ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰੀ ਡਾ. ਸੁਬਰਾਮਨੀਅਮ ਜੈਸ਼ੰਕਰ ਨੂੰ ਚਿੱਠੀ ਲਿਖ ਕੇ ਮਲੇਸ਼ੀਆ ਦੀ ਜੇਲ੍ਹ ਵਿੱਚ ਕੈਦ ਪੰਜਾਬੀ ਨੌਜਵਾਨ ਨੂੰ ਰਿਹਾਅ ਕਰਵਾਉਣ ਦੀ ਬੇਨਤੀ ਕੀਤੀ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਵਿੱਚ ਤੁਰੰਤ ਦਖ਼ਲ ਦੇਣਾ ਚਾਹੀਦਾ ਹੈ।
ਮੁੱਖ ਮੰਤਰੀ ਨੇ ਆਪਣੀ ਚਿੱਠੀ ਵਿੱਚ ਉਸ ਪੰਜਾਬੀ ਨੌਜਵਾਨ ਦਾ ਨਾਂਅ ਤੇ ਉਸ ਦੇ ਪਿੰਡ ਦਾ ਵੀ ਪੂਰਾ ਪਤਾ ਦਿੱਤਾ ਹੈ। ਪ੍ਰਧਾਨ ਮੰਤਰੀ ਵੱਲੋਂ ਲਿਖੀ ਚਿੱਠੀ ਮੁਤਾਬਕ ਮਲੇਸ਼ੀਆ ਦੀ ਜੇਲ੍ਹ ਵਿੱਚ ਫਸੇ ਨੌਜਵਾਨ ਦਾ ਨਾਂਅ ਹਰਬੰਸ ਸਿੰਘ ਪੁੱਤਰ ਚਰਨ ਸਿੰਘ ਹੈ। ਉਹ ਬਠਿੰਡਾ ਜ਼ਿਲ੍ਹੇ ਦੀ ਤਹਿਸੀਲ ਫੂਲ ’ਚ ਪੈਂਦੇ ਪਿੰਡ ਗੁੰਮਟੀ ਕਲਾਂ ਦਾ ਵਸਨੀਕ ਹੈ।
ਏਐੱਨਆਈ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਹਰਬੰਸ ਸਿੰਘ ਮਲੇਸ਼ੀਆ ਪੁਲਿਸ ਦੀ ਹਿਰਾਸਤ ਵਿੱਚ ਹੈ। ਪਰਿਵਾਰ ਮੁਤਾਬਕ ਹਰਬੰਸ ਸਿੰਘ ਅਗਸਤ 2018 ਦੌਰਾਨ ਟੂਰਿਸਟ ਵੀਜ਼ਾ ’ਤੇ ਮਲੇਸ਼ੀਆ ਗਿਆ ਸੀ।
ਪਰਿਵਾਰ ਨੂੰ ਇਹ ਜਾਣਕਾਰੀ ਨਹੀਂ ਹੈ ਕਿ ਆਖ਼ਰ ਹਰਬੰਸ ਸਿੰਘ ਨੂੰ ਕਿਸ ਅਪਰਾਧ ਹੇਠ ਹਿਰਾਸਤ ਵਿੱਚ ਲਿਆ ਗਿਆ ਹੈ।
ਮਲੇਸ਼ੀਆ ਪੁਲਿਸ ਨੇ ਸਿਰਫ਼ ਇਹੋ ਜਾਣਕਾਰੀ ਭਾਰਤੀ ਸਫ਼ਾਰਤਖਾਨੇ ਤੱਕ ਪਹੁੰਚਾਈ ਹੈ ਕਿ ਇੱਕ ਭਾਰਤੀ ਨਾਗਰਿਕ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਦਾ ਆਧਾਰ–ਕਾਰਡ ਨੰਬਰ 4670 8721 734 ਹੈ।
ਅਜਿਹੇ ਹਾਲਾਤ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਹਰਬੰਸ ਸਿੰਘ ਦੀ ਰਿਹਾਈ ਲਈ ਉਪਰਾਲੇ ਕਰਨ ਤੇ ਇਸ ਬਾਰੇ ਮਲੇਸ਼ੀਆ ਸਰਕਾਰ ਤੱਕ ਪਹੁੰਚ ਕਰਨ ਲਈ ਬੇਨਤੀ ਕੀਤੀ ਹੈ।