ਮੋਹਾਲੀ ਦੀ ਇੱਕ ਅਦਾਲਤ `ਚ ਅੱਜ ‘ਕ੍ਰਾਈਮ ਇਨਵੈਸਟੀਗੇਟਿੰਗ ਏਜੰਸੀ` (ਸੀਆਈਏ) ਦੇ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਤੇ ਤਿੰਨ ਹੋਰਨਾਂ ਖਿ਼ਲਾਫ਼ ਦੋਸ਼ ਆਇਦ ਕੀਤੇ ਗਏ। ਪੁਲਿਸ ਨੇ ਜੂਨ 2017 `ਚ ਇਸ 'ਇੰਸਪੈਕਟਰ' ਨੂੰ 4 ਕਿਲੋਗ੍ਰਾਮ ਹੈਰੋਇਨ ਸਮੇਤ ਕਪੂਰਥਲਾ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਇਲਾਵਾ ਸਪੈਸ਼ਲ ਟਾਸਕ ਫ਼ੋਰਸ ਨੇ ਉਸ ਦੇ ਫ਼ਗਵਾੜਾ ਸਥਿਤ ਸਰਕਾਰੀ ਕੁਆਰਟਰ `ਚੋਂ ਇੱਕ ਏਕੇ-47 ਰਾਈਫ਼ਲ ਤੇ ਹੋਰ ਗੋਲੀ-ਸਿੱਕਾ ਅਤੇ 16 ਲੱਖ ਰੁਪਏ ਨਕਦ ਬਰਾਮਦ ਹੋਏ ਸਨ।
ਜਾਂਚ ਦੌਰਾਨ ਇਹ ਬਰਖ਼ਾਸਤ ਪੁਲਿਸ ਇੰਸਪੈਕਟਰ ਡ੍ਰੱਗ ਮਾਫ਼ੀਆ ਨਾਲ ਆਪਣੇ ਕਥਿਤ ਸਬੰਧਾਂ ਬਾਰੇ ਇਕਬਾਲ ਕਰ ਚੁੱਕਾ ਹੈ ਤੇ ਉਸ ਨੇ ਤਿੰਨ ਹੋਰ ਵਿਅਕਤੀਆਂ ਗੰਨਮੈਨ ਏਐੱਸਆਈ ਅਜਾਇਬ ਸਿੰਘ, ਸਾਬਕਾ ਫ਼ੌਜੀ ਸਾਹਿਬ ਸਿੰਘ ਤੇ ਉਸ ਦੇ ਰਿਸ਼ਤੇਦਾਰ ਬਲਵਿੰਦਰ ਸਿੰਘ ਦਾ ਨਾਂਅ ਲਿਆ ਸੀ। ਇੰਦਰਜੀਤ ਸਿੰਘ ਨੂੰ ਪਿਛਲੇ ਵਰ੍ਹੇ ਹੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।
ਇਨ੍ਹਾਂ ਚਾਰਾਂ ਖਿ਼ਲਾਫ਼ ਹਥਿਆਰ ਤੇ ਨਸ਼ੀਲਾ ਪਦਾਰਥ ਰੱਖਣ ਦੇ ਕੇਸ ਦਰਜ ਕੀਤੇ ਗਏ ਸਨ। ਇਸ ਮਾਮਲੇ `ਚ ਪਿਛਲੇ ਵਰ੍ਹੇ 500 ਪੰਨਿਆਂ ਦਾ ਚਲਾਨ ਪੇਸ਼ ਕੀਤਾ ਗਿਆ ਸੀ, ਜਿਸ ਵਿੱਚ 56 ਗਵਾਹਾਂ ਦੇ ਬਿਆਨ ਦਰਜ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ ਹੈ।