ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਦੇ ਸਕੂਲ `ਚ ਵਿਦਿਆਰਥੀ ਦੇ ਰਿਸ਼ਤੇਦਾਰਾਂ ਨੇ ਅਧਿਆਪਕ ਨੂੰ ‘ਕੁੱਟਿਆ`

ਚੰਡੀਗੜ੍ਹ ਦੇ ਸਕੂਲ `ਚ ਵਿਦਿਆਰਥੀ ਦੇ ਰਿਸ਼ਤੇਦਾਰਾਂ ਨੇ ਅਧਿਆਪਕ ਨੂੰ ‘ਕੁੱਟਿਆ`

ਸੈਕਟਰ 45 ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ `ਚ ਅੱਜ ਵੀਰਵਾਰ ਨੂੰ ਇੱਕ ਵਿਦਿਆਰਥੀ ਦੇ ਪਰਿਵਾਰਕ ਮੈਂਬਰਾਂ ਨੇ ਸਕੂਲ ਕੈਂਪਸ ਦੇ ਅੰਦਰ ਇੱਕ ਅਧਿਆਪਕ ਨਾਲ ‘ਕੁੱਟਮਾਰ` ਕੀਤੀ। ਇਹ ਘਟਨਾ ਸਵੇਰੇ 11 ਵਜੇ ਦੀ ਹੈ। ਪਰਿਵਾਰ ਨੇ ਦੋਸ਼ ਲਾਇਆ ਕਿ ਸਕੂਲ ਵਿੱਚ ਅਨੁਸ਼ਾਸਨ ਨੂੰ ਕਾਇਮ ਰੱਖਣ ਲਈ ਇਹ ਅਧਿਆਪਕ ਜਿ਼ੰਮੇਵਾਰ ਹੈ ਤੇ ਉਸ ਨੇ ਪਹਿਲਾਂ ਉਨ੍ਹਾਂ ਦੇ ਬੱਚੇ ਨੂੰ ਬੁਰੀ ਤਰ੍ਹਾਂ ਕੁੱਟਿਆ ਸੀ।


ਭਾਵੇਂ ਦੋਵੇਂ ਧਿਰਾਂ ਵਿਚਾਲੇ ਸੈਕਟਰ 45 ਦੇ ਪੁਲਿਸ ਥਾਣੇ `ਚ ਸਮਝੌਤਾ ਹੋ ਗਿਆ ਹੈ ਪਰ ਇਸ ਦੌਰਾਨ ਸਿੱਖਿਆ ਵਿਭਾਗ ਨੇ ਇਸ ਸਾਰੇ ਮਾਮਲੇ ਬਾਰੇ ਪ੍ਰਿੰਸੀਪਲ ਤੋਂ ਰਿਪੋਰਟ ਤਲਬ ਕਰ ਲਈ ਹੈ।


ਸਕੂਲ ਸਿੱਖਿਆ ਬਾਰੇ ਡਾਇਰੈਕਟਰ ਰੁਬਿੰਦਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਘਟਨਾ ਬਾਰੇ ਸਕੂਲ ਤੋਂ ਰਿਪੋਰਟ ਮੰਗੀ ਹੈ। ਉਨ੍ਹਾਂ ਦੱਸਿਆ ਕਿ ਸਮਝੌਤਾ ਜਾ ਕੇ ਪੁਲਿਸ ਥਾਣੇ `ਚ ਹੋਇਆ ਹੈ, ਪ੍ਰਸ਼ਾਸਕੀ ਪੱਧਰ `ਤੇ ਨਹੀਂ ਹੋਇਆ।


ਜ਼ੇਰੇ ਗ਼ੌਰ ਅਧਿਆਪਕ ਹਿੰਦੀ ਵਿਸ਼ਾ ਪੜ੍ਹਾਉਂਦਾ ਹੈ ਅਤੇ ਪਿਛਲੇ 10 ਵਰ੍ਹਿਆਂ ਤੋਂ ਇਸ ਸਕੂਲ `ਚ ਕੰਟਰੈਕਟ ਆਧਾਰ `ਤੇ ਨਿਯੁਕਤ ਹੈ। ਉਸ ਨੂੰ ਸਕੂਲ `ਚ ਅਨੁਸ਼ਾਸਨ ਕਾਇਮ ਰੱਖਣ ਦੀ ਜਿ਼ੰਮੇਵਾਰੀ ਵੀ ਦਿੱਤੀ ਗਈ ਹੈ।


ਪ੍ਰਿੰਸੀਪਲ (ਵਧੀਕ ਇੰਚਾਰਜ) ਅਨੀਤਾ ਸ਼ਰਮਾ ਨੇ ਦੱਸਿਆ ਕਿ ਅਧਿਆਪਕ ਨੇ ਹਿਊਮੈਨਿਟੀਜ਼ ਸਟ੍ਰੀਮ ਦੇ ਦੋ ਵਿਦਿਆਰਥੀਆਂ ਨੂੰ ਝਿੜਕਿਆ ਸੀ ਕਿਉਂਕਿ ਉਨ੍ਹਾਂ ਨੇ ਅਨੁਸ਼ਾਸਨ ਤੋੜਿਆ ਸੀ। ਇੱਕ ਵਿਦਿਆਰਥੀ ਨੇ ਦੂਜੇ ਵਿਦਿਆਰਥੀ ਦਾ ਮੋਬਾਇਲ ਫ਼ੋਨ ਲੈ ਕੇ ਉਸ ਦੇ ਮਾਪਿਆਂ ਨੂੰ ਸੱਦ ਲਿਆ। ਜਦੋਂ ਇਹ ਘਟਨਾ ਵਾਪਰੀ, ਤਦ ਉਹ ਸਕੂਲ `ਚ ਨਹੀਂ ਸਨ।


ਸੂਤਰਾਂ ਅਨੁਸਾਰ ਵਿਦਿਆਰਥੀ ਦੇ ਮਾਪੇ, ਇੱਕ ਆਂਟੀ ਤੇ ਤਿੰਨ ਅੰਕਲ ਸਕੂਲ `ਚ ਇਹ ਆਖ ਕੇ ਦਾਖ਼ਲ ਹੋ ਗਏ ਕਿ ਉਨ੍ਹਾਂ ਦੇ ਬੱਚੇ ਦੀ ਸਿਹਤ ਠੀਕ ਨਹੀਂ ਹੈ। ਇੱਕ ਅੰਕਲ ਨੇ ਅਧਿਆਪਕ ਨੂੰ ਕਲਾਸ ਤੋਂ ਬਾਹਰ ਸੱਦਿਆ। ਦੂਜੇ ਅੰਕਲ ਨੇ ਅਧਿਆਪਕ ਨੂੰ ਹੈਲਮੈਟ ਨਾਲ ਮਾਰਨਾ ਸ਼ੁਰੂ ਕਰ ਦਿੱਤਾ। ਇਹ ਵੀ ਦੋਸ਼ ਹੈ ਕਿ ‘‘ਵਿਦਿਆਰਥੀ ਨੇ ਵੀ ਅਧਿਆਪਕ ਨੁੰ ਮਾਰਿਆ ਸੀ। ਤਦ ਦੇਖਾ-ਦੇਖੀ ਆਂਟੀ ਨੇ ਵੀ ਅਧਿਆਪਕ `ਤੇ ਆਪਣਾ ਹੱਥ ਸਾਫ਼ ਕਰਨਾ ਸ਼ੁਰੂ ਕਰ ਦਿੱਤਾ।``


ਜਦੋਂ ਇੱਕ ਅਧਿਆਪਕਾ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਉਸ ਅਧਿਆਪਕ ਨੁੰ ਬਚਾਉਣ ਦਾ ਜਤਨ ਕੀਤਾ, ਤਾਂ ਉੱਥੇ ਵੱਡੀ ਭੀੜ ਜਮ੍ਹਾ ਹੋ ਗਈ। ਉਹ ਸਾਰੇ ਪ੍ਰਿੰਸੀਪਲ ਦੇ ਦਫ਼ਤਰ ਕੋਲ ਚਲੇ ਗਏ। ਇੰਨੇ ਨੂੰ ਸਕੂਲ ਦੇ ਸੁਰੱਖਿਆ ਗਾਰਡ ਨੇ ਪੁਲਿਸ ਸੱਦ ਲਈ।


ਪੁਲਿਸ ਥਾਣੇ `ਚ ਜਾ ਕੇ ਪਰਿਵਾਰ ਤੇ ਅਧਿਆਪਕ ਵਿਚਾਲੇ ਸਮਝੌਤਾ ਹੋ ਗਿਆ। ਸੂਤਰਾਂ ਨੇ ਦੱਸਿਆ ਕਿ ਪਰਿਵਾਰ ਨੇ ਸਕੂਲ ਤੋਂ ਰਵਾਨਗੀ ਤੋਂ ਪਹਿਲਾਂ ਅਧਿਆਪਕ ਨੁੰ ਧਮਕੀਆਂ ਦਿੱਤੀਆਂ।


ਉਸ ਅਧਿਆਪਕ ਨੂੰ ਸਿੱਖਿਆ ਵਿਭਾਗ ਵੱਲੋਂ ਪਹਿਲਾਂ ਸ਼ਲਾਘਾ-ਪੱਤਰ ਵੀ ਮਿਲ ਚੁੱਕਾ ਹੈ ਕਿਉਂਕਿ ਉਸ ਦਾ ਆਪਣੇ ਵਿਸ਼ੇ `ਚ ਨਤੀਜਾ 100 ਫ਼ੀ ਸਦੀ ਰਿਹਾ ਸੀ।


ਇਸ ਦੌਰਾਨ ਅਧਿਆਪਕ ਜੱਥੇਬੰਦੀਆਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਯੂਟੀ ਕਾਡਰ ਵਿਦਿਅਕ ਮੁਲਾਜ਼ਮ ਯੂਨੀਅਨ ਸਵਰਨ ਕੰਬੋਜ ਨੇ ਕਿਹਾ ਕਿ ਇੰਝ ਅਧਿਆਪਕਾਂ ਨਾਲ ਕੁੱਟਮਾਰ ਕਰਨੀ ਜੁਰਮ ਹੈ। ਅਧਿਆਪਕਾਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਪ੍ਰਧਾਨ ਭਾਗ ਸਿੰਘ ਕੈਰੋਂ ਨੇ ਕਿਹਾ ਕਿ ਅਧਿਆਪਕਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣਾ ਸਿੱਖਿਆ ਵਿਭਾਗ ਦੀ ਜਿ਼ੰਮੇਵਾਰੀ ਹੈ।


ਸਰਵ ਸਿਖਸ਼ਾ ਅਭਿਆਨ ਅਧਿਆਪਕ ਕਲਿਆਣ ਐਸੋਸੀਏਸ਼ਨ ਦੇ ਪ੍ਰਘਾਨ ਅਰਵਿੰਦ ਰਾਣਾ ਨੇ ਕਿਹਾ ਕਿ ਮਾਪਿਆਂ ਤੇ ਲੜਕੇ ਦੇ ਰਿਸ਼ਤੇਦਾਰਾਂ ਖਿ਼ਲਾਫ਼ ਕੇਸ ਦਾਇਰ ਹੋਣਾ ਚਾਹੀਦਾ ਹੈ।


ਸਿੱਖਿਆ ਸਕੱਤਰ ਬੀਐੱਲ ਸ਼ਰਮਾ ਨੇ ਕਿਹਾ ਕਿ ਜੇ ਗ਼ਲਤੀ ਵਿਦਿਆਰਥੀ ਤੇ ਮਾਪਿਆਂ ਦੀ ਹੈ, ਤਦ ਅਸੀਂ ਉਨ੍ਹਾਂ ਖਿ਼ਲਾਫ਼ ਕਾਰਵਾਈ ਕਰਾਂਗੇ। ਅਸੀਂ ਅਧਿਆਪਕਾਂ ਦਾ ਮਨੋਬਲ ਡਿੱਗਣ ਨਹੀਂ ਦੇਵਾਂਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Chandigarh school teacher roughed up by student s family