ਅੱਜ ਸਵੇਰੇ ਚੰਡੀਗੜ੍ਹ ’ਚ ਜਿਹੜੇ ਨੌਜਵਾਨ ਦੇ ਕੋਰੋਨਾ–ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ; ਉਹ ਚੰਡੀਗੜ੍ਹ ਦੇ ਇੱਕ ਉੱਚ–ਅਧਿਕਾਰੀ ਦਾ ਪੁੱਤਰ ਹੈ। ਇਸ ਪਾਜ਼ਿਟਿਵ ਨੌਜਵਾਨ ਦੇ ਅਧਿਕਾਰੀ ਪਿਤਾ ਨੂੰ ਬੀਤੀ 20 ਮਾਰਚ ਨੂੰ ਕੁਆਰਨਟੀਨ ਭਾਵ ਮੈਡੀਕਲ ਤੌਰ ’ਤੇ ਸ਼ੁੱਧ ਕੀਤਾ ਗਿਆ ਸੀ ਪਰ ਉਸ ਤੋਂ ਪਹਿਲਾਂ ਉਹ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਕਈ ਅਧਿਕਾਰੀਆਂ, ਨਗਰ ਨਿਗਮ ਤੇ CSCL ਦੇ ਬਹੁਤ ਸਾਰੇ ਅਧਿਕਾਰੀਆਂ ਤੇ ਮੁਲਾਜ਼ਮਾਂ ਦੇ ਸੰਪਰਕ ਵਿੱਚ ਆ ਚੁੱਕਾ ਸੀ। ਉਹ ਦਰਅਸਲ ਚੰਡੀਗੜ੍ਹ ਸਮਾਰਟ ਸਿਟੀ ਲਿਮਿਟੇਡ (CSCL) ਦਾ ਸੀਨੀਅਰ ਅਧਿਕਾਰੀ ਹੈ।
ਉਸੇ ਅਧਿਕਾਰੀ ਦੇ ਪੁੱਤਰ ਦੇ ਅੱਜ ਕੋਰੋਨਾ–ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋਈ ਹੈ। ਇਸ ਅਧਿਕਾਰੀ ਦਾ ਅੱਜ ਕੋਰੋਨਾ ਟੈਸਟ ਅੱਜ ਕੀਤਾ ਜਾ ਰਿਹਾ ਹੈ।
ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਜਿਹੜੇ ਨੌਜਵਾਨ ਦਾ ਕੋਰੋਨਾ ਟੈਸਟ ਪਾਜ਼ਿਟਿਵ ਆਇਆ ਹੈ; ਉਹ 23 ਸਾਲਾਂ ਦੀ ਉਸ ਔਰਤ ਦੇ ਅਸਿੱਧੇ ਸੰਪਰਕ ’ਚ ਰਿਹਾ ਸੀ; ਜਿਹੜੀ ਬੀਤੀ 15 ਮਾਰਚ ਨੂੰ ਇੰਗਲੈਂਡ ਤੋਂ ਆਈ ਸੀ ਤੇ 18 ਮਾਰਚ ਨੂੰ ਜਿਸ ਦਾ ਕੋਰੋਨਾ ਟੈਸਟ ਪਾਜ਼ਿਟਿਵ ਨਿੱਕਲਿਆ ਸੀ।
CSCL ਅਧਿਕਾਰੀ ਦਾ ਪੁੱਤਰ ਉਸ ਔਰਤ ਤੇ ਉਸ ਦੇ ਭਰਾ ਨੂੰ ਬੀਤੀ 16 ਮਾਰਚ ਨੂੰ ਮਿਲਿਆ ਸੀ। ਬੀਤੀ 20 ਮਾਰਚ ਨੂੰ ਉਸ ਔਰਤ ਦਾ ਭਰਾ ਵੀ ਕੋਰੋਨਾ ਪਾਜ਼ਿਟਿਵ ਪਾਇਆ ਗਿਆ ਸੀ। ਤਦ CSCL ਅਧਿਕਾਰੀ ਦੇ ਪੁੱਤਰ ਨੇ ਸ਼ਹਿਰ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੀ ਕਿ ਉਹ ਪਾਜ਼ਿਟਿਵ ਮਰੀਜ਼ਾਂ ਦੇ ਸੰਪਰਕ ’ਚ ਰਿਹਾ ਹੈ।
ਸ਼ੁੱਕਰਵਾਰ ਨੁੰ CSCL ਅਧਿਕਾਰੀ ਦੇ ਚਾਰ ਪਰਿਵਾਰਕ ਮੈਂਬਰਾਂ ਤੇ ਦੋ ਸਹਾਇਕਾਂ ਨੂੰ ਮੈਡੀਕਲ ਤੌਰ ’ਤੇ ਸ਼ੁੱਧ ਕੀਤਾ ਗਿਆ ਸੀ।
ਚੰਡੀਗੜ੍ਹ ਦੇ ਪਹਿਲੇ ਕੋਰੋਨਾ ਪਾਜ਼ਿਟਿਵ ਮਰੀਜ਼ ਦੇ ਸਿੱਧੇ ਤੇ ਅਸਿੱਧੇ ਸੰਪਰਕ ’ਚ ਕੁੱਲ 130 ਵਿਅਕਤੀ ਆਏ ਸਨ। ਉਨ੍ਹਾਂ ਵਿੱਚੋਂ ਛੇ ਜਣਿਆਂ ਦੇ ਕੋਰੋਨਾ ਪਾਜ਼ਿਟਿਵ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ; ਜਿਨ੍ਹਾਂ ਵਿੱਚ ਉਸ ਦੀ ਮਾਂ, ਭਰਾ ਤੇ ਰਸੋਈੲਆ ਸ਼ਾਮਲ ਹਨ। ਉਸ ਦਾ ਪਿਤਾ ਤੇ ਡਰਾਇਵਰ ਦਾ ਟੈਸਟ ਨੈਗੇਟਿਵ ਨਿੱਕਲਿਆ ਹੈ।
CSCL ਅਧਿਕਾਰੀ ਦੇ ਪੁੱਤਰ ਨੂੰ ਸੈਕਟਰ–32 ਸਥਿਤ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਕੋਰੋਨਾ ਲਈ ਉਸ ਦੇ ਟੈਸਟ ਪੀਜੀਆ–ਚੰਡੀਗੜ੍ਹ ’ਚ ਹੋਏ ਹਨ।
ਇੰਝ ਵੱਡੇ ਪੱਧਰ ’ਤੇ ਆਪਸੀ ਸੰਪਰਕਾਂ ਦੇ ਆਧਾਰ ਉੱਤੇ ਅਜਿਹਾ ਅਨੁਮਾਨ ਸਹਿਜੇ ਹੀ ਲਾਇਆ ਜਾ ਸਕਦਾ ਹੈ ਕਿ ਹਾਲੇ ਟ੍ਰਾਈ–ਸਿਟੀ ਵਿੱਚ ਹੋਰ ਵੀ ਕੋਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆ ਸਕਦੇ ਹਨ। ਇਹ ਸੰਭਾਵਨਾ ਭਾਵੇਂ ਕੁਝ ਨਕਾਰਾਤਮਕ ਜਾਪ ਸਕਦੀ ਹੈ ਪਰ ਇਸ ਸੰਭਾਵਨਾ ਤੋਂ ਇਨਕਾਰ ਵੀ ਨਹੀਂ ਕੀਤਾ ਜਾ ਸਕਦਾ।
ਅਸੀਂ ਇੱਕ ਦਿਨ ’ਚ ਪਤਾ ਨਹੀਂ ਕਿੰਨੇ ਵਿਅਕਤੀਆਂ ਨੂੰ ਮਿਲਦੇ ਹਾਂ ਤੇ ਇਹ ਵੀ ਪਤਾ ਨਹੀਂ ਸਾਹਮਣੇ ਵਾਲੇ ਕਿਹੜਾ ਵਿਅਕਤੀ ਕਿਸ ਵਾਇਰਸ ਦੀ ਲਾਗ ਤੋਂ ਪ੍ਰਭਾਵਿਤ ਹੋਵੇ।