----ਕਾਂਗਰਸ ਵਲੋਂ ਜ਼ਿਮਨੀ ਚੋਣਾਂ ਦਾ ਪ੍ਰਚਾਰ ਮੁਕੇਰੀਆ ਚ ਸਮਾਪਤ----
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੁਕੇਰੀਆਂ ਵਿਧਾਨ ਸਭਾ ਹਲਕੇ ਦਾ ਆਪਣੇ ਹਲਕੇ ਵਾਂਗ ਧਿਆਨ ਰੱਖਣ ਦਾ ਵਾਅਦਾ ਕਰਦਿਆਂ ਚਾਰੋ ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਦਾ ਭਰੋਸਾ ਜ਼ਾਹਰ ਕੀਤਾ। ਜ਼ਿਮਨੀ ਚੋਣਾਂ ਦੇ ਪ੍ਰਚਾਰ ਨੂੰ ਖਤਮ ਕਰ ਕਰਦਿਆਂ ਉਨਾਂ ਨੇ ਮੌਜੂਦਾ ਸਰਕਾਰ ਦੌਰਾਨ ਪੰਜਾਬ ਵਿੱਚ ਕੋਈ ਵਿਕਾਸ ਨਾ ਹੋਣ ਬਾਰੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ਵੱਲੋਂ ਲਾਏ ਦੋਸ਼ਾਂ ਨੂੰ ਵੀ ਰੱਦ ਕਰ ਦਿੱਤਾ।
ਮੁਕੇਰੀਆਂ ਹਲਕੇ ਵਿੱਚ ਰੋਡ ਸ਼ੋਅ ਦੌਰਾਨ ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਉਸ ਬਿਆਨ ਦਾ ਮਜ਼ਾਕ ਉਡਾਇਆ ਕਿ ਮੁੱਖ ਮੰਤਰੀ ਲੋਕਾਂ ਦੀ ਪਹੁੰਚ ਵਿੱਚ ਨਹੀਂ ਹਨ। ਰੋਡ ਸ਼ੋਅ ਦੌਰਾਨ ਬਹੁਤਾ ਹੁੰਗਾਰਾ ਨਾ ਮਿਲਣ ਬਾਰੇ ਅਕਾਲੀ ਲੀਡਰ ਵੱਲੋਂ ਕੀਤੇ ਦਾਅਦਿਆਂ ਦਾ ਜਵਾਬ ਮੁੱਖ ਮੰਤਰੀ ਨੇ ਅੱਜ ਲੋਕਾਂ ਦੇ ਉਮੜੇ ਇਕੱਠ ਦਾ ਜ਼ਿਕਰ ਕਰਦਿਆਂ ਕੀਤਾ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਸੁਖਬੀਰ ਜਾਂ ਤਾਂ ਬੇਸਮਝ ਹੈ ਜਾਂ ਫਿਰ ਸ਼ਤਰਮੁਰਗ ਵਾਂਗ ਵਿਹਾਰ ਕਰ ਰਿਹਾ ਹੈ ਤਾਂ ਕਿ ਲੋਕਾਂ ਵੱਲੋਂ ਉਸ ਨੂੰ ਅਤੇ ਉਸ ਦੀ ਪਾਰਟੀ ਨੂੰ ਬੁਰੀ ਤਰਾਂ ਨਾਕਾਰ ਦੇਣ ਦੀ ਤਲਖ਼ ਹਕੀਕਤ ਤੋਂ ਬਚਿਆ ਜਾ ਸਕੇ।’’
ਮੁੱਖ ਮੰਤਰੀ ਨੇ ਕਿਹਾ ਕਿ ਸਮੁੱਚੀ ਅਕਾਲੀ ਲੀਡਰਸ਼ਿਪ ਦੇ ਦਿਨ ਪੁਗ ਗਏ ਹਨ ਅਤੇ ਹੁਣ ਝੂਠ ਤੋਂ ਸਿਵਾਏ ਉਨਾਂ ਦੇ ਪੱਲੇ ਕੱਖ ਵੀ ਨਹੀਂ ਹੈ।
ਮੁੱਖ ਮੰਤਰੀ ਨੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਹਲਕੇ ਵਾਂਗ ਉਨਾਂ ਦੇ ਹਲਕੇ ਦਾ ਧਿਆਨ ਰੱਖਣਗੇ ਅਤੇ ਸਾਬਕਾ ਵਿਧਾਇਕ ਰਜਨੀਸ਼ ਕੁਮਾਰ ਬੱਬੀ ਜੋ ਲੰਮੀ ਬਿਮਾਰੀ ਉਪਰੰਤ ਚੱਲ ਵਸੇ ਸਨ, ਵੱਲੋਂ ਹਲਕੇ ਲਈ ਲਏ ਸੰਕਲਪ ਨੂੰ ਅੱਗੇ ਲਿਜਾਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸ੍ਰੀ ਬੱਬੀ ਦੀ ਪਤਨੀ ਅਤੇ ਕਾਂਗਰਸ ਦੀ ਮੌਜੂਦਾ ਉਮੀਦਵਾਰ ਇੰਦੂ ਬਾਲਾ ਮੁਕੇਰੀਆ ਹਲਕੇ ਦੇ ਲੋਕਾਂ ਲਈ ਸਾਬਕਾ ਵਿਧਾਇਕ ਵੱਲੋਂ ਕੀਤੇ ਵਾਅਦਿਆਂ ਨੂੰ ਅਮਲੀ ਜਾਮਾ ਪਹਿਨਾਉਣਗੇ। ਮੁਕੇਰੀਆਂ ਵਿਧਾਨ ਸਭਾ ਹਲਕੇ ਨੂੰ ਕਾਂਗਰਸ ਦੇ ਦਿੱਗਜਾਂ ਦਾ ਹਲਕਾ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਲਕੇ ਦੇ ਸੱਤ ਵਾਰ ਵਿਧਾਇਕ ਰਹੇ ਡਾ. ਕੇਵਲ ਕਿਸ਼ਨ ਵੱਲੋਂ ਕੀਤੇ ਵਿਕਾਸ ਕਾਰਜਾਂ ਨੂੰ ਚੇਤੇ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਡਾ. ਕੇਵਲ ਕਿਸ਼ਨ ਨੇ ਉਨਾਂ ਦੇ ਮੁੱਖ ਮੰਤਰੀ ਵਜੋਂ ਪਿਛਲੇ ਕਾਰਜਕਾਲ ਦੌਰਾਨ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਦੇ ਸਪੀਕਰ ਦੇ ਤੌਰ ’ਤੇ ਸੇਵਾ ਨਿਭਾਈ। ਉਨਾਂ ਕਿਹਾ ਕਿ ਇੰਦੂ ਬਾਲਾ ਵੀ ਇਕ ਵਾਰ ਫੇਰ ਅਜਿਹਾ ਹੀ ਵਿਕਾਸ ਕਰਨਗੇ ਅਤੇ ਸੂਬਾ ਸਰਕਾਰ ਉਨਾਂ ਨੂੰ ਪੂਰਾ ਸਹਿਯੋਗ ਦੇਵੇਗੀ।