ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੈਪਟਨ ਤੇ ਹੋਰ ਮੰਤਰੀਆਂ ਨੇ ਹਾਲੇ ਤੱਕ ਨਹੀਂ ਕਰਵਾਇਆ ਡੋਪ ਟੈਸਟ, ਸਭ ਲੈ ਰਹੇ ਦਵਾਈਆਂ

ਕੈਪਟਨ ਤੇ ਹੋਰ ਮੰਤਰੀਆਂ ਨੇ ਹਾਲੇ ਤੱਕ ਨਹੀਂ ਕਰਵਾਇਆ ਡੋਪ ਟੈਸਟ, ਸਭ ਲੈ ਰਹੇ ਦਵਾਈਆਂ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਇਸ ਵੇਲੇ ਸੂਬੇ `ਚ ਨਸਿ਼ਆਂ ਦੀ ਵੱਡੀ ਸਮੱਸਿਆ ਨਾਲ ਦੋ-ਚਾਰ ਹੋ ਰਹੀ ਹੈ ਪਰ ਇਸ ਮਾਮਲੇ `ਚ ਵੀ ਉਹ ਜੇ ਇੱਕ ਕਦਮ ਅਗਾਂਹ ਪੁੱਟਦੀ ਹੈ, ਤਾਂ ਦੋ ਕਦਮ ਪਿਛਾਂਹ ਨੂੰ ਚਲੀ ਜਾਂਦੀ ਹੈ। ਪੰਜਾਬ ਕੈਬਿਨੇਟ ਦੇ ਕੁਝ ਸਹਿਯੋਗੀ ਮੰਤਰੀਆਂ ਅਤੇ ਵਿਰੋਧੀ ਧਿਰ ਨੇ ਜਦੋਂ ਨਸਿ਼ਆਂ ਦੇ ਮਾਮਲੇ `ਚ ਦਾਗ਼ੀ ਪੁਲਿਸ ਅਧਿਕਾਰੀਆਂ ਕਾਰਨ ਤਿੱਖੀ ਆਲੋਚਨਾ ਕੀਤੀ, ਤਾਂ ਮੁੱਖ ਮੰਤਰੀ ਨੇ ਪੁਲਿਸ ਸਮੇਤ ਪੰਜਾਬ ਦੇ ਸਾਰੇ ਸਰਕਾਰੀ ਮੁਲਾਜ਼ਮਾਂ ਦੇ ਡੋਪ ਟੈਸਟ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ। ਪਰ ਇਸ ਵਿਚਾਰ ਦੀ ਸ਼ੁਰੂਆਤ ਕਰਨ ਵਾਲੇ ਖ਼ੁਦ ਮੁੱਖ ਮੰਤਰੀ ਤੇ ਉਨ੍ਹਾਂ ਅਤਿ ਨਜ਼ਦੀਕੀ ਸਮਝੇ ਜਾਂਦੇ ਦਿਹਾਤੀ ਵਿਕਾਸ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੋਵੇਂ ਹੀ ਇਹ ਡੋਪ ਟੈਸਟ ਕਰਵਾਉਣ ਤੋਂ ਅਸਮਰੱਥ ਰਹੇ ਹਨ।


ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਲ ਅਰੋੜਾ ਨੇ ਆਪਣਾ ਡੋਪ ਟੈਸਟ ਕਰਵਾਇਆ ਸੀ, ਤਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣਾ ਟੈਸਟ ਕਰਵਾਉਣ ਦਾ ਐਲਾਨ ਕਰ ਦਿੱਤਾ ਸੀ। ਉੱਧਰ ਪੰਜਾਬ ਸਿਵਲ ਸਕੱਤਰੇਤ ਸਟਾਫ਼ ਐਸੋਸੀਏਸ਼ਨ ਨੇ ਵੀ ਮੁੱਖ ਮੰਤਰੀ ਤੇ ਉਨ੍ਹਾਂ ਦੇ ਮੰਤਰੀਆਂ ਨੂੰ ਪਹਿਲਾਂ ਇਹ ਟੈਸਟ ਕਰਵਾਉਣ ਲਈ ਆਖਿਆ ਹੈ। ਪਰ ਮੁੱਖ ਮੰਤਰੀ ਦੇ ਬਿਆਨ ਦਿੱਤੇ ਨੂੰ ਵੀ ਇੱਕ ਹਫ਼ਤੇ ਤੋਂ ਵੀ ਵੱਧ ਦਾ ਸਮਾਂ ਬੀਤ ਚੁੱਕਾ ਹੈ ਪਰ ਹਾਲੇ ਤੱਕ ਉਨ੍ਹਾਂ ਇਹ ਟੈਸਟ ਨਹੀਂ ਕਰਵਾਇਆ। ਦਰਅਸਲ, ਮੁੱਖ ਮੰਤਰੀ ਨੂੰ ਸ਼ੂਗਰ ਰੋਗ ਹੈ ਤੇ ਹੋਰ ਵੀ ਕੁਝ ਕਾਰਨਾਂ ਕਰਕੇ ਉਹ ਦਵਾਈਆਂ ਲੈ ਰਹੇ ਹਨ। ਇਸੇ ਲਈ ਉਨ੍ਹਾਂ ਹਾਲੇ ਤੱਕ ਡੋਪ ਟੈਸਟ ਨਹੀਂ ਕਰਵਾਇਆ।


ਸੂਤਰਾਂ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਦਿਨਾਂ ਲਈ ਗੋਲ਼ੀਆਂ ਛੱਡਣੀਆਂ ਪੈਣਗੀਆਂ, ਉਹ ਡੋਪ ਟੈਸਟ ਫਿਰ ਹੀ ਕਰਵਾ ਸਕਣਗੇ। ਪਰ ਉਨ੍ਹਾਂ ਨੇ ਦਵਾਈਆਂ ਕਦੋਂ ਛੱਡਣੀਆਂ ਹਨ, ਇਹ ਵੀ ਡਾਕਟਰ ਹੀ ਦੱਸਣਗੇ। ਇਸ ਦੌਰਾਨ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੀ ਇਹ ਟੈਸਟ ਨਹੀਂ ਕਰਵਾ ਸਕੇ। ਉਹ ਦੂਜੀ ਵਾਰ ਵੀਰਵਾਰ ਨੂੰ ਮੋਹਾਲੀ ਦੇ ਸਿਵਲ ਹਸਪਤਾਲ `ਚ ਗਏ ਸਨ। ਇਸ ਵਾਰ ਉਹ ਨਿਊਰੋ ਨਾਲ ਸਬੰਧਤ ਦਵਾਈਆਂ ਛੱਡ ਕੇ ਗਏ ਸਨ।


ਸ਼ੁੱਕਰਵਾਰ ਨੂੰ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ,‘ਮੈਂ ਡੋਪ ਟੈਸਟ ਵਾਸਤੇ ਜਾਣ ਤੋਂ ਪਹਿਲਾਂ ਮੋਹਾਲੀ ਦੇ ਸਿਵਲ ਹਸਪਤਾਲ ਫ਼ੋਨ ਕੀਤਾ ਸੀ। ਉੱਥੇ ਕੋਈ ਡਾਕਟਰ ਹੀ ਮੌਜੂਦ ਨਹੀਂ ਸੀ। ਮੈਂ ਉੱਥੇ 45 ਮਿੰਟਾਂ ਤੱਕ ਉਡੀਕ ਕੀਤੀ। ਮੈਂ ਨਿਊਰੋਲੌਜੀਕਲ ਸਮੱਸਿਆ ਕਾਰਨ ਦਵਾਈਆਂ ਲੈ ਰਿਹਾ ਹਾਂ ਅਤੇ ਮੈਂ ਇੱਕ ਹਫ਼ਤੇ ਤੋਂ ਦਵਾਈਆਂ ਅਤੇ ਨੀਂਦ ਦੀਆਂ ਗੋਲੀਆਂ ਨਹੀਂ ਲੈ ਰਿਹਾ। ਹੁਣ ਮੇਰੇ ਕੋਲ ਹੋਰ ਕੋਈ ਰਾਹ ਨਹੀਂ ਬਚਿਆ, ਮੈਨੂੰ ਆਪਣੀਆਂ ਦਵਾਈਆਂ ਦੋਬਾਰਾ ਸ਼ੁਰੂ ਕਰਨੀਆਂ ਪੈਣਗੀਆਂ।` 


ਚੇਤੇ ਰਹੇ ਕਿ ਮੁੱਖ ਮੰਤਰੀ ਨੇ ਇਹ ਫ਼ੈਸਲਾ ਆਪਣੀ ਕੈਬਿਨੇਟ `ਚ ਸਹਿਯੋਗੀ ਮੰਤਰੀਆਂ `ਤੇ ਛੱਡ ਦਿੱਤਾ ਸੀ ਕਿ ਜੇ ਉਹ ਆਪਣਾ ਡੋਪ ਟੈਸਟ ਕਰਵਾਉਣਾ ਚਾਹੁੰਦੇ ਹਨ, ਤਾਂ ਇਹ ਉਨ੍ਹਾਂ ਦੀ ਆਪਣੀ ਮਰਜ਼ੀ `ਤੇ ਨਿਰਭਰ ਹੋਵੇਗਾ। ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਆਖ ਕੇ ਡੋਪ ਟੈਸਟ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ,‘‘ਸਰਕਾਰ `ਚ ਬੈਠੇ ਲੋਕਾਂ ਦੇ ਟੈਸਟ ਕਰਵਾ ਕੇ ਕੀ ਪੰਜਾਬ `ਚ ਨਸਿ਼ਆਂ ਦੀ ਸਮੱਸਿਆ ਹੱਲ ਹੋ ਜਾਵੇਗੀ? ਕੋਈ ਮੈਨੂੰ ਇਹ ਗੱਲ ਜਚਾਵੇ। ਮੈਨੂੰ ਕਿਸੇ ਨੇ ਇਹ ਟੈਸਟ ਕਰਵਾਉਣ ਲਈ ਨਹੀਂ ਆਖਿਆ ਅਤੇ ਨਾ ਹੀ ਮੇਰੀ ਇੱਛਾ ਕੋਈ ਅਜਿਹਾ ਟੈਸਟ ਕਰਵਾਉਣ ਦੀ ਹੈ।``


ਨਵਜੋਤ ਸਿੰਘ ਸਿੱਧੂ ਨੂੰ ਖ਼ੂਨ ਪਤਲਾ ਕਰਨ ਦੀਆਂ ਦਵਾਈਆਂ ਲੈਣੀਆਂ ਪੈਂਦੀਆਂ ਹਨ। ਪੰਜਾਬ ਦੇ ਬਹੁਤੇ ਮੰਤਰੀਆਂ ਨੂੰ ਹਾਈ ਬਲੱਡ ਪ੍ਰੈਸ਼ਰ ਲਈ ਦਵਾਈਆਂ ਲੈਣੀਆਂ ਪੈ ਰਹੀਆਂ ਹਨ। ਉਸ ਦਵਾਈ ਵਿੱਚ ਅਫ਼ੀਮ ਦੇ ਕੁਝ ਅੰਸ਼ ਮੌਜੂਦ ਹੁੰਦੇ ਹਨ।


ਇੱਥੇ ਇਹ ਵੀ ਵਰਨਣਯੋਗ ਹੇ ਕਿ ਮੰਤਰੀ ਓਪੀ ਸੋਨੀ ਨੇ ਬਾਕਾਇਦਾ ਆਪਣੀਆਂ ਤਸਵੀਰਾਂ ਖਿਚਵਾ ਕੇ ਡੋਪ ਟੈਸਟ ਕਰਵਾਇਆ ਸੀ ਪਰ ਉਨ੍ਹਾਂ ਦੀ ਨਕਲ ਕਿਸੇ ਹੋਰ ਮੰਤਰੀ ਨੇ ਨਹੀਂ ਕੀਤੀ। ਕਰਤਾਰਪੁਰ ਤੋਂ ਕਾਂਗਰਸੀ ਵਿਘਾਇਕ ਸੁਰਿੰਦਰ ਚੌਧਰੀ ਦਾ ਇਹੋ ਡੋਪ ਟੈਸਟ ਇਸ ਲਈ ਪਾਜਿ਼ਟਿਵ ਆਇਅ ਸੀ ਕਿਉਂਕਿ ਉਹ ਵੀ ਤਣਾਅ ਘਟਾਉਣ ਦੀਆਂ ਦਵਾਈਆਂ ਲੈ ਰਹੇ ਹਨ। ਖ਼ੁਰਾਕ ਅਤੇ ਸਿਵਲ ਸਪਲਾਈਜ਼ ਮੰਤਰੀ ਭਾਰਤ ਭੂਸ਼ਣ ਆਸ਼ੂ ਵੀ ਹਾਈ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਲੈ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਛੇਤੀ ਹੀ ਆਪਣਾ ਡੋਪ ਟੈਸਟ ਕਰਵਾ ਲੈਣਗੇ।


ਮੁੱਖ ਮੰਤਰੀ ਦਾ ਡੋਪ ਟੈਸਟ ਵਾਲਾ ਹੁਕਮ ਅੱਜ-ਕੱਲ੍ਹ ਪੂਰੀ ਤਰ੍ਹਾਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਾਪਤ ਰਿਪੋਰਟਾਂ ਅਨੁਸਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮਹਿਲਾ ਮੁਲਾਜ਼ਮਾਂ ਨੂੰ ਡੋਪ ਟੈਸਟ ਤੋਂ ਛੋਟ ਦੇਣ ਦੀ ਸਲਾਹ ਦਿੱਤੀ ਸੀ ਅਤੇ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਔਰਤਾਂ ਨੂੰ ਡੋਪ ਟੈਸਟ ਤੋਂ ਛੋਟ ਦੇ ਦੇਵੇ ਅਤੇ ਅਜਿਹੀ ਛੋਟ ਦਵਾਈਆਂ ਲੈਣ ਵਾਲੇ ਮੁਲਾਜ਼ਮਾਂ ਨੂੰ ਵੀ ਮਿਲ ਸਕਦੀ ਹੈ। ਜੇ ਅਜਿਹਾ ਹੋ ਗਿਆ, ਤਾਂ ਸੱਤਾਧਾਰੀ ਧਿਰ ਇਸ ਟੈਸਟ ਤੋਂ ਬਚ ਸਕਦੀ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Captain s Government skips Dope Test