ਇਜ਼ਰਾਈਲ ਦੇ ਰਾਸ਼ਟਰਪਤੀ ਰਿਊਵੇਨ ਰਿਵਲਿਨ ਨਾਲ 23 ਅਕਤੂਬਰ ਨੂੰ ਹੋਣ ਵਾਲੇ ਦੁਵੱਲੇ ਹਿੱਤਾਂ ਨਾਲ ਸਬੰਧਤ ਮੁੱਦਿਆਂ `ਤੇ ਵਿਸਥਾਰਤ ਵਿਚਾਰ-ਚਰਚਾ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 21 ਅਕਤੂਬਰ ਨੂੰ ਇਜ਼ਰਾਈਲ ਰਵਾਨਾ ਹੋਣਗੇ। ਪੰਜ ਦਿਨਾਂ ਦੇ ਇਸ ਦੌਰੇ ਦੌਰਾਨ ਮੁੱਖ ਮੰਤਰੀ ਨਾਲ ਇਕ ਉਚ ਪੱਧਰੀ ਵਫ਼ਦ ਵੀ ਹੋਵੇਗਾ ਜੋ ਵੱਖ-ਵੱਖ ਮੰਤਰੀਆਂ ਅਤੇ ਸਿਖਰਲੇ ਅਧਿਕਾਰੀਆਂ ਨਾਲ ਮੀਟਿੰਗ ਕਰਨਗੇ।
ਇਸ ਮੌੇਕੇ ਮੁੱਖ ਮੰਤਰੀ ਵੱਲੋਂ ਇਜ਼ਰਾਈਲ ਦੇ ਖੇਤੀਬਾੜੀ ਮੰਤਰੀ ਉਰੀ ਏਰੀਅਲ ਅਤੇ ਊਰਜਾ ਤੇ ਜਲ ਸਰੋਤ ਮੰਤਰੀ ਡਾ. ਯੁਵਾਲ ਸਟੇਨਿਟਜ਼ ਨਾਲ ਦੋ ਸਮਝੌਤੇ ਸਹੀਬੰਦ (ਐਮ.ਓ.ਯੂ.) ਵੀ ਹੋਣ ਦੀ ਆਸ ਹੈ।
23 ਅਕਤੂਬਰ ਨੂੰ `ਪੰਜਾਬ ਵਿੱਚ ਨਿਵੇਸ਼ ਦੇ ਮੌਕੇ` `ਤੇ ਹੋਣ ਵਾਲੇ ਸੈਮੀਨਾਰ ਦੇ ਹਿੱਸੇ ਵਜੋਂ ਪੀ.ਏ.ਯੂ. ਤੇ ਟੀ.ਏ.ਯੂ ਦੇ ਨਾਲ-ਨਾਲ ਗੈਲਿਲੀ ਇੰਸਟੀਚਿਊਟ ਦਰਮਿਆਨ ਐਮ.ਓ.ਯੂ. ਕੀਤੇ ਜਾਣਾ ਵੀ ਏਜੰਡੇ `ਤੇ ਹੈ।
ਪੰਜਾਬ ਸਰਕਾਰ ਦੇ ਸਰਕਾਰੀ ਬੁਲਾਰੇ ਮੁਤਾਬਕ ਮੁੱਖ ਮੰਤਰੀ ਸਿੰਚਾਈ, ਖੇਤੀਬਾੜੀ, ਬਾਗਬਾਨੀ ਅਤੇ ਡੇਅਰੀ ਫਾਰਮਿੰਗ ਦੇ ਉਚ ਤਕਨੀਕ ਵਾਲੇ ਕੁਝ ਵੱਡੇ ਕੇਂਦਰਾਂ ਦਾ ਦੌਰਾ ਕਰਨਗੇ। ਕੈਪਟਨ ਐਤਵਾਰ 21 ਅਕਤੂਬਰ ਨੂੰ ਇਜ਼ਰਾਈਲ ਪਹੁੰਚਣਗੇ ਜਦਕਿ 25 ਅਕਤੂਬਰ ਨੂੰ ਵਾਪਸੀ ਦਾ ਪ੍ਰੋਗਰਾਮ ਹੈ।