ਮੋਗਾ ਦੇ ਸਾਬਕਾ ਐੱਸਐੱਸਪੀ (Ex-SSP) ਚਰਨਜੀਤ ਸ਼ਰਮਾ ਨੂੰ ਅੱਜ ਦੇਰ ਰਾਤੀਂ ਫ਼ਰੀਦਕੋਟ ਦੇ ਡਿਊਟੀ ਮੈਜਿਸਟ੍ਰੇਟ ਸਾਹਵੇਂ ਪੇਸ਼ ਕੀਤਾ ਗਿਆ। SIT ਅਧਿਕਾਰੀਆਂ ਦਾ ਪੱਖ ਜਾਣਨ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਨੇ ਚਰਨਜੀਤ ਸ਼ਰਮਾ ਨੂੰ 8 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ। ਹੁਣ 'ਵਿਸ਼ੇਸ਼ ਜਾਂਚ ਟੀਮ' (SIT - Special Investigation Team) ਸ਼ਰਮਾ ਨੂੰ ਆਉਂਦੀ 4 ਫ਼ਰਵਰੀ ਨੁੰ ਦੋਬਾਰਾ ਅਦਾਲਤ 'ਚ ਪੇਸ਼ ਕਰੇਗੀ।
ਜ਼ਿਕਰਯੋਗ ਹੈ ਕਿ ਅਕਤੂਬਰ 2015 ‘ਚ ਬਹਿਬਲ ਕਲਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਬੇਅਦਬੀਆਂ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸਨ, ਉਸ ਸਮੇਂ ਪ੍ਰਦਰਸ਼ਨਕਾਰੀਆਂ ਉਪਰ ਗੋਲੀਬਾਰੀ ਕੀਤੀ ਗਈ ਸੀ, ਜਿਸ ਵਿਚ ਦੋ ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ। ਉਸ ਸਮੇਂ ਮੋਗਾ ਦੇ ਐਸਐਸਪੀ ਚਰਨਜੀਤ ਸ਼ਰਮਾ ਪੁਲਿਸ ਦੀ ਅਗਵਾਈ ਕਰ ਰਹੇ ਸਨ।
ਮਿਲੀ ਜਾਣਕਾਰੀ ਅਨੁਸਾਰ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਅੱਜ ਸਵੇਰੇ 4:30 ਵਜੇ ਹੁਸਿਆਰਪੁਰ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਐਸਆਈਟੀ ਵੱਲੋਂ ਪੁੱਛਗਿੱਛ ਦੇ ਲਈ ਅੰਮ੍ਰਿਤਸਰ ਲਿਜਾਂਦਾ ਗਿਆ।
ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਬੇਅਦਬੀ ਨਾਲ ਜੁੜੇ ਸਾਰੇ ਕੇਸਾਂ ਦੀ ਜਾਂਚ ਐਸਆਈਟੀ ਵੱਲੋਂ ਕਰਨ ਨੂੰ ਲੈ ਕੇ ਆਏ ਫੈਸਲੇ ਤੋਂ ਬਾਅਦ ਐਸਆਈਟੀ ਨੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ 29 ਜਨਵਰੀ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ।