ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਸਾਬਕਾ ਐੱਸਪੀ ਨੂੰ ਰਿਸ਼ਵਤ ਲੈਣ ਬਦਲੇ ਮਿਲੀ 3 ਵਰ੍ਹੇ ਕੈਦ ਦੀ ਸਜ਼ਾ

ਚੰਡੀਗੜ੍ਹ ਦੇ ਸਾਬਕਾ ਐੱਸਪੀ ਨੂੰ ਰਿਸ਼ਵਤ ਲੈਣ ਬਦਲੇ ਮਿਲੀ 3 ਵਰ੍ਹੇ ਕੈਦ ਦੀ ਸਜ਼ਾ

ਸੀਬੀਆਈ ਦੀ ਇੱਕ ਵਿਸ਼ੇਸ਼ ਅਦਾਲਤ ਨੇ 2008 ਬੈਚ ਦੇ ਇੱਕ ਆਈਪੀਐੱਸ ਅਧਿਕਾਰੀ ਅਤੇ ਚੰਡੀਗੜ੍ਹ ਦੇ ਸਾਬਕਾ ਐੱਸਪੀ ਦੇਸ਼ਰਾਜ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ `ਚ ਤਿੰਨ ਵਰ੍ਹੇ ਕੈਦ ਦੀ ਸਜ਼ਾ ਸੁਣਾਈ ਹੈ।

 

ਪੁਲਿਸ ਅਧਿਕਾਰੀ ਦੇਸ਼ਰਾਜ ਨੂੰ 18 ਅਕਤੂਬਰ, 2012 ਨੂੰ ਉਨ੍ਹਾਂ ਦੀ ਸੈਕਟਰ 23 ਸਥਿਤ ਆਪਣੀ ਰਿਹਾਇਸ਼ਗਾਹ `ਤੇ ਆਪਣੇ ਇੱਕ ਜੂਨੀਅਰ ਅਧਿਕਾਰੀ ਤੋਂ ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ‘ਆਪਣੇ ਜੂਨੀਅਰ ਅਧਿਕਾਰੀ ਨੂੰ ਦੋ ਵਿਭਾਗੀ ਜਾਂਚਾਂ `ਚੋਂ ਬਰੀ ਕਰਨ ਦੇ ਇਵਜ਼ਾਨੇ ਵਜੋਂ ਰਿਸ਼ਵਤ ਲੈ ਰਹੇ ਸਨ।` ਦੇਸ਼ਰਾਜ ਨੂੰ ਬਾਅਦ `ਚ ਮੁਅੱਤਲ ਕਰ ਦਿੱਤਾ ਗਿਆ ਸੀ।

 

ਵਧੀਕ ਜਿ਼ਲ੍ਹਾ ਤੇ ਸੈਸ਼ਨਜ਼ ਜੱਜ ਗਗਨਜੀਤ ਕੌਰ ਦੀ ਅਦਾਲਤ ਨੇ ਪੁਲਿਸ ਅਧਿਕਾਰੀ ਦੇਸ਼ਰਾਜ ਨੂੰ ਦੋਸ਼ੀ ਪਾਇਆ।

 

ਸੀਬੀਆਈ ਨੇ ਦੇਸ਼ਰਾਜ ਨੂੰ ਫੜਨ ਲਈ ਬਾਕਾਇਦਾ ਜਾਲ਼ ਵਿਛਾਇਆ ਸੀ। ਇਸ ਬਾਰੇ ਸਿ਼ਕਾਇਤ ਚੰਡੀਗੜ੍ਹ ਪੁਲਿਸ `ਚ ਸੈਕਟਰ 26 ਦੇ ਤਤਕਾਲੀਨ ਐੱਸਐੱਚਓ ਇੰਸਪੈਕਟਰ ਅਨੋਖ ਸਿੰਘ ਨੇ ਸਿ਼ਕਾਇਤ ਕੀਤੀ ਸੀ।

 

ਅਨੋਖ ਸਿੰਘ ਨੇ ਸੀਬੀਆਈ ਨੂੰ ਦਿੱਤੀ ਆਪਣੀ ਸਿ਼ਕਾਇਤ `ਚ ਕਿਹਾ ਸੀ ਕਿ ਉਹ ਇੱਕ ਵਿਧਾਇਕ ਦੀ ਰਿਹਾਇਸ਼ਗਾਹ `ਤੇ ਹੋਈ ਚੋਰੀ ਬਾਰੇ ਐੱਸਪੀ ਦੇਸ਼ਰਾਜ ਨੂੰ ਸਹੀ ਸਮੇਂ `ਤੇ ਸੂਚਿਤ ਕਰਨ ਤੋਂ ਨਾਕਾਮ ਰਿਹਾ ਸੀ; ਜਿਸ ਕਾਰਨ ਉਸ ਖਿ਼ਲਾਫ਼ ਕਾਨੂੰਨ ਦੀ ਉਲੰਘਣਾ ਤੇ ਸੀਨੀਅਰ ਅਧਿਕਾਰੀ ਦਾ ਸਹੀ ਢੰਗ ਨਾਲ ਹੁਕਮ ਨਾ ਮੰਨਣ ਜਿਹੇ ਦੋਸ਼ਾਂ ਦੀਆਂ ਇਨਕੁਆਇਰੀਆਂ ਚੱਲ ਰਹੀਆਂ ਸਨ।

 

ਐੱਸਐੱਚਓ ਅਨੋਖ ਸਿੰਘ ਖਿ਼ਲਾਫ਼ ਹੀ ਦੇਸ਼ਰਾਜ ਨੇ ਇੱਕ ਹੋਰ ਜਾਂਚ ਅਰੰਭ ਕੀਤੀ ਸੀ ਕਿ ਉਸ ਨੇ ਇੱਕ ਮਹਿਲਾ ਕਾਂਸਟੇਬਲ `ਤੇ ਹਮਲੇ ਦੇ ਮਾਮਲੇ ਦੀ ਸਹੀ ਢੰਗ ਨਾਲ ਜਾਂਚ ਨਹੀਂ ਕੀਤੀ ਸੀ। ਉਸ ਜਾਂਚ ਵਿੱਚ ਦੇਸ਼ਰਾਜ ਦਾ ਬਿਆਨ ਹਾਲੇ ਦਰਜ ਹੋਣਾ ਸੀ ਤੇ ਉਹ ਬਿਆਨ ਐੱਸਐੱਚਓ ਦੇ ਹੱਕ ਵਿੱਚ ਦਰਜ ਕਰਵਾਉਣ ਲਈ ਉਸ ਤੋਂ ਕਥਿਤ ਤੌਰ `ਤੇ 5 ਲੱਖ ਰੁਪਏ ਰਿਸ਼ਵਤ ਮੰਗੀ ਗਈ ਸੀ।

 

ਸੀਬੀਆਈ ਨੇ ਦੇਸ਼ਰਾਜ ਨੂੰ ਪਹਿਲੀ ਕਿਸ਼ਤ ਦੇ 1 ਲੱਖ ਰੁਪਏ ਲੈਂਦਿਆਂ ਗ੍ਰਿਫ਼ਤਾਰ ਕੀਤਾ ਸੀ। ਇੰਸਪੈਕਟਰ ਅਨੋਖ ਸਿੰਘ ਨੇ ਫ਼ੋਨ `ਤੇ ਦੇਸ਼ਰਾਜ ਵੱਲੋਂ ਉਸ ਤੋਂ ਮੰਗੀ ਰਿਸ਼ਵਤ ਦੀਆਂ ਆਡਿਓ ਰਿਕਾਰਡਿੰਗਜ਼ ਵੀ ਪੇਸ਼ ਕਰ ਦਿੱਤੀਆਂ ਸਨ।

 

ਅਦਾਲਤ `ਚ ਆਪਣੇ ਬਚਾਅ ਦੌਰਾਨ ਦੇਸ਼ਰਾਜ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਕਦੇ ਕਿਸੇ ਤੋਂ ਧਨ ਨਹੀਂ ਮੰਗਿਆ ਤੇ ਅਨੋਖ ਸਿੰਘ ਨੇ ਉਹ ਰਕਮ ਉਸ ਦੇ ਕਮਰੇ ਵਿੱਚ ਰੱਖ ਦਿੱਤੀ ਸੀ, ਜਦੋਂ ਉਹ ਖ਼ੁਦ ਕਿਸੇ ਹੋਰ ਕਮਰੇ `ਚ ਗਿਆ ਹੋਇਆ ਸੀ।

 

ਸੀਬੀਆਈ ਦੇ ਸਰਕਾਰੀ ਵਕੀਲ ਕੇ.ਪੀ. ਸਿੰਘ ਨੇ ਦੱਸਿਆ ਕਿ ਫ਼ਾਰੈਂਸਿਕ ਰਿਪੋਰਟ ਰਾਹੀਂ ਇਹ ਸਿੱਧ ਹੋ ਗਿਆ ਸੀ ਕਿ ਰਿਸ਼ਵਤ ਦੀ ਰਕਮ `ਤੇ ਐੱਸਪੀ ਦੀਆਂ ਉਂਗਲਾਂ ਦੇ ਨਿਸ਼ਾਨ ਪਾਏ ਗਏ ਸਨ ਕਿਉਂਕਿ ਨੋਟਾਂ `ਤੇ ਫ਼ੈਨੋਲਫ਼ਥਾਲੀਨ ਪਾਊਡਰ ਲੱਗਾ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh former SP Deshraj sentenced 3 years prison