ਕੱਲ੍ਹ ਚੰਡੀਗੜ੍ਹ ’ਚ ਅਚਾਨਕ ਇੱਕੋ ਦਿਨ ’ਚ ਕੋਰੋਨਾ ਦੇ 14 ਨਵੇਂ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੂੰ ਭਾਜੜਾਂ ਪੈ ਗਈਆਂ। ਪ੍ਰਸ਼ਾਸਨ ਨੇ ਤੁਰੰਤ ਪੰਜਾਬ ਯੂਨੀਵਰਸਿਟੀ ਨੂੰ ਚਾਰ ਹੋਸਟਲ ਖਾਲੀ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ। ਇਨ੍ਹਾਂ ਹੋਸਟਲਾਂ ਨੂੰ ਕੁਆਰੰਟੀਨ ਕੇਂਦਰਾਂ ਵਜੋਂ ਵਰਤਿਆ ਜਾਣਾ ਹੈ।
ਯੂਨੀਵਰਸਿਟੀ ਦੇ ਡੀਨ, ਸਟੂਡੈਂਟਸ ਵੈਲਫ਼ੇਅਰ ਸ੍ਰੀ ਇਮਾਨੂਏਲ ਨਾਹਰ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਚਾਰ ਹੋਸਟਲ ਖਾਲੀ ਕਰਨ ਦੇ ਹੁਕਮ ਦਿੱਤੇ ਸਨ ਪਰ ਅਸੀਂ ਸਿਰਫ਼ ਦੋ ਹੀ ਖਾਲੀ ਕੀਤੇ ਹਨ।
ਇਕੱਲੇ ਚੰਡੀਗੜ੍ਹ ’ਚ ਹੁਣ ਕੋਰੋਨਾ–ਮਰੀਜ਼ਾਂ ਦੀ ਗਿਣਤੀ ਵਧ ਕੇ 59 ਹੋ ਗਈ ਹੈ। ਬੀਤੀ 25 ਅਪ੍ਰੈਲ ਨੂੰ ਇਹ ਗਿਣਛੀ 28 ਸੀ ਪਰ ਪਿਛਲੇ ਚਾਰ ਦਿਨਾਂ ਵਿੱਚ ਇਹ ਦੁੱਗਣੀ ਤੋਂ ਵੀ ਵਧ ਕੇ 59 ਹੋ ਗਈ।
ਉਂਝ ਚੰਡੀਗੜ੍ਹ ’ਚ ਕੋਰੋਨਾ ਦੇ ਕੁੱਲ ਸਰਗਰਮ ਕੇਸ 42 ਹਨ। ਚੰਡੀਗੜ੍ਹ ਦੀ ਬਾਪੂ ਧਾਮ ਕਾਲੋਨੀ (ਸੈਕਟਰ 26) ਅਤੇ ਸੈਕਟਰ 30 ਵਿੱਚ ਇਹ ਕੇਸ ਸਭ ਤੋਂ ਵੱਧ ਹਨ।
ਕੱਲ੍ਹ ਮਿਲੇ ਨਵੇਂ ਕੇਸਾਂ ਵਿੱਚ ਬਾਪੂ ਧਾਮ ਕਾਲੋਨੀ ਦੇ ਇੱਕੋ ਪਰਿਵਾਰ ਦੇ ਪੰਜ ਮੈਂਬਰ ਸ਼ਾਮਲ ਹਨ। ਇਹ ਸਾਰੇ ਉਸ 38 ਸਾਲਾ ਵਿਅਕਤੀ ਦੇ ਹੀ ਪਰਿਵਾਰਕ ਮੈਂਬਰ ਹਨ, ਜਿਹੜਾ ਸੋਮਵਾਰ ਨੂੰ ਪਾਜ਼ਿਟਿਵ ਪਾਇਆ ਗਿਆ ਸੀ ਤੇ ਉਸ ਵਿਅਕਤੀ ਨੇ ਕੋਰੋਨਾ ਦੀ ਲਾਗ ਸੈਕਟਰ 32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਦੇ ਅਟੈਂਡੈਂਟ ਤੋਂ ਲਈ ਸੀ।
ਹਸਪਤਾਲ ਦੇ ਇਸ ਅਟੈਂਡੈਂਟ ਤੋਂ ਕੁੱਲ 23 ਵਿਅਕਤੀ ਕੋਰੋਨਾ ਦੇ ਮਰੀਜ਼ ਬਣ ਚੁੱਕੇ ਹਨ।
ਬਾਪੂ ਧਾਮ ਕਾਲੋਨੀ ਵਾਲੇ 38 ਸਾਲਾ ਪਾਜ਼ਿਟਿਵ ਵਿਅਕਤੀ ਦੀ 36 ਸਾਲਾ ਪਤਨੀ, ਤਿੰਨ ਧੀਆਂ (18, 16 ਅਤੇ 13), 10 ਸਾਲਾ ਪੁੱਤਰ ਹੁਣ ਛੂਤਗ੍ਰਸਤ ਹਨ।
ਬਾਪੂਧਾਮ ਕਾਲੋਨੀ ਦੀ ਹੀ 47 ਸਾਲਾ ਔਰਤ, 24 ਸਾਲਾ ਪੁਰਖ ਤੇ 15 ਸਾਲਾ ਲੜਕਾ ਵੀ ਪਾਜ਼ਿਟਿਵ ਪਾਏ ਗੲਲ। ਸੈਕਟਰ 33–ਬੀ ਦਾ ਇੱਕ ਹੋਰ ਵਿਅਕਤੀ ਇਸ ਪਰਿਵਾਰ ਦੇ ਸੰਪਰਕ ਵਿੱਚ ਸੀ – ਉਹ ਵੀ ਹੁਣ ਪਾਜ਼ਿਟਿਵ ਹੈ।