ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਅੰਕੜੇ ਦੱਸਦੇ ਹਨ ਪ੍ਰਦੂਸ਼ਣ ਦੇ ਕਾਰਨਾਂ ’ਤੇ ਮਾਪਦੰਡ ਦਿੱਲੀ ਵਿੱਚ ਵੱਧ ਹਨ। ਉਨਾਂ ਕਿਹਾ ਕਿ ਇਸ ਸਮੱਸਿਆ ਨੂੰ ਸੁਲਝਾਉਣ ਦੀ ਬਜਾਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਿਆਸੀ ਖੇਡਾਂ ਖੇਡ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਆਪ ਲੀਡਰ ਦੱਸਣ ਕਿ ਇਸ ਮਸਲੇ ਦੇ ਹੱਲ ਲਈ ਉਹ ਜ਼ਮੀਨੀ ਪੱਧਰ ’ਤੇ ਕੀ ਕਰ ਰਹੇ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਹੇਠਲਾ ਰਕਬਾ ਵਧਣ ਕਰਕੇ ਹਾਲ ਹੀ ਸਾਲਾਂ ਵਿੱਚ ਇਹ ਸਥਿਤੀ ਹੋਰ ਭਿਆਨਕ ਹੋਈ ਹੈ ਅਤੇ ਬੀਤੇ ਦੋ ਸਾਲਾਂ ਵਿੱਚ ਪੰਜਾਬ ਵਿੱਚ ਝੋਨੇ ਦੀ ਰਿਕਾਰਡ ਪੈਦਾਵਾਰ ਹੋਈ ਹੈ, ਭਾਵੇਂ ਕਿ ਸੂਬੇ ਦੇ ਲੋਕ ਰਵਾਇਤੀ ਤੌਰ ’ਤੇ ਚੌਲ ਨਹੀਂ ਖਾਂਦੇ।
ਉਨਾਂ ਦੱਸਿਆ ਕਿ ਪੰਜਾਬ ਵਿੱਚ ਵੀ ਕੁਝ ਸ਼ਹਿਰ ਧੁਆਂਖੀ ਧੁੰਦ ਦੀ ਲਪੇਟ ਵਿੱਚ ਹਨ। ਕਿਸਾਨਾਂ ਨੂੰ ਝੋਨੇ ਤੋਂ ਬਦਲਵੀਆਂ ਫਸਲਾਂ ਵੱਲ ਮੋੜਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਮੁੱਖ ਮੰਤਰੀ ਨੇ ਫਸਲੀ ਵੰਨ-ਸੁਵੰਨਤਾ ਨੂੰ ਉਤਸ਼ਾਹਤ ਕਰਨ ਲਈ ਬਾਕੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਤੈਅ ਕਰਨ ਦੀ ਮੰਗ ਨੂੰ ਦੁਹਰਾਇਆ।
ਕੈਪਟਨ ਅਮਰਿੰਦਰ ਸਿੰਘ ਨੇ ਜ਼ੋਰ ਦੇ ਕਿਹਾ ਕਿ ਕੇਂਦਰ ਸਰਕਾਰ ਨੂੰ ਇਸ ਮਸਲੇ ਨੂੰ ਆਪਣੇ ਹੱਥ ਵਿੱਚ ਲੈ ਕੇ ਸੰਕਟ ਵਿੱਚੋਂ ਨਿਕਲਣ ਲਈ ਆਮ ਸਹਿਮਤੀ ਬਣਾਉਣੀ ਹੋਵੇਗੀ।