ਬੀਤੇ ਦਿਨ ਚੰਡੀਗੜ੍ਹ ਦੇ ਸੈਕਟਰ-32 'ਚ ਸਥਿਤ ਇਕ ਪੀ.ਜੀ. 'ਚ ਆਚਾਨਕ ਅੱਗ ਲੱਗਣ ਕਾਰਨ ਤਿੰਨ ਕੁੜੀਆਂ ਦੀ ਮੌਤ ਹੋ ਗਈ ਸੀ। ਘਟਨਾ ਦੀ ਜਾਂਚ ਕਰਨ ਲਈ ਅੱਜ ਸੀਐਫਐਸਐਲ ਦੀ ਟੀਮ ਨੇ ਇਮਾਰਤ ’ਚ ਸੈਂਪਲ ਭਰੇ। ਇਸ ਮੌਕੇ ਘਟਨਾ ਵਾਲੀ ਥਾਂ ਦੀ ਵੀਡੀਓਗ੍ਰਾਫੀ ਵੀ ਕੀਤੀ ਗਈ। ਇਮਾਰਤ ਦੀ ਜਾਂਚ ਲਈ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚੇ।
ਮ੍ਰਿਤਕ ਕੁੜੀਆਂ ਦੀ ਪਹਿਚਾਣ ਰਿਆ, ਪਾਕਸ਼ੀ ਗਰੋਵਰ ਅਤੇ ਮੁਸਕਾਨ ਵਜੋਂ ਹੋਈ ਹੈ। ਪਾਕਸ਼ੀ ਪੰਜਾਬ ਦੇ ਕੋਟਕਪੂਰਾ ਦੀ ਰਹਿਣ ਵਾਲੀ ਸੀ। ਦੋ ਕੁੜੀਆਂ ਨੇ ਪਹਿਲੀ ਮੰਜਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਹ ਹਾਦਸਾ ਲੈਪਟਾਪ ਦਾ ਚਾਰਜਰ ਫਟਣ ਕਾਰਨ ਵਾਪਰਿਆ ਦੱਸਿਆ ਜਾ ਰਿਹਾ ਹੈ।
ਰਿਆ
ਜਾਣਕਾਰੀ ਮੁਤਾਬਕ ਇਹ ਕੁੜੀਆਂ ਸੁਪਨੇ ਪੂਰੇ ਕਰਨ ਲਈ ਆਪਣੇ ਪਰਿਵਾਰਾਂ ਤੋਂ ਦੂਰ ਇਥੇ ਰਹਿ ਰਹੀਆਂ ਸਨ ਪਰ ਉਨ੍ਹਾਂ ਨੂੰ ਨਹੀਂ ਸੀ ਪਤਾ ਕਿ ਉਨ੍ਹਾਂ ਦੇ ਸੁਪਨੇ ਅੱਗ 'ਚ ਸੜ ਕੇ ਸੁਆਹ ਹੋ ਜਾਣਗੇ। ਕੋਟਕਪੁਰਾ ਦੇ ਸਿਗਰੇਟ ਦੇ ਥੋਕ ਵਪਾਰੀ ਨਵਦੀਪ ਗਰੋਵਰ ਦੀ ਬੇਟੀ ਪਾਕਸ਼ੀ ਗਰੋਵਰ ਨੇ 2019 'ਚ 12ਵੀਂ ਕਮਰਸ 'ਚੋਂ 97.6 ਫੀਸਦੀ ਨੰਬਰਾਂ ਨਾਲ ਪਹਿਲਾਂ ਸਥਾਨ ਹਾਸਲ ਕੀਤਾ ਸੀ।
ਪਾਕਸ਼ੀ ਗਰੋਵਰ
ਆਲ ਇੰਡੀਆ ਕਾਮਰਸ ਟੈਲੇਂਟ ਸਰਚ ਪ੍ਰੀਖਿਆ 'ਚੋਂ ਪਾਕਸ਼ੀ ਦੇਸ਼ ਭਰ 'ਚੋਂ ਦੂਜੇ ਸਥਾਨ 'ਤੇ ਰਹੀ ਸੀ। ਇਸ ਸਾਲ ਭਾਰਤ ਸਰਕਾਰ ਵਲੋਂ ਗਣਤੰਤਰ ਦਿਵਸ 'ਤੇ ਸਨਮਾਨਿਤ ਕੀਤੇ ਜਾਣ ਲਈ ਮੰਗੀ ਗਈ ਸਕੂਲ ਟਾਪਰ ਵਿਦਿਆਰਥੀਆਂ ਦੀ ਲਿਸਟ 'ਚ ਵੀ ਉਸ ਦਾ ਨਾਮ ਭੇਜਿਆ ਗਿਆ ਸੀ। ਪਾਕਸ਼ੀ ਦੇ ਪਿਤਾ ਨੇ ਦੱਸਿਆ ਕਿ ਉਹ ਆਈਲੈਟਸ ਕਲੀਅਰ ਕਰਨ ਤੋਂ ਬਾਅਦ ਕੈਨੇਡਾ ਜਾਣ ਲਈ ਚੰਡੀਗੜ੍ਹ 'ਚ ਕੋਰਸ ਕਰ ਰਹੀ ਸੀ।
ਕਪੂਰਥਲਾ ਦੀ ਰਿਆ ਨੂੰ ਉਸ ਦੀ ਮਾਂ ਕਾਂਤਾ ਅਰੋੜਾ ਨੇ 6 ਮਹੀਨੇ ਪਹਿਲਾਂ ਚੰਡੀਗੜ੍ਹ 'ਚ ਫਰੈਂਚ ਭਾਸ਼ਾ ਸਿੱਖਣ ਲਈ ਭੇਜਿਆ ਸੀ। ਉਸ ਦੀ ਮਾਂ ਯੂਰਪ 'ਚ ਹੈ ਜਦਕਿ ਪਿਤਾ ਦੀ ਮੌਤ ਹੋ ਚੁੱਕੀ ਹੈ। ਵੱਡੀ ਭੈਣ ਲੰਡਨ 'ਚ ਹੈ ਅਤੇ ਰਿਆ ਨੇ ਵੀ 27 ਮਾਰਚ ਨੂੰ ਲੰਡਨ ਜਾਣਾ ਸੀ।
ਮੁਸਕਾਨ
ਹਿਸਾਰ ਵਾਸੀ ਮੁਸਕਾਨ ਸੈਕਟਰ-32 ਸਥਿਤ ਐਸ.ਡੀ. ਕਾਲਜ 'ਚ ਐਮ.ਕਾਮ. ਕਰ ਰਹੀ ਸੀ। ਅੱਗ ਲੱਗਣ ਨਾਲ ਤਿੰਨ ਲੜਕੀਆਂ 'ਚੋਂ ਦੋ ਦੀ ਸਾਹ ਘੁੱਟਣ ਅਤੇ ਇੱਕ ਦੀ ਮੌਤ ਝੁਲਸਣ ਨਾਲ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੁਸਕਾਨ ਦੀ ਮੌਤ ਅੱਗ 'ਚ ਝੁਲਸਣ, ਪਾਕਸ਼ੀ ਅਤੇ ਰੀਆ ਦੀ ਮੌਤ ਸਾਹ ਘੁੱਟਣ ਨਾਲ ਹੋਈ ਹੈ।