੇ ਉਪਰਾਲੇ ਦੀ ਸ਼ੁਰੂਆਤ ਕਰਦਿਆਂ ਪੰਜਾਬ ਸਰਕਾਰ ਨੇ ਅੱਜ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ‘ਜੌਬ ਹੈਲਪਲਾਈਨ’ ਲਾਂਚ ਕਰ ਦਿੱਤੀ ਹੈ।

 

ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਪ੍ਰੋਗਰਾਮ ਦੀ ਲੜੀ ਵਜੋਂ ‘ਪੰਜਾਬ ਜੌਬ ਹੈਲਪਲਾਈਨ ਦਾ ਆਰੰਭ ਕਰਦਿਆਂ ਮੁੱਖ ਮੰਤਰੀ ਨੇ ਇਸ ਨੂੰ ਹਰੇਕ ਸਾਲ ਸੂਬੇ ਭਰ ਦੇ ਲੱਖਾਂ ਨੌਜਵਾਨਾਂ ਨੂੰ ਵੱਡੀ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦਾ ਢੁੱਕਵਾਂ ਮੰਚ ਦੱਸਿਆ ਜਿਸ ਰਾਹੀਂ ਨੌਜਵਾਨ ਸਿੱਧੇ ਤੌਰ ’ਤੇ ਰੁਜ਼ਗਾਰ ਮੁਹੱਈਆ ਕਰਵਾਉਣ ਵਾਲਿਆਂ ਨਾਲ ਜੁੜ ਜਾਣਗੇ।

 

ਇਸ ਹੈਲਪਲਾਈਨ ਦਾ ਮਕਸਦ ਪੰਜਾਬ ਦੇ ਹਰੇਕ ਘਰ ਤੱਕ ਪਹੁੰਚ ਕਰਨਾ ਹੈ ਅਤੇ ਰੋਜ਼ਾਨਾ ਇਸ ਰਾਹੀਂ 75 ਹਜ਼ਾਰ ਮੋਬਾਈਲ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕੇਗਾ। ਇਸ ਪ੍ਰਕਿਰਿਆ ਦੌਰਾਨ ਤਿਆਰ ਹੁੰਦੇ ਡਾਟਾ ਲਈ ਪੰਜਾਬ ਜੌਬ ਹੈਲਪਲਾਈਨ ਦਾ 110 ਸੀਟਾਂ ਵਾਲਾ ਕਾਲ ਸੈਂਟਰ ਵੀ ਬਣਾਇਆ ਗਿਆ ਹੈ।

 

ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਦੇ ਇਸ ਨਿਵੇਕਲੇ ਉਪਰਾਲੇ ਦੀ ਭਰਵੀਂ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਭਾਗ ਦੇ ਸਕੱਤਰ ਨੂੰ ਇਸ ਹੈਲਪਲਾਈਨ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਲਈ ਆਖਿਆ ਤਾਂ ਕਿ ਨੌਜਵਾਨ ਖਾਸ ਤੌਰ ’ਤੇ ਪੇਂਡੂ ਇਲਾਕਿਆਂ ਵਿੱਚ ਰਹਿੰਦੇ ਨੌਜਵਾਨ ਇਸ ਦਾ ਲਾਭ ਲੈ ਸਕਣ।

 

ਮੁੱਖ ਮੰਤਰੀ ਨੇ ਰੁਜ਼ਗਾਰ ਉਤਪਤੀ ਤੇ ਸਿਖਲਾਈ ਵਿਭਾਗ ਨੂੰ ਆਖਿਆ ਕਿ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਸਿਰਜਣ ਲਈ ਆਪਣੇ ਯਤਨ ਹੋਰ ਤੇਜ਼ ਕੀਤੇ ਜਾਣ ਤਾਂ ਕਿ ਹਰੇਕ ਨੌਜਵਾਨ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਸਕੇ। ਉਨਾਂ ਨੂੰ ਸੂਬੇ ਵਿੱਚ ਸਥਾਨਕ ਉਦਯੋਗ ਦੀਆਂ ਲੋੜਾਂ ਮੁਤਾਬਕ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ ਲਈ ਰੁਜ਼ਗਾਰ ਉਤਪਤੀ ਤੇ ਸਿਖਲਾਈ, ਤਕਨੀਕੀ ਸਿੱਖਿਆ ਅਤੇ ਉਦਯੋਗ ਵਿਭਾਗਾਂ ਦਰਮਿਆਨ ਵਧੇਰੇ ਤਾਲਮੇਲ ਦੇ ਲੋੜ ’ਤੇ ਜ਼ੋਰ ਦਿੱਤਾ।

 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਕੋਲ ਮਜ਼ਬੂਤ ਮਾਨਵੀ ਸ਼ਕਤੀ ਹੈ ਅਤੇ ਹਰੇਕ ਸਾਲ ਦੋ ਲੱਖ ਨੌਜਵਾਨ ਇਸ ਦਾ ਹਿੱਸਾ ਬਣਦੇ ਹਨ। ਸਾਡਾ ਮਿਸ਼ਨ ਪੰਜਾਬ ਵਿੱਚ ਹਰੇਕ ਘਰ ਦੇ ਘੱਟੋ-ਘੱਟ ਇਕ ਮੈਂਬਰ ਨੂੰ ਰੁਜ਼ਗਾਰ ਲਈ ਸਹਾਇਤਾ ਮੁਹੱਈਆ ਕਰਵਾਉਣ ਦਾ ਹੈ। ਇਸ ਨਿਵੇਕਲੇ ਉਪਰਾਲੇ ਨਾਲ ਇਸ ਮਿਸ਼ਨ ਨੂੰ ਹੋਰ ਅੱਗੇ ਲਿਜਾਣ ਵਿੱਚ ਸਹਾਇਤਾ ਮਿਲੇਗੀ ਜੋ ਸੂਬਾ ਭਰ ਵਿੱਚ ਨੌਕਰੀ ਦੇ ਇੱਛੁਕ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਵਿੱਚ ਸਹਾਈ ਸਿੱਧ ਹੋਵੇਗਾ। 

 

ਵਿਚਾਰ-ਚਰਚਾ ਵਿੱਚ ਹਿੱਸਾ ਲੈਂਦਿਆਂ ਰੁਜ਼ਗਾਰ ਉਤਪਤੀ ਤੇ ਸਿਖਲਾਈ ਦੇ ਸਕੱਤਰ ਰਾਹੁਲ ਤਿਵਾੜੀ ਨੇ ਦੱਸਿਆ ਕਿ ਸਮਾਜ ਦੇ ਹੇਠਲੇ ਵਰਗਾਂ ਨੂੰ ਤਕਨਾਲੋਜੀ ਰਾਹੀਂ ਸਹੂਲਤ ਮੁਹੱਈਆ ਕਰਵਾਉਣ ਲਈ ਸਰਕਾਰ ਨੇ ‘ਪੰਜਾਬ ਜੌਬ ਹੈਲਪਲਾਈਨ ਨੂੰ ਇਕ ਮਿਸਾਲ ਵਜੋਂ ਪੇਸ਼ ਕੀਤਾ ਹੈ।

 

ਸੰਖੇਪ ਵਿੱਚ ਦਿੱਤੀ ਪੇਸ਼ਕਾਰੀ ਰਾਹੀਂ ਮੁੱਖ ਮੰਤਰੀ ਨੂੰ ਦੱਸਿਆ ਗਿਆ ਕਿ ‘ਪੰਜਾਬ ਜੌਬ ਹੈਲਪਲਾਈਨ ਰਾਹੀਂ ਸਰਕਾਰ ਸੂਬਾ ਭਰ ਵਿੱਚ ਨੌਕਰੀ ਮੰਗਣ ਵਾਲਿਆਂ ਦੀ ਸ਼ਨਾਖਤ ਕਰਨ, ਵੱਡੇ ਕਾਰਪੋਰੇਟ ਅਦਾਰਿਆਂ ਅਤੇ ਸੂਖਮ ਤੇ ਦਰਮਿਆਨੇ ਉਦਯੋਗਾਂ ਅਤੇ ਗੈਰ-ਰਸਮੀਂ ਸੈਕਟਰਾਂ ਪਾਸੋਂ ਨੌਕਰੀਆਂ ਦਾ ਪਤਾ ਲਾਉਣ ਅਤੇ ਰੁਜ਼ਗਾਰ ਦੇ ਮੌਕੇ ਸਿੱਧੇ ਤੌਰ ’ਤੇ ਨੌਕਰੀ ਦੇ ਇੱਛੁਕ ਨੌਜਵਾਨਾਂ ਨੂੰ ਮੁਹੱਈਆ ਕਰਵਾਉਣ ਲਈ ਮਿਥੇ ਗਏ ਟੀਚਿਆਂ ਨੂੰ ਪੂਰਾ ਕਰੇਗੀ। ਨੌਕਰੀ ਦੇ ਇੱਛੁਕ ਨੌਜਵਾਨ ਆਪਣੀ ਯੋਗਤਾ ਅਨੁਸਾਰ ਢੁੱਕਵੇਂ ਰੁਜ਼ਗਾਰ ਦੇ ਨਵੇਂ ਮੌਕਿਆਂ ਬਾਰੇ ਫੋਨ ਕਾਲ, ਐਸ.ਐਮ.ਐਸ. ਅਤੇ ਵੱਟਸਐਪ ਰਾਹੀਂ ਆਟੋਮੈਟਿਕ ਜਾਣਕਾਰੀ ਹਾਸਲ ਕਰਿਆ ਕਰਨਗੇ।

 

ਇੱਥੇ ਇਹ ਦੱਸਣਯੋਗ ਹੈ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਸੂਬਾ ਸਰਕਾਰ ਵੱਲੋਂ ਠੋਸ ਯਤਨ ਕੀਤੇ ਗਏ ਹਨ ਜਿਸ ਦੀ ਮਿਸਾਲ ਇਸ ਤੱਥ ਤੋਂ ਮਿਲਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਸੱਤਾ ਵਿੱਚ ਆਉਣ ਤੋਂ ਲੈ ਕੇ ਹੁਣ ਤੱਕ 11 ਲੱਖ ਨੌਕਰੀਆਂ ਦੇ ਮੌਕੇ ਸਿਰਜੇ ਗਏ ਜੋ ਪ੍ਰਤੀ ਦਿਨ 1000 ਤੋਂ ਵੱਧ ਨੌਕਰੀਆਂ ਬਣਦੀਆਂ ਹਨ। ਸੂਬਾ ਪੱਧਰੀ ਪ੍ਰੋਗਰਾਮ ਵੀ ਸਫ਼ਲਤਾ ਨਾਲ ਸਿਰੇ ਚੜੇ ਹਨ।

 

ਹਾਲ ਹੀ ਵਿੱਚ ਖਤਮ ਹੋਏ ਪੰਜਵੇਂ ਰੁਜ਼ਗਾਰ ਮੇਲੇ ਦੌਰਾਨ ਰੁਜ਼ਗਾਰ ਦੇ 1.16 ਲੱਖ ਮੌਕੇ ਪੈਦਾ ਕੀਤੇ ਗਏ। ਇਹ ਹੈਲਪਲਾਈਨ ਸਰਕਾਰ ਦੀ ਸੂਬੇ ਦੇ ਹਰੇਕ ਘਰ ਵਿੱਚ ਘੱਟੋਘੱਟ ਇਕ ਰੁਜ਼ਗਾਰ ਦੇਣ ਦੀ ਵਚਨਬੱਧਤਾ ਨੂੰ ਸਿੱਧ ਕਰਨ ਵਿੱਚ ਹੋਰ ਵੀ ਸਹਾਈ ਹੋਵੇਗੀ। 

 

ਇਹ ਉਪਰਾਲਾ ਪੰਜਾਬ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ (ਪੀ.ਜੀ.ਆਰ.ਕੇ.ਏ.ਐਮ.) ਦਾ ਹੈ ਜੋ ਸਰਕਾਰ ਦੇ ਘਰ-ਘਰ ਰੁਜ਼ਗਾਰ ਪ੍ਰੋਗਰਾਮ ਦਾ ਪਸਾਰ ਕਰ ਰਿਹਾ ਹੈ। ਪੰਜਾਬ ਜੌਬ ਹੈਲਪਲਾਈਨ ਸਿਸਟਮ, ਉੱਨਤੀ ਆਨ ਲਾਈਨ ਪ੍ਰਾਈਵੇਟ ਲਿਮਟਡ ਵੱਲੋਂ ਵਿਕਸਿਤ ਕੀਤਾ ਗਿਆ ਹੈ ਅਤੇ ਇਸ ਵੱਲੋਂ ਹੀ ਚਲਾਇਆ ਜਾਵੇਗਾ। ਇਸ ਕੰਪਨੀ ਨੂੰ ਭਾਰਤ ਸਰਕਾਰ ਦੇ ਸਟਾਰਟ ਅੱਪ ਪ੍ਰੋਗਰਾਮ ਅਧੀਨ ਮਾਨਤਾ ਮਿਲੀ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain presses button launches Punjab Job Helpline for the unemployed