ਜਲੰਧਰ ਦੇ ਇੱਕ ਪਾਦਰੀ ਦੇ ਘਰ ਤੋਂ 6.65 ਕਰੋੜ ਰੁਪਏ ਗ਼ਬਨ ਦੇ ਮਾਮਲੇ ਵਿੱਚ ਪੰਜਾਬ ਦੀ ਅਪਰਾਧ ਸ਼ਾਖਾ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਇਸ ਸਬੰਧੀ ਬਾਅਦ ’ਚ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮਾਂ ਅਮਨਦੀਪ ਸਿੰਘ ਕੰਬੋਜ ਨਿਵਾਸੀ ਚੀਮਾ ਬਾਗ਼ (ਪਟਿਆਲਾ) ਅਤੇ ਗੁਰਵਿੰਦਰ ਸਿੰਘ ਉਰਫ਼ ਗੈਰੀ ਨਿਵਾਸੀ ਪਿੰਡ ਭੱਟੀਆਂ (ਪਟਿਆਲਾ) ਵਿਰੁੱਧ ਮੋਹਾਲੀ ਸਥਿਤ ਅਦਾਲਤ ਵਿੱਚ ਸਪਲੀਮੈਂਟਰੀ ਚਲਾਨ ਪੇਸ਼ ਕਰ ਦਿੱਤਾ ਹੈ।
ਇਸੇ ਮਾਮਲੇ ਵਿੱਚ ਪੁਲਿਸ ਨੇ ਇੱਕ ਹੋਰ ਮੁਲਜ਼ਮ ਹਰਪ੍ਰੀਤ ਸਿੰਘ ਨਿਵਾਸੀ ਪਿੰਡ ਰਾਏਪੁਰ (ਜ਼ਿਲ੍ਹਾ ਮਾਨਸਾ) ਨੂੰ ਵੀ ਨਾਮਜ਼ਦ ਕੀਤਾ ਹੈ; ਜਿਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਅਪਰਾਧ ਸ਼ਾਖਾ ਵੱਲੋਂ ਮੋਹਾਲੀ ਪੁਲਿਸ ਥਾਣੇ ਵਿੱਚ ਸੁਰਿੰਦਰ ਸਿੰਘ ਨਿਵਾਸੀ ਪਿੰਡ ਨੌਸ਼ਹਿਰਾ ਖੁਰਦ (ਪਠਾਨਕੋਟ), ਪੰਜਾਬ ਪੁਲਿਸ ਦੇ ਏਐੱਅਸਆਈ ਜੋਗਿੰਦਰ ਸਿੰਘ ਨਿਵਾਸੀ ਅਰਬਨ ਐਸਟੇਟ–1 ਅਤੇ ਏਐੱਸਆਈ ਰਾਜਪ੍ਰੀਤ ਸਿੰਘ ਨਿਵਾਸੀ ਨਿਊ ਮਹਿੰਦਰਾ ਕਾਲੋਨੀ ਪਟਿਆਲਾ ਵਿਰੁੱਧ 12 ਅਪ੍ਰੈਲ ਨੂੰ ਮਾਮਲਾ ਦਰਜ ਕਰ ਲਿਆ ਗਿਆ ਸੀ।
ਸੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆਸੀ; ਜਿਸ ਨੇ ਉਪਰੋਕਤ ਪਾਦਰੀ ਤੋਂ ਰੀਕਵਰੀ ਕਰਵਾਉਣ ਲਈ ਪੁਲਿਸ ਨੂੰ ਸੂਚਨਾ ਦਿੱਤੀ ਸੀ।
ਪੁਲਿਸ ਨੇ ਇਸ ਤੋਂ ਪਹਿਲਾਂ ਏਐੱਸਆਈ ਜੋਗਿੰਦਰ ਸਿੰਘ, ਏਐੱਸਆਈ ਰਾਜਪ੍ਰੀਤ ਸਿੰਘ, ਏਐੱਸਆਈ ਦਿਲਬਾਗ਼ ਸਿੰਘ, ਹੌਲਦਾਰ ਅਮਰੀਕ ਸਿੰਘ, ਸੁਰਿੰਦਰ ਸਿੰਘ ਨਿਵਾਸੀ ਪਿੰਡ ਨੋਸ਼ਹਿਰਾ ਖੁਰਦ (ਪਠਾਨਕੋਟ), ਗੁਰਪ੍ਰੀਤ ਸਿੰਘ, ਮੁਹੰਮਦ ਸ਼ਕੀਲ, ਸੰਜੀਵ ਕੁਮਾਰ, ਦਵਿੰਦਰ ਕੁਮਾਰ ਉਰਫ਼ ਕਾਲਾ ਆੜ੍ਹਤੀਆ, ਨਿਰਮਲ ਸਿੰਘ, ਸੁਰਿੰਦਰਪਾਲ ਸ਼ਰਮਾ ਉਰਫ਼ ਚਿੜੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਨ੍ਹਾਂ ਮੁਲਜ਼ਮਾਂ ਵਿਰੁੱਧ ਪੁਲਿਸ ਨੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਸੀ।