ਅੰਡੇ ਨੂੰ ਮਿਡ ਡੇਅ ਮੀਲ ਦਾ ਹਿੱਸਾ ਬਣਾਉਣ ਲਈ ਮੁੱਖ ਮੰਤਰੀ ਨਾਲ ਵਿਚਾਰਿਆ ਜਾਵੇਗਾ
ਹੋਰਨਾਂ ਉਦਯੋਗਾਂ ਦੀ ਤਰਾਂ ਪੋਲਟਰੀ ਨੂੰ ਬਿਜਲੀ ਸਬਸਿਡੀ ਦੇਣ ਲਈ ਗੰਭੀਰਤਾ ਨਾਲ ਵਿਚਾਰ ਕਰੇਗੀ ਪੰਜਾਬ ਸਰਕਾਰ
ਕੇਂਦਰ ਸਰਕਾਰ ਵਲੋਂ ਪੰਜਾਬ, ਹਰਿਆਣਾ, ਯੂ.ਟੀ ਚੰਡੀਗੜ੍ਹ ਅਤੇ ਕੇਂਦਰੀ ਪੋਲਟਰੀ ਅਰਗਨਾਈਜੇਸ਼ਨ ਦੇ ਸਹਿਯੋਗ ਨਾਲ ਅੱਜ ਚੰਡੀਗੜ੍ਹ ਵਿਖੇ ਵਿਸ਼ਵ ਅੰਡਾ ਦਿਵਸ (world egg day) ਮਨਾਇਆ ਗਿਆ।
ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਪੰਜਾਬ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਮੁਰਗੀ ਪਾਲਣ ਦੇ ਕਿੱਤੇ ਨੂੰ ਹੁਲਾਰਾ ਦੇਣ ਲਈ ਮੁਲਕ ਦੇ ਧਾਰਮਿਕ ਖਾਸ ਕਰ ਕੇ ਹਿੰਦੂ ਧਰਮ ਦੇ ਆਗੂਆਂ ਤੋਂ ਅੰਡੇ ਦੇ ਸਾਕਾਹਾਰੀ ਹੋਣ ਬਾਰੇ ਪ੍ਰਚਾਰ ਕਰਾਵੇ।
ਉਹਨਾਂ ਕਿਹਾ ਕਿ ਇਸ ਨਾਲ ਜਿੱਥੇ ਲੋਕਾਂ ਨੂੰ ਸਸਤੀ ਤੇ ਸੰਤੁਲਤ ਖੁਰਾਕ ਮੁਹੱਈਆ ਕਰਵਾਈ ਜਾ ਸਕੇਗੀ ਅਤੇ ਮੁਰਗੀ ਪਾਲਣ ਦੇ ਕਿੱਤੇ ਨੂੰ ਹੁਲਾਰਾ ਦੇ ਕੇ ਇਸ ਧੰਦੇ ਨਾਲ ਜੂੜੇ ਕਿਸਾਨਾਂ ਦੀ ਮਦਦ ਕੀਤੀ ਜਾ ਸਕੇਗੀ।
ਸ੍ਰੀ ਬਾਜਵਾ ਨੇ ਕਿਹਾ ਕਿ ਨਵੀਂ ਖੋਜ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਅੰਡੇ ਵਿੱਚ ਨਾ ਤਾਂ ਜਿਉਂਦੇ ਸੈੱਲ ਹੁੰਦੇ ਹਨ ਅਤੇ ਨਾ ਹੀ ਅੰਡਾ ਪੈਦਾ ਕਰਨ ਲਈ ਮੁਰਗੇ-ਮੁਰਗੀ ਦਾ ਮਿਲਣ ਜਰੂਰੀ ਹੈ। ਉਹਨਾਂ ਕਿਹਾ ਕਿ ਹੁਣ ਤਾਂ ਪੋਲਟਰੀ ਫਾਰਮਾਂ ਵਿੱਚ ਪੈਦਾ ਕੀਤੇ ਜਾਣ ਵਾਲੇ ਅੰਡਿਆਂ ਨੂੰ ਪੰਛੀ ਫਲ ਕਿਹਾ ਜਾਣ ਲੱਗ ਪਿਆ ਹੈ।
ਸ. ਤ੍ਰਿਪਤ ਬਾਜਵਾ ਨੇ ਭਰੋਸਾ ਦਿਵਾਇਆ ਕਿ ਮੁਰਗੀ ਪਾਲਕਾਂ ਵਲੋਂ ਅੰਡੇ ਨੂੰ ਮਿਡ ਡੇ ਮੀਲ ਦਾ ਹਿੱਸਾ ਬਣਾਉਣ ਬਾਰੇ ਕੀਤੀ ਅਪੀਲ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰਿਆ ਜਾਵੇਗਾ ।