ਰੋਪੜ (ਰੂਪਨਗਰ) ਜ਼ਿਲ੍ਹੇ ਦੇ ਪਿੰਡ ਆਲੋਵਾਲ ਲਾਗੇ ਇੱਕ ਕਾਰ ਦੇ ਭਾਖੜਾ ਨਹਿਰ ’ਚ ਡਿੱਗ ਪੈਣ ਕਾਰਨ ਭਰਾ–ਭੈਣ ਦੀ ਮੌਤ ਹੋ ਗਈ ਤੇ ਕਾਰ ਡਰਾਇਵਰ ਫ਼ੌਜੀ ਨੇ ਕਿਸੇ ਤਰ੍ਹਾਂ ਤੈਰ ਕੇ ਆਪਣੀ ਜਾਨ ਬਚਾਇਆ।
ਇਹ ਹਾਦਸਾ ਕੱਲ੍ਹ ਸਨਿੱਚਰਵਾਰ ਨੂੰ ਦੁਪਹਿਰ ਢਾਈ ਤੋਂ ਤਿੰਨ ਵਜੇ ਦੇ ਦੌਰਾਨ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਨੂੰ ਫ਼ੌਜੀ ਸੁਖਵਿੰਦਰ ਸਿੰਘ ਚਲਾ ਰਹੇ ਸਨ, ਜੋ ਇਸ ਵੇਲੇ ਜਲੰਧਰ ’ਚ 8 ਸਿੱਖ ਰੈਜਿਮੈਂਟ ’ਚ ਤਾਇਨਾਤ ਹਨ।
ਕਾਰ ਦਾ ਸੰਤੁਲਨ ਅਚਾਨਕ ਵਿਗੜ ਜਾਣ ਕਾਰਨ ਉਹ ਸਾਰੇ ਕਾਰ ਸਮੇਤ ਨਹਿਰ ’ਚ ਜਾ ਡਿੱਗੇ। ਸ੍ਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਹਰਬੰਸ ਸਿੰਘ (54) ਨੂੰ ਪਥਰੀ ਰੋਗ ਸੀ। ਉਨ੍ਹਾਂ ਦੀ ਭੂਆ ਸ੍ਰੀਮਤੀ ਗੀਤਾ ਦੇਵੀ (60) ਵੀ ਆਏ ਹੋਏ ਸਨ।
ਸ੍ਰੀ ਸੁਖਵਿੰਦਰ ਸਿੰਘ ਆਪਣੇ ਪਿਤਾ ਤੇ ਭੂਆ ਦੋਵਾਂ ਨੂੰ ਆਪਣੀ ਇੰਡੀਗੋ ਕਾਰ ’ਚ ਬਿਠਾ ਕੇ ਪਿੰਡ ਆਲੋਵਾਲ ਵੱਲ ਜਾ ਰਹੇ ਸਨ। ਸ੍ਰੀ ਸੁਖਵਿੰਦਰ ਸਿੰਘ ਦਾ ਭਰਾ ਪ੍ਰਦੀਪ ਸਿੰਘ ਅੱਗੇ–ਅੱਗੇ ਮੋਟਰਸਾਇਕਲ ’ਤੇ ਜਾ ਰਿਹਾ ਸੀ।
ਡਰਾਇਵਰ ਵਾਲੀ ਖਿੜਕੀ ਦਾ ਸ਼ੀਸ਼ਾ ਖੁੱਲ੍ਹਾ ਸੀ, ਜਿਸ ਕਾਰਨ ਸ੍ਰੀ ਸੁਖਵਿੰਦਰ ਸਿੰਘ ਕਿਸੇ ਤਰ੍ਹਾਂ ਕਾਰ ’ਚੋਂ ਬਾਹਰ ਆ ਗਏ ਤੇ ਤੈਰ ਕੇ ਬਚ ਗਏ।
ਸ੍ਰੀ ਹਰਬੰਸ ਸਿੰਘ ਰੋਪੜ ਥਰਮਲ ਪਲਾਂਟ ’ਚ ਕੰਮ ਕਰਦੇ ਸਨ।