ਕਰਤਾਰਪੁਰ ਸਾਹਿਬ ਜਾਣ ਦੇ ਚਾਹਵਾਨ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਸਰਕਾਰੀ ਮੁਲਾਜ਼ਮ ਚਾਹੁੰਦਿਆਂ ਹੋਇਆਂ ਵੀ ਇਸ ਮੰਤਵ ਲਈ ਅਚਨਚੇਤੀ ਛੁੱਟੀ (C Leave) ਨਹੀਂ ਲੈ ਸਕਦੇ। ਚੇਤੇ ਰਹੇ ਕਿ ਭਾਰਤ ਤੇ ਪਾਕਿਸਤਾਨ ਨੇ ਆਪੋ–ਆਪਣੇ ਲਾਂਘੇ ਦਾ ਉਦਘਾਟਨ ਕੀਤਾ ਸੀ ਤੇ ਦੋਵੇਂ ਪੰਜਾਬਾਂ ਨੂੰ ਜੋੜਿਆ ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੂੰ ਹੁਣ ਪਤਾ ਲੱਗਾ ਹੈ ਕਿ ਉਹ ਕਰਤਾਰਪੁਰ ਸਾਹਿਬ ਜਾਣ ਲਈ ਅਚਨਚੇਤੀ ਛੁੱਟੀ ਨਹੀਂ ਲੈ ਸਕਦੇ। ਇਸ ਲਈ ਮੁਲਾਜ਼ਮਾਂ ਵਿੱਚ ਅੰਦਰਖਾਤੇ ਕਾਫ਼ੀ ਰੋਹ ਤੇ ਰੋਸ ਹੈ; ਉਂਝ ਭਾਵੇਂ ਕੋਈ ਖੁੱਲ੍ਹ ਕੇ ਵੀ ਸਾਹਮਣੇ ਨਹੀਂ ਆਉਣਾ ਚਾਹੁੰਦਾ।
ਇਸ ਲਈ ਮੁਲਾਜ਼ਮਾਂ ਨੂੰ ਬਿਲਕੁਲ ਉਵੇਂ ਹੀ ਅਰਜ਼ੀ ਦੇਣੀ ਹੋਵੇਗੀ, ਜਿਵੇਂ ਵਿਦੇਸ਼ ਜਾਣ ਸਮੇਂ ਦੇਈਦੀ ਹੈ। ਪਰ ਉਸ ਅਰਜ਼ੀ ਦੀ ਪ੍ਰਕਿਰਿਆ ਬਹੁਤ ਲੰਮੇਰੀ ਤੇ ਅਕਾਊ ਹੈ। ਪਰ ਲਹਿੰਦੇ (ਪਾਕਿਸਤਾਨੀ) ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ’ਚ ਸਥਿਤ ਇਸ ਗੁਰੂਘਰ ’ਚ ਜਾਣ ਲਈ ਕੋਈ ਵੀਜ਼ਾ ਨਹੀਂ ਲੈਣਾ ਪੈਂਦਾ।
ਚੰਡੀਗੜ੍ਹ ’ਚ ਬਹੁਤੇ ਮੁਲਾਜ਼ਮ ਪੰਜਾਬ ਦੇ ਹਨ। ਉਨ੍ਹਾਂ ਵਿੱਚੋਂ ਬਹੁਤਿਆਂ ਨੇ ਕਰਤਾਰਪੁਰ ਸਾਹਿਬ ਜਾਣ ਲਈ ਅਚਨਚੇਤੀ ਛੁੱਟੀਆਂ ਵਾਸਤੇ ਅਰਜ਼ੀਆਂ ਦਿੱਤੀਆਂ ਸਨ; ਪਰ ਤਦ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਇੰਝ ਨਹੀਂ ਜਾ ਸਕਦੇ, ਇਸ ਲਈ ਉਨ੍ਹਾਂ ਨੂੰ ‘ਐਕਸ–ਇੰਡੀਆ’ ਛੁੱਟੀ ਲੈਣੀ ਹੋਵੇਗੀ। ਚੰਡੀਗੜ੍ਹ ਪੁਲਿਸ ਵਿੱਚ ਬਹੁਤ ਸਾਰੇ ਮੁਲਾਜ਼ਮ ਪੰਜਾਬ ਤੋਂ ਹੀ ਹਨ।
ਚੰਡੀਗੜ੍ਹ ਦੇ ਇੱਕ ਮੁਲਾਜ਼ਮ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਉਨ੍ਹਾਂ ਇਸ ਇਤਿਹਾਸਕ ਥਾਂ ਦੇ ਦਰਸ਼ਨਾਂ ਲਈ ਛੁੱਟੀ ਵਾਸਤੇ ਅਰਜ਼ੀ ਦਿੱਤੀ ਸੀ ਅਤੇ ਨਾਲ ਹੀ ਪੰਜਾਬ ਸਰਕਾਰ ਦਾ ਉਹ ਹੁਕਮ ਵੀ ਨੱਥੀ ਕੀਤਾ ਸੀ; ਜਿਸ ਵਿੱਚ ਮੁਲਾਜ਼ਮਾਂ ਨੂੰ ਐਕਸ–ਇੰਡੀਆ ਲੀਵ ਤੋਂ ਛੋਟ ਦਿੱਤੀ ਗਈ ਹੈ। ਪਰ ਫਿਰ ਵੀ ਇਜਾਜ਼ਤ ਨਹੀਂ ਮਿਲੀ।
ਐਕਸ–ਇੰਡੀਆ ਲੀਵ ਦੀਆਂ ਬਹੁਤ ਸਾਰੀਆਂ ਸ਼ਰਤਾਂ ਤੇ ਇਹ ਪ੍ਰਕਿਰਿਆ ਕੁਝ ਲੰਮੇਰੀ ਹੋਣ ਕਾਰਨ ਚੰਡੀਗੜ੍ਹ ਦੇ ਬਹੁਤੇ ਮੁਲਾਜ਼ਮਾਂ ਨੇ ਤਾਂ ਹੁਣ ਕਰਤਾਰਪੁਰ ਸਾਹਿਬ ਜਾਣ ਦਾ ਆਪਣਾ ਵਿਚਾਰ ਤਿਆਗ ਦਿੱਤਾ ਹੈ। ਇੱਕ ਹੋਰ ਮੁਲਾਜ਼ਮ ਨੇ ਕਿਹਾ ਕਿ ਉਸ ਦੀ ਪਤਨੀ ਨੂੰ ਕੈਂਸਰ ਹੈ ਤੇ ਉਹ ਉਸ ਪਵਿੱਤਰ ਅਸਥਾਨ ਨੂੰ ਵੇਖਣਾ ਚਾਹੁੰਦੀ ਹੈ, ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ 18 ਵਰ੍ਹੇ ਬਿਤਾਏ ਸਨ।
ਚੰਡੀਗੜ੍ਹ ਅਮਲਾ ਵਿਭਾਗ ਦੇ ਇੰਚਾਰਜ ਸ੍ਰੀ ਕੇ.ਕੇ. ਯਾਦਵ ਨੇ ਪੁਸ਼ਟੀ ਕੀਤੀ ਕਿ ਮੁਲਾਜ਼ਮਾਂ ਨੂੰ ਕਰਤਾਰਪੁਰ ਸਾਹਿਬ ਜਾਣ ਲਈ ਐਕਸ–ਇੰਡੀਆ ਛੁੱਟੀ ਹੀ ਲੈਣੀ ਪਵੇਗੀ।