ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਸੂਬੇ `ਚ ਮਕਾਨ ਉਸਾਰੀ, ਊਰਜਾ, ਜਲ-ਸਪਲਾਈ, ਸੀਵੇਜ ਟ੍ਰੀਟਮੈਂਟ ਤੇ ਹਸਪਤਾਲਾਂ ਜਿਹੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਨਿਵੇਸ਼ ਦੇ ਮੌਕਿਆਂ ਬਾਰੇ ਇਜ਼ਰਾਇਲ ਦੇ ‘ਟਾਇਰੋਜ਼ ਇੰਟਰਨੈਸ਼ਨਲ ਗਰੁੱਪ ਲਿਮਿਟੇਡ` ਨਾਲ ਵਿਚਾਰ-ਵਟਾਂਦਰਾ ਕੀਤਾ।
ਮੁੱਖ ਮੰਤਰੀ ਚਾਹੁੰਦੇ ਹਨ ਕਿ ਇਜ਼ਰਾਇਲ ਦੀਆਂ ਕੰਪਨੀਆਂ ਪੰਜਾਬ `ਚ ਆ ਕੇ ਆਪਣਾ ਸਰਮਾਇਆ ਲਾਉਣ; ਇੰਝ ਜਿੱਥੇ ਸੂਬੇ ਦੇ ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ, ਉੱਥੇ ਨਾਲ ਹੀ ਸੂਬੇ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਮਿਲਣਗੇ। ਇਸ ਮੌਕੇ ਮੁੱਖ ਮੰਤਰੀ ਨਾਲ ਇਜ਼ਰਾਇਲ `ਚ ਭਾਰਤ ਦੇ ਸਫ਼ੀਰ ਸ੍ਰੀ ਪਵਨ ਕਪੂਰ ਵੀ ਮੌਜੂਦ ਸਨ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਤਿੰਨ ਦਿਨਾ ਦੌਰੇ ਲਈ ਇਜ਼ਰਾਇਲ ਪੁੱਜਣ ਤੋਂ ਬਾਅਦ ਇਜ਼ਰਾਇਲ `ਚ ਭਾਰਤ ਦੇ ਰਾਜਦੂਤ ਸ੍ਰੀ ਪਵਨ ਕਪੂਰ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਉਨ੍ਹਾਂ ਆਸ ਪ੍ਰਗਟਾਈ ਕਿ ਉਨ੍ਹਾਂ ਦੇ ਇਸ ਖ਼ਾਸ ਇਜ਼ਰਾਇਲ ਦੇ ਨਤੀਜੇ ਹਾਂ-ਪੱਖੀ ਨਿੱਕਲਣਗੇ।