ਮਾਨਸਾ ਸ਼ਹਿਰ ਦੇ ਵਾਰਡ ਨੰਬਰ 15 ਵਿੱਚ ਮਜ਼ਦੂਰ ਪਰਿਵਾਰ ਦੇ ਲੜਕੇ ਨੂੰ ਪੈਟਰੋਲ ਪਾ ਕੇ ਜਿਉਂਦਾ ਸਾੜ ਦਿੱਤਾ ਗਿਆ। ਉਸ ਦੀ ਲਾਸ਼ ਪੁਲਿਸ ਨੂੰ ਐਤਵਾਰ ਦੀ ਸਵੇਰ ਇੱਕ ਸ਼ੈਲਰ ਕੋਲ ਖੁਲ੍ਹੇ ਮੈਦਾਨ ਵਿੱਚ ਪਈ ਮਿਲੀ।
ਮ੍ਰਿਤਕ ਦੇ ਵੱਡੇ ਭਰਾ ਨੇ ਪ੍ਰੇਮ ਵਿਆਹ ਕੀਤਾ ਸੀ। ਵੱਡੇ ਭਰਾ ਦੇ ਘਰ ਲੜਕਾ ਹੋਣ 'ਤੇ ਛੋਟਾ ਭਰਾ ਭਾਬੀ ਦੇ ਪੇਕੇ ਵਾਲਿਆਂ ਦਾ ਮੂੰਹ ਮਿੱਠਾ ਕਰਵਾਉਣ ਦੀ ਗੱਲ ਕਹਿੰਦਾ ਸੀ।
ਕਥਿਤ ਤੌਰ 'ਤੇ ਨਾਰਾਜ਼ ਹੋਣ 'ਤੇ ਭਾਬੀ ਦੇ ਪੇਕੇ ਵਾਲਿਆਂ ਨੇ ਉਸ ਦਾ ਕਤਲ ਕਰ ਦਿੱਤਾ। ਮ੍ਰਿਤਕ ਦੇ ਪਿਤਾ ਦੇ ਬਿਆਨਾਂ 'ਤੇ ਥਾਣਾ ਸਿਟੀ ਇੱਕ ਦੀ ਪੁਲਿਸ ਨੇ ਬਹੂ ਦੇ ਦੋ ਭਰਾਵਾਂ ਸਣੇ ਤਿੰਨ ਵਿਰੁਧ ਕੇਸ ਦਰਜ ਕੀਤਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਲਾਸ਼ ਦੇ ਕੁਝ ਨਮੂਨੇ ਵੀ ਲਏ ਹਨ।
ਸ਼ਹਿਰ ਦੇ ਬਾਗ਼ ਵਾਲਾ ਗੁਰਦੁਆਰਾ ਕੋਲ ਰਹਿਣ ਵਾਲੇ ਜਸਪ੍ਰੀਤ ਸਿੰਘ (17) ਨੂੰ ਸ਼ਨਿਚਰਵਾਰ ਦੀ ਰਾਤ ਕੁਝ ਲੜਕੇ ਘਰੋਂ ਬੁਲਾ ਕੇ ਲੈ ਗਏ। ਉਸ ਦੀ ਅੱਧ ਸੜੀ ਹੋਈ ਲਾਸ਼ ਸਵੇਰੇ ਖਾਲੀ ਪਏ ਇੱਕ ਮੈਦਾਨ ਵਿੱਚ ਪਈ ਮਿਲੀ। ਜਸਪ੍ਰੀਤ ਸਿੰਘ ਦੇ ਦੋਵੇਂ ਹੱਥ ਤੇ ਪੈਰ ਬੰਨ੍ਹ ਕੇ ਉਸ ਦੇ ਮੂੰਹ ਵਿੱਚ ਕੱਪੜਾ ਪਾਇਆ ਗਿਆ ਅਤੇ ਬਾਅਦ ਵਿੱਚ ਪੈਟਰੋਲ ਪਾ ਕੇ ਉਸ ਨੂੰ ਅੱਗ ਲਾ ਦਿੱਤੀ ਗਈ।