ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਰਨਜੀਤ ਸ਼ਰਮਾ ਨੂੰ ‘ਜਾਨ ਦੇ ਖ਼ਤਰੇ’ ਕਾਰਨ ਭੇਜਿਆ ਗਿਆ ਪਟਿਆਲਾ ਜੇਲ੍ਹ

ਚਰਨਜੀਤ ਸ਼ਰਮਾ ਨੂੰ ‘ਜਾਨ ਦੇ ਖ਼ਤਰੇ’ ਕਾਰਨ ਭੇਜਿਆ ਗਿਆ ਪਟਿਆਲਾ ਜੇਲ੍ਹ

ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਬਹਿਬਲ ਕਲਾਂ ਵਿਖੇ ਸ਼ਾਂਤੀਪੂਰਨ ਢੰਗ ਨਾਲ ਰੋਸ ਮੁਜ਼ਾਹਰਾ ਕਰ ਰਹੇ ‘ਨਿਰਦੋਸ਼ ਲੋਕਾਂ ਦੀ ਭੀੜ ਉੱਤੇ ਗੋਲ਼ੀਆਂ ਚਲਾ ਕੇ ਦੋ ਜਣਿਆਂ ਦੀ ਜਾਨ ਲੈਣ ਵਾਲੇ’ ਸੇਵਾ–ਮੁਕਤ ਪੁਲਿਸ ਅਧਿਕਾਰੀ ਚਰਨਜੀਤ ਸਿੰਘ ਸ਼ਰਮਾ ਨੂੰ ਹੁਣ ਆਪਣੀ ਖ਼ੁਦ ਦੀ ਜਾਨ ਖ਼ਤਰੇ ਵਿੱਚ ਜਾਪਦੀ ਹੈ। ਉਸ ਨੂੰ ਅੱਜ 14 ਦਿਨਾਂ ਦੀ ਨਿਆਇਕ ਹਿਰਾਸਤ ਲਈ ਫ਼ਰੀਦਕੋਟ ਜੇਲ੍ਹ ਦੀ ਥਾਂ ਪਟਿਆਲ਼ਾ ਜੇਲ੍ਹ ਵਿੱਚ ਭੇਜਿਆ ਗਿਆ ਹੈ।

 

 

ਜੁਡੀਸ਼ੀਅਲ ਮੈਜਿਸਟ੍ਰੇਟ ਚੇਤਨ ਸ਼ਰਮਾ ਦੀ ਅਦਾਲਤ ਨੇ ਮੋਗਾ ਦੇ ਸਾਬਕਾ ਐੱਸਐੱਸਪੀ ਚਰਨਜੀਤ ਸ਼ਰਮਾ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ। ਸ਼ਰਮਾ ਨੂੰ ਬੀਤੀ 27 ਜਨਵਰੀ ਨੂੰ ‘ਵਿਸ਼ੇਸ਼ ਜਾਂਚ ਟੀਮ’ (SIT) ਨੇ ਹੁਸ਼ਿਆਰਪੁਰ ਸਥਿਤ ਉਸ ਦੀ ਮਹਿਲਨੁਮਾ ਕੋਠੀ ’ਚੋਂ ਗ੍ਰਿਫ਼ਤਾਰ ਕੀਤਾ ਸੀ। ਬਾਅਦ ਵਿੱਚ ਅਦਾਲਤ ਨੇ ਉਸ ਨੂੰ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਸੀ।

 

 

ਚਰਨਜੀਤ ਸਿੰਘ ਸ਼ਰਮਾ ਦੇ ਵਕੀਲ ਨੇ ਅਦਾਲਤ ਸਾਹਵੇਂ ਅੱਜ ਇੱਕ ਅਰਜ਼ੀ ਦਾਖ਼ਲ ਕੀਤੀ ਸੀ; ਜਿਸ ਵਿੱਚ ਬੇਨਤੀ ਕੀਤੀ ਗਈ ਸੀ ਕਿ ਚਰਨਜੀਤ ਸ਼ਰਮਾ ਨੂੰ ਫ਼ਰੀਦਕੋਟ, ਬਠਿੰਡਾ ਤੇ ਮੋਗਾ ਸਥਿਤ ਜੇਲ੍ਹਾਂ ਨੂੰ ਛੱਡ ਕੇ ਪੰਜਾਬ ਦੇ ਕਿਸੇ ਵੀ ਹੋਰ ਸ਼ਹਿਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਜਾਵੇ। ਅਰਜ਼ੀ ਵਿੱਚ ਲਿਖਿਆ ਹੈ ਕਿ ਚਰਨਜੀਤ ਸ਼ਰਮਾ ਕਿਉਂਕਿ ਪਹਿਲਾਂ ਮੋਗਾ ਤੇ ਫ਼ਰੀਦਕੋਟ ਦੇ ਐੱਸਐੱਸਪੀ ਰਹਿ ਚੁੱਕਾ ਹੈ, ਇਸ ਲਈ ਇਨ੍ਹਾਂ ਜੇਲ੍ਹਾਂ ਵਿੱਚ ਉਹ ਸੁਰੱਖਿਅਤ ਨਹੀਂ ਹੈ।

 

 

ਬਚਾਅ ਪੱਖ ਦੇ ਵਕੀਲ ਨੇ ਆਪਣੀ ਦਲੀਲ ਦੇ ਹੱਕ ਵਿੱਚ ਪੰਜਾਬ ਦੀਆਂ ਖ਼ੁਫ਼ੀਆ ਏਜੰਸੀਆਂ ਦੀ ਇੱਕ ਚਿੱਠੀ ਵੀ ਪੇਸ਼ ਕੀਤੀ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਚਰਨਜੀਤ ਸਿੰਘ ਸ਼ਰਮਾ ਦੀ ਜਾਨ ਨੂੰ ਖ਼ਤਰਾ ਹੈ।

 

 

ਉੱਧਰ ਸਰਕਾਰੀ ਵਕੀਲ ਪੰਕਜ ਤਨੇਜਾ ਨੇ ਬਚਾਅ ਪੱਖ ਦੇ ਵਕੀਲ ਦਾ ਵਿਰੋਧ ਕੀਤਾ ਤੇ ਅਦਾਲਤ ਵਿੱਚ ਤੁਰੰਤ ਇੱਕ ਲਿਖਤੀ ਜਵਾਬ ਦਾਖ਼ਲ ਕੀਤਾ ਕਿ ਪੰਜਾਬ ਸਰਕਾਰ ਫ਼ਰੀਦਕੋਟ ਦੀ ਜੇਲ੍ਹ ਵਿੱਚ ਮੁਲਜ਼ਮ ਚਰਨਜੀਤ ਸਿੰਘ ਸ਼ਰਮਾ ਦੀ ਸੁਰੱਖਿਆ ਤੇ ਸਲਾਮਤੀ ਨੂੰ ਯਕੀਨੀ ਬਣਾਏਗੀ।

 

 

ਇਸ ਦੌਰਾਨ ਅੱਜ ਜਦੋਂ ਚਰਨਜੀਤ ਸਿੰਘ ਸ਼ਰਮਾ ਅਦਾਲਤ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਿਆ, ਤਾਂ ਉਹ ਕੁਝ ਭਾਵੁਕ ਵੀ ਹੋ ਗਿਆ।

 

 

ਪਰ ਅਦਾਲਤ ਨੇ ਚਰਨਜੀਤ ਸਿੰਘ ਸ਼ਰਮਾ ਦੇ ਵਕੀਲ ਦੀ ਅਰਜ਼ੀ ਮੁੱਢੋਂ ਰੱਦ ਕਰ ਦਿੱਤੀ ਤੇ ਉਸ ਨੂੰ ਸਿਵਲ ਹਸਪਤਾਲ ਵਿੱਚ ਮੈਡੀਕਲ ਨਿਰੀਖਣ ਤੋਂ ਬਾਅਦ ਫ਼ਰੀਦਕੋਟ ਦੀ ਆਧੁਨਿਕ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਬਾਅਦ ਵਿੱਚ ਫ਼ਰੀਦਕੋਟ ਜੇਲ੍ਹ ਦੇ ਅਧਿਕਾਰੀਆਂ ਨੇ ਵਧੀਕ ਡਾਇਰੈਕਟਰ ਜਨਰਲ (ਜੇਲ੍ਹਾਂ) ਨੂੰ ਲਿਖਤੀ ਚਿੱਠੀ ਭੇਜ ਕੇ ਆਖਿਆ ਕਿ ਸੁਰੱਖਿਆ ਕਾਰਨਾਂ ਕਰ ਕੇ ਉਸ ਨੂੰ ਫ਼ਰੀਦਕੋਟ ਜੇਲ੍ਹ ਵਿੱਚੋਂ ਕਿਤੇ ਹੋਰ ਤਬਦੀਲ ਕਰ ਦਿੱਤਾ ਜਾਵੇ। ਉਸ ਤੋਂ ਬਾਅਦ ਮਨਜ਼ੂਰੀ ਮਿਲਣ ’ਤੇ ਉਸ ਨੂੰ ਪਟਿਆਲਾ ਦੀ ਜੇਲ੍ਹ ਵਿੱਚ ਸ਼ਿਫ਼ਟ ਕੀਤਾ ਗਿਆ।

 

 

ਏਡੀਜੀਪੀ (ਜੇਲ੍ਹਾਂ) ਰੋਹਿਤ ਚੌਧਰੀ ਨੇ ਇਸ ਸਾਰੇ ਘਟਨਾਕ੍ਰਮ ਦੀ ਪੁਸ਼ਟੀ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Charanjit Sharma sent to Patiala Jail due to security reasons