ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਨੇ ਕੀਤੀ ਸਿੱਧੂ ਦੀ ਝਾੜ-ਝੰਬ, ਪਹਿਲਾਂ ਨਾ ਇੰਝ ਕਿਸੇ ਨਾਲ ਹੋਈ ਤੇ ਨਾ ਹੋਵੇਗੀ

ਕੈਪਟਨ ਨੇ ਕੀਤੀ ਸਿੱਧੂ ਦੀ ਝਾੜ-ਝੰਬ, ਪਹਿਲਾਂ ਨਾ ਇੰਝ ਕਿਸੇ ਨਾਲ ਹੋਈ ਤੇ ਨਾ ਹੋਵੇਗੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ‘ਰੀਪਬਲਿਕ ਟੀਵੀ` ਦੇ ਮੁੱਖ ਸੰਪਾਦਕ ਅਰਨਬ ਗੋਸਵਾਮੀ ਨੂੰ ਦਿੱਤੇ ਇੱਕ ਖ਼ਾਸ ਇੰਟਰਵਿਊ `ਚ ਆਪਣੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਖ਼ੂਬ ਝਾੜ-ਝੰਬ ਕੀਤੀ ਹੈ। ਇੰਨੀ ਸਿੱਧੀ ਖਿਚਾਈ ਪਹਿਲਾਂ ਸ਼ਾਇਦ ਨਾ ਤਾਂ ਕਿਸੇ ਹੋਰ ਮੰਤਰੀ ਦੀ ਹੋਈ ਹੋਵੇਗੀ ਤੇ ਨਾ ਸ਼ਾਇਦ ਕਦੇ ਹੋਵੇ। ਕੈਪਟਨ ਉਸ ਇੰਟਰਵਿਊ ਦੌਰਾਨ ਕਾਫ਼ੀ ਗੁੱਸੇ `ਚ ਵਿਖਾਈ ਦਿੱਤੇ।


ਕਰਤਾਰਪੁਰ ਸਾਹਿਬ ਲਾਂਘੇ ਦੇ ਉਦਘਾਟਨ ਲਈ ਸ੍ਰੀ ਨਵਜੋਤ ਸਿੱਧੂ ਦੇ ਪਾਕਿਸਤਾਨ ਜਾਣ ਨੂੰ ਲੈ ਕੇ ਕਈ ਤਰ੍ਹਾਂ ਦੇ ਵਿਵਾਦ ਪੈਦਾ ਹੋ ਗਏ ਹਨ। ਉਪਰੋਂ ਖ਼ਾਲਿਸਤਾਨੀ ਹਮਾਇਤੀ ਗੋਪਾਲ ਸਿੰਘ ਚਾਵਲਾ ਨਾਲ ਉਨ੍ਹਾਂ ਦੀ ਇੱਕ ਤਸਵੀਰ ਵਾਇਰਲ ਹੋ ਗਈ, ਜਿਸ ਕਰ ਕੇ ਸਮੁੱਚੇ ਭਾਰਤ `ਚ ਉਨ੍ਹਾਂ ਦੀ ਬਹੁਤ ਤਿੱਖੀ ਆਲੋਚਨਾ ਹੋਣੀ ਸ਼ੁਰੂ ਹੋ ਗਈ ਹੈ।


ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਇੰਟਰਵਿਊ ਦੌਰਾਨ ਸ੍ਰੀ ਨਵਜੋਤ ਸਿੰਘ ਸਿੱਧੂ ਦਾ ਜਿ਼ਕਰ ਕਰਦਿਆਂ ਕਿਹਾ,‘....ਤੁਸੀਂ ਸਰਕਾਰ `ਚ ਮੰਤਰੀ ਹੋ ਤੇ ਤੁਸੀਂ ਭਾਰਤੀ ਵੀ ਹੋ। ਭਾਰਤੀ ਉਨ੍ਹਾਂ ਫ਼ੌਜੀ ਜਰਨੈਲਾਂ ਨੂੰ ਹੱਲਾਸ਼ੇਰੀ ਨਹੀਂ ਦਿੰਦੇ, ਜਿਹੜੇ ਭਾਰਤ `ਤੇ ਹਮਲਾ ਕਰਦੇ ਹਨ।`


ਕੈਪਟਨ ਨੇ ਇੱਕ ਕਦਮ ਹੋਰ ਅਗਾਂਹ ਜਾਂਦਿਆਂ ਕਿਹਾ,‘ਮੈਨੂੰ ਪਤਾ ਨਹੀਂ ਕਿ ਉਸ (ਨਵਜੋਤ ਸਿੰਘ ਸਿੱਧੂ) ਨੂੰ ਇਹ ਸਭ ਗੱਲਾਂ ਕਰਨ ਦੀ ਆਦਤ ਕਿਉਂ ਹੈ। ਸ਼ਾਇਦ ਜਦੋਂ ਉਹ ਕੈਮਰਾ ਵੇਖ ਲੈਂਦਾ ਹੈ, ਤਦ ਉਹ ਬਿਨਾ ਕੁਝ ਸੋਚੇ ਬੋਲਣ ਲੱਗ ਪੈਂਦਾ ਹੈ। ਪਿਛਲੀ ਵਾਰ ਜਦੋਂ ਉਸ ਨੇ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ, ਮੈਂ ਉਸ ਨੂੰ ਕਿਹਾ ਸੀ ਕਿ ਤੈਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ ਕਿਉਂਕਿ ਹਰ ਰੋਜ਼ ਮੇਰੇ ਫ਼ੌਜੀਆਂ ਨੂੰ ਉਹ ਲੋਕ ਸ਼ਹੀਦ ਕਰ ਰਹੇ ਹਨ। ਮੇਰੀ ਆਪਣੀ ਬਟਾਲੀਅਨ ਦੇ ਇੱਕ ਮੇਜਰ ਤੇ ਦੋ ਜਵਾਨ ਹਾਲੇ ਕੁਝ ਹਫ਼ਤੇ ਪਹਿਲਾਂ ਹੀ ਸ਼ਹੀਦ ਹੋਏ ਹਨ। ਅਜਿਹੀਆਂ ਘਟਨਾਵਾਂ ਹਰ ਵੇਲੇ ਵਾਪਰਦੀਆਂ ਰਹਿੰਦੀਆਂ ਹਨ। ਸਾਡੇ ਫ਼ੌਜੀਆਂ ਨੂੰ ਸ਼ਹੀਦ ਕਰਨ ਦੇ ਹੁਕਮ ਕੌਣ ਦਿੰਦਾ ਹੈ? ਬਾਜਵਾ ਹੀ ਅਜਿਹੇ ਹੁਕਮ ਦਿੰਦਾ ਹੈ। ਉਹ ਸਾਡੇ ਨਾਲ ਇਹ ਕੁਝ ਕਰਦੇ ਹਨ ਤੇ ਤੁਸੀਂ ਅਜਿਹੇ ਲੋਕਾਂ ਨੂੰ ਜਾ-ਜਾ ਕੇ ਜੱਫੀਆਂ ਪਾ ਰਹੇ ਹੋ।`


ਸ੍ਰੀ ਨਵਜੋਤ ਸਿੰਘ ਸਿੱਧੂ ਪਿਛਲੀ ਵਾਰ ਜਦੋਂ ਸ੍ਰੀ ਅਟਲ ਬਿਹਾਰੀ ਵਾਜਪਾਈ ਨਾਲ ਪਾਕਿਸਤਾਨ ਗਏ ਸਨ; ਤਦ ਭਾਰਤ ਪਰਤਣ `ਤੇ ਉਨ੍ਹਾਂ ਇਹੋ ਆਖਿਆ ਸੀ ਕਿ ਉਹ ਬਹੁਤ ਘੱਟ ਤੋਂ ਘੱਟ ਪਾਕਿਸਤਾਨੀ ਮੀਡੀਆ ਨਾਲ ਬੋਲੇ ਸਨ ਕਿਉਂਕਿ ਆਪਣਾ ਸਟੈਂਡ ਉਹੀ ਰੱਖਣਾ ਪੈਂਦਾ ਹੈ, ਜੋ ਸਰਕਾਰ ਦਾ ਹੁੰਦਾ ਹੈ।


ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਤਾਜ਼ਾ ਇੰਟਰਵਿਊ `ਚ ਚੇਤਾਵਨੀ ਦਿੰਦਿਆਂ ਕਿਹਾ,‘ਪਾਕਿਸਤਾਨੀ ਦਹਿਸ਼ਤਗਰਦਾਂ ਨੂੰ ਇਹ ਗੱਲ ਜ਼ਰੂਰ ਸਮਝ ਲੈਣੀ ਚਾਹੀਦੀ ਹੈ ਕਿ ਪੰਜਾਬ ਉਨ੍ਹਾਂ ਦੇ ਖੇਡਣ ਦਾ ਮੈਦਾਨ ਨਹੀਂ ਹੈ। ਅਸੀਂ ਦਹਿਸ਼ਤਗਰਦਾਂ ਦੇ 19 ਮਾਡਿਯੂਲਜ਼ ਦਾ ਪਰਦਾਫ਼ਾਸ਼ ਕੀਤਾ ਹੈ, ਉਨ੍ਹਾਂ ਕੋਲੋ 77 ਹਥਿਆਰ ਬਰਾਮਦ ਕੀਤੇ ਹਨ ਤੇ ਕਈ ਕਿਲੋ ਗੋਲੀ-ਸਿੱਕਾ ਬਰਾਮਦ ਕੀਤਾ ਹੈ। ਗ੍ਰੇਨੇਡ ਵੀ ਜ਼ਬਤ ਕੀਤੇ ਗਏ ਹਨ। ਉਨ੍ਹਾਂ ਨੇ ਸਾਡੇ 3 ਨੌਜਵਾਨਾਂ ਦੀ ਪਿੱਛੇ ਜਿਹੇ ਜਾਨ ਲਈ ਹੈ ਤੇ 19 ਹੋਰਨਾਂ ਜ਼ਖ਼ਮੀ ਕਰ ਦਿੱਤਾ ਹੈ।`   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain rebukes Sidhu forcefully