ਪੰਜਾਬ ਵਿਧਾਨ ਸਭਾ `ਚ ਵਿਰੋਧੀ ਧਿਰ ਦੇ ਨਵੇਂ ਆਗੂ ਹਰਪਾਲ ਸਿੰਘ ਚੀਮਾ ਨੇ ਕਿਾ ਹੈ ਕਿ ਲੋਕ ਇਨਸਾਫ਼ ਪਾਰਟੀ ਦੇ ਬੈਂਸ ਭਰਾ ਮੌਕਾਪ੍ਰਸਤ ਹਨ ਅਤੇ ਉਨ੍ਹਾਂ ਆਪਣੀ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਤੇ ਕਾਰਕੁੰਨਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦੋਵੇਂ ਭਰਾਵਾਂ ਤੋਂ ਬਚ ਕੇ ਰਹਿਣ।
ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਲਵਿੰਦਰ ਸਿੰਘ ਬੈਂਸ ਤੇ ਉਨ੍ਹਾਂ ਦੇ ਛੋਟੇ ਭਰਾ ਸਿਮਰਜੀਤ ਸਿੰਘ ਬੈਂਸ ਦੀ ਕੋਈ ਭਰੋਸੇਯੋਗਤਾ ਹੀ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਸਿਆਸੀ ਕਰੀਅਰ ਦੌਰਾਨ ਆਪਣੀਆਂ ਪਾਰਟੀ ਵਫ਼ਾਦਾਰੀਆਂ ਨੌਂ ਵਾਰ ਬਦਲੀਆਂ ਹਨ।
ਹਰਪਾਲ ਸਿੰਘ ਚੀਮਾ ਨੇ ‘ਹਿੰਦੁਸਤਾਨ ਟਾਈਮਜ਼` ਨਾਲ ਗੱਲਬਾਤ ਦੌਰਾਨ ਕਿਹਾ,‘‘ਬਲਵਿੰਦਰ ਸਿੰਘ ਨੇ ਆਪਣਾ ਸਿਆਸੀ ਕਰੀਅਰ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠਲੇ ਸ਼੍ਰੋਮਣੀ ਅਕਾਲੀ ਦਲ-ਅੰਮ੍ਰਿਤਸਰ ਤੋਂ ਅਰੰਭ ਕੀਤਾ ਸੀ। ਫਿਰ ਉਹ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਜਾ ਰਲ਼ੇ। ਫਿਰ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲ ਹੱਥ ਮਿਲਾਏ ਪਰ ਉਸ ਗੱਠਜੋੜ ਦੌਰਾਨ ਉਨ੍ਹਾਂ ਰਾਸ਼ਟਰਪਤੀ ਦੇ ਅਹੁਦੇ ਲਈ ਐੱਨਡੀਏ ਦੇ ਉਮੀਦਵਾਰ ਨੂੰ ਵੋਟ ਪਾਈ।``
ਹਰਪਾਲ ਸਿੰਘ ਚੀਮਾ ਨੇ ਕਿਹਾ,‘ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਇਸ ਵੇਲੇ ਸੁਖਪਾਲ ਸਿੰਘ ਖਹਿਰਾ ਨੂੰ ਆਪਣੀ ਹਮਾਇਤ ਦੇ ਰਹੇ ਹਨ, ਉਨ੍ਹਾਂ ਖਿ਼ਲਾਫ਼ ਪਾਰਟੀ ਵੱਲੋਂ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ ਜਾਵੇਗੀ। ਸੁਖਪਾਲ ਖਹਿਰਾ ਮੇਰੇ ਵੱੇ ਭਰਾ ਵਾਂਗ ਹਨ।`
ਹਰਪਾਲ ਸਿੰਘ ਚੀਮਾ ਨੇ ਕਿਹਾ ਅਜਿਹੀ ਕੋਈ ਗੱਲ ਨਹੀਂ ਹੈ ਕਿ ਉਹ ਦਿੱਲੀ ਸਥਿਤ ਪਾਰਟੀ ਦੀ ਲੀਡਰਸਿ਼ਪ ਦੇ ਨੇੜੇ ਹਨ, ਇਸ ਲਈ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਕਿਸੇ ਅਜਿਹੇ ਚਿਹਰੇ ਦੀ ਲੋੜ ਸੀ, ਜਿਹੜੀ ਦਲਿਤ ਮੁੱਦੇ ਚੁੱਕ ਸਕੇ ਕਿਉਂਕਿ ਦਲਿਤ ਭਾਈਚਾਰੇ ਖਿ਼ਲਾਫ਼ ਵਧੀਕੀਆਂ ਦੇ ਮਾਮਲੇ ਤਦ ਤੋਂ ਵਧਦੇ ਜਾ ਰਹੇ ਹਨ, ਜਦ ਤੋਂ ਕੇਂਦਰ `ਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕਾਇਮ ਹੋਈ ਹੈ।
ਵਕੀਲ ਤੋਂ ਸਿਆਸਤਦਾਨ ਬਣੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਉਸ ਜ਼ਮੀਨ ਘੁਟਾਲੇ ਨਾਲ ਸਬੰਧਤ ਅਦਾਲਤੀ ਫ਼ੈਸਲੇ ਨੂੰ ਚੁਣੌਤੀ ਦੇਵੇਗੀ, ਜਿਸ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਾਹਤ ਮਿਲੀ ਹੈ।
ਇਸ ਦੌਰਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸਹਿ-ਪ੍ਰਧਾਨ ਬਲਬੀਰ ਸਿੰਘ ਨੇ ਸਨਿੱਚਰਵਾਰ ਨੂੰ ਜਾਰੀ ਆਪਣੇ ਇੱਕ ਬਿਆਨ `(ਚ ਕਿਹਾ ਹੈ ਕਿ ਬੈਂਸ ਭਰਾ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਤੋੜਨ ਦੇ ਜਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਗੱਠਜੋੜ ਸਮੇਂ ਬੈਂਸ ਭਰਾਵਾਂ ਨੇ ਗੱਠਜੋੜ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਸੀ।
ਉੱਧਰ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਨਾਲੋਂ ਆਪਣਾ ਗੱਠਜੋੜ ਉਸੇ ਦਿਨ ਤੋਂ ਤੋੜ ਲਿਆ ਸੀ, ਜਿਸ ਦਿਨ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਸਾਬਕਾ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਨਸ਼ੇ ਦੀ ਕਥਿਤ ਸਮੱਗਲਿੰਗ ਨਾਲ ਸਬੰਧਤ ਮਾਮਲੇ ਵਿੱਚ ਮੁਆਫ਼ੀ ਮੰਗੀ ਸੀ।
ਹਰਪਾਲ ਸਿੰਘ ਚੀਮਾ ਵੱਲੋਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਭਰਾ ਨੂੰ ਮੌਕਾਪ੍ਰਸਤ ਆਖੇ ਜਾਣ ਦੇ ਮਾਮਲੇ `ਤੇ ਟਿੱਪਣੀ ਕਰਦਿਆਂ ਸਿਮਰਜੀਤ ਸਿੰਘ ਬੈਂਸ ਹੁਰਾਂ ਕਿਹਾ,‘ਮੈਂ ਅਜਿਹੇ ਕਿਸੇ ਪੱਪੂ `ਤੇ ਕੋਈ ਟਿੱਪਣੀ ਨਹੀਂ ਕਰਨੀ ਚਾਹੁੰਦਾ, ਜਿਸ ਵਿੱਚ ਕੋਈ ਯੋਗਤਾ ਨਹੀਂ ਹੈ।`