ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਵੱਲੋਂ ਦਿੱਤੇ ਗਏ ਐਤਵਾਰ ਨੂੰ ਕੋਟਕਪੂਰਾ `ਚ ਰੋਸ ਮਾਰਚ ਦੇ ਸੱਦੇ ਕਾਰਨ ਫ਼ਰੀਦਕੋਟ ਜਿ਼ਲ੍ਹਾ ਪੁਲਿਸ ਨੇ ਸ਼ਹਿਰ `ਚ ਸਖ਼ਤ ਸੁਰੱਖਿਆ ਇੰਤਜ਼ਾਮ ਕੀਤੇ ਹਨ। ਪੁਲਿਸ ਨੇ ਕਈ ਸੜਕਾਂ ਦੇ ਰੂਟ ਇੱਧਰ-ਉੱਧਰ ਕੀਤੇ ਹਨ; ਤਾਂ ਜੋ ਕਿਤੇ ਸ਼੍ਰੋਮਣੀ ਅਕਾਲੀ ਦਲ, ਕਾਂਗਰਸ, ਆਮ ਆਦਮੀ ਪਾਰਟੀ ਤੇ ਪੰਥਕ ਜੱਥੇਬੰਦੀਆਂ ਦੇ ਕਾਰਕੁੰਨਾਂ ਵਿਚਾਲੇ ਕਿਸੇ ਤਰ੍ਹਾਂ ਦਾ ਟਕਰਾਅ ਪੈਦਾ ਨਾ ਹੋਵੇ। ਪੁਲਿਸ ਨੇ 1,500 ਤੋਂ ਵੱਧ ਪੁਲਿਸ ਮੁਲਾਜ਼ਮ ਕੋਟਕਪੂਰਾ ਸ਼ਹਿਰ ਦੇ ਚੱਪੇ-ਚੱਪੇ `ਤੇ ਤਾਇਨਾਤ ਕਰ ਦਿੱਤੇ ਹਨ। ਇਨ੍ਹਾਂ ਵਿੱਚ ਰੈਪਿਡ ਐਕਸ਼ਨ ਫ਼ੋਰਸ ਦੀਆਂ ਚਾਰ ਕੰਪਨੀਆਂ ਵੀ ਸ਼ਾਮਲ ਹਨ। ਇਸ ਰੋਸ ਮਾਰਚ ਦੀ ਖ਼ਾਸੀਅਤ ਇਹ ਹੋਵੇਗੀ ਕਿ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਮੌਜੂਦਾ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਤੇ ਆਹਮੋ-ਸਾਹਮਣੇ ਤਾਂ ਹੋਣਗੇ ਪਰ ਦੋਵੇਂ ਧੜੇ ਇੱਕ-ਦੂਜੇ ਦੇ ਰੋਸ ਮਾਰਚ ਤੇ ਧਰਨੇ ਵਿੱਚ ਸ਼ਾਮਲ ਨਹੀਂ ਹੋਣਗੇ।
ਫ਼ਰੀਦਕੋਟ ਦੇ ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਸੁਰੱਖਿਆ ਇੰਤਜ਼ਾਮਾਂ ਦੀ ਨਿਗਰਾਨੀ ਲਈ 6 ਐੱਸਪੀਜ਼ ਤੇ 12 ਡੀਐੱਸਪੀਜ਼ ਦੀ ਡਿਊਟੀ ਲਾਈ ਗਈ ਹੈ। ਜਿ਼ਲ੍ਹੇ `ਚ 30 ਚੈੱਕ ਨਾਕੇ ਲਾਏ ਗਏ ਹਨ। ਲੰਬੀ ਤੇ ਪਟਿਆਲਾ ਰੈਲੀ ਲਈ ਜਾਣ ਵਾਲਿਆਂ ਨੂੰ ਵੀ ਕਿਸੇ ਕਿਸਮ ਦੀ ਕੋਈ ਔਖਿਆਈ ਪੇਸ਼ ਨਾ ਆਵੇ - ਅਜਿਹੇ ਇੰਤਜ਼ਾਮ ਕਰਨ ਦਾ ਦਾਅਵਾ ਪੁਲਿਸ ਨੇ ਕੀਤਾ ਹੈ।
ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਸੁਖਪਾਲ ਸਿੰਘ ਖਹਿਰਾ ਤੇ ਸਮਾਨਾਂਤਰ (ਮੁਤਵਾਜ਼ੀ) ਜੱਥੇਦਾਰਾਂ ਤੇ ਕੁਝ ਕੱਟੜ ਕਿਸਮ ਦੀਆਂ ਜੱਥਬੰਦੀਆਂ ਵੱਲੋਂ ਸੰਗਤਾਂ ਨੂੰ ਇਸ ਰੋਸ ਮਾਰਚ `ਚ ਵੱਧ ਤੋਂ ਵੱਧ ਹਾਜ਼ਰੀ ਲਵਾਉਣ ਦਾ ਸੱਦਾ ਦਿੱਤਾ ਗਿਆ ਹੈ।
ਇਹ ਰੋਸ ਮਾਰਚ ਕੋਟਕਪੂਰਾ ਦੀ ਅਨਾਜ ਮੰਡੀ ਤੋਂ ਸਵੇਰੇ 10 ਵਜੇ ਸ਼ੁਰੂ ਹੋਵੇਗਾ ਤੇ ਬਰਗਾੜੀ `ਚ ਰੋਸ ਧਰਨੇ ਵਾਲੀ ਥਾਂ `ਤੇ ਜਾ ਕੇ ਸੰਪੰਨ ਹੋਵੇਗਾ। ਉੱਥੇ ਸ੍ਰੀ ਖਹਿਰਾ ਤੇ ਹੋਰ ਬੁਲਾਰੇ ਮੌਜੂਦ ਇਕੱਠ ਨੂੰ ਸੰਬੋਧਨ ਕਰਨਗੇ। ਜਨਤਾ ਲਈ ਬਰਗਾੜੀ ਦੀ ਅਨਾਜ ਮੰਡੀ `ਚ ਖ਼ਾਸ ਇੰਤਜ਼ਾਮ ਕੀਤੇ ਗਏ ਹਨ।
ਬਰਗਾੜੀ ਦੇ ਰੋਸ ਧਰਨੇ `ਤੇ ਭਲਕੇ ਐਤਵਾਰ ਨੂੰ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਆਗੂ, ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਨਾਲ-ਨਾਲ ਹਲਕਾ ਇੰਚਾਰਜ ਵੀ ਪੁੱਜਣਗੇ। ਪਾਰਟੀ ਆਗੂ ਬਰਗਾੜੀ ਤੇ ਬਹਿਬਲ ਕਲਾਂ ਗੋਲੀਕਾਂਡ ਦੇ ਦੋਸ਼ੀਆਂ ਖਿ਼ਲਾਫ਼ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਕੋਟਕਪੂਰਾ ਦੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਦੱਸਿਆ ਕਿ ਇੱਕ ਸਿੱਖ ਹੋਣ ਦੇ ਨਾਤੇ ਇਸ ਮੋਰਚੇ ਨੂੰ ਹਮਾਇਤ ਦੇਣਾ ਉਂਝ ਵੀ ਨੈਤਿਕ ਫ਼ਰਜ਼ ਹੈ।
ਉੱਧਰ ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਆਗੂ ਸ੍ਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੇਅਦਬੀ ਕਾਂਡ ਜਿਹੇ ਨਾਜ਼ੁਕ ਮੁੱਦੇ `ਤੇ ਕੁਝ ਗੰਭੀਰ ਨਹੀਂ ਜਾਪਦੇ। ਉਨ੍ਹਾਂ ਦੱਸਿਆ ਕਿ ਬਰਗਾੜੀ `ਚ ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਸਿੱਖ ਵਿਧਾਇਕ ਵੀ ਪੁੱਜਣਗੇ। ਸ੍ਰੀ ਚੀਮਾ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ `ਚ ਸੁਖਪਾਲ ਸਿੰਘ ਖਹਿਰਾ ਦੇ ਰੋਸ ਮਾਰਚ ਦਾ ਹਿੱਸਾ ਨਹੀਂ ਹੋਣਗੇ।